ਰੁਤਬੇ ਦੀਆਂ ਜੁਰਾਬਾਂ ਲਾਹ ਕੇ ਮਿਲਣ ਵਾਲਾ ਬੀਰ ਦੇਵਿੰਦਰ ਸਿੰਘ ਤੁਰ ਗਿਆ : ਗੁਰਭਜਨ ਗਿੱਲ

ਲੁਧਿਆਣਾ, 01 ਜੁਲਾਈ : ਬੜੇ ਚਿਰਾਂ ਬਾਦ ਕਿਸੇ ਸਿਆਸਤ ਪਾਂਧੀ ਦੇ ਮਰਨ ਤੇ ਦਿਲ ਡੁੱਬਿਆ ਹੈ। ਅਸਲ ਚ ਉਹ ਸਿਆਸਤ ਚ ਜ਼ਰੂਰ ਸੀ ਪਰ ਸਿਆਸਤੀ ਨਹੀਂ ਸੀ। ਸੁਭਾਸ਼ ਚੰਦਰ ਬੋਸ ਦੇ ਬੋਲ ਏਕਲਾ ਚਲੋ ਰੇ
ਉਸ ਨੇ ਸਾਹੀਂ ਰਮਾ ਲਏ ਸਨ। ਉਹ ਯਾਰਾਂ ਦਾ ਯਾਰ ਸੀ ਪਰ ਸਿਆਸਤ ਚ ਇੱਕ ਪੁਰਖੀ ਕਾਫ਼ਲਾ ਸੀ।
ਬਹੁਤ ਸਾਰੇ ਲੋਕਾਂ ਲਈ ਉਹ ਦਲ ਬਦਲੀ ਕਰਕੇ ਸੱਤਾ ਦੇ ਆਖ਼ਰੀ ਡੰਡੇ ਤੀਕ ਨਾ ਪਹੁੰਚਿਆ, ਪਰ ਆਪਣੀਆਂ ਸ਼ਰਤਾਂ ਤੇ ਜੀਣ ਵਾਲੀ ਧਰਤੀ ਹੋਰ ਹੁੰਦੀ ਹੈ।

ਉਹ ਤਾਂ ਰੱਤ ਪੀਣਿਆਂ ਦੇ ਟੱਬਰ ਚ ਤਾਕਤ ਭਾਲਦਾ ਸੀ, ਜਿੱਥੇ ਸ਼ਬਦ, ਸੁਰ, ਸਲੀਕਾ ਤੇ ਸੁਹਜ ਬਾਹਰ ਰੱਖ ਕੇ ਆਉਣਾ ਪੈਂਦਾ ਹੈ।


ਸੱਤਾਧਾਰੀਆਂ ਨੇ ਫ਼ੈਜ਼ ਅਹਿਮਦ ਫ਼ੈਜ਼, ਨਾਜ਼ਿਮ ਹਿਕਮਤ, ਇਕਬਾਲ ਜਾਂ ਖ਼ੀਲ ਜਿਬਰਾਨ ਤੋਂ ਕੀ ਲੈਣਾ ਹੈ, ਉਨ੍ਹਾਂ ਤਾਂ ਘੁੰਮਣ ਵਾਲੀ ਕੁਰਸੀ ਲੈਣੀ ਹੈ।
ਕੱਲ੍ਹ ਖ਼ਬਰ ਮਿਲੀ ਤਾਂ ਲੱਗਿਆ ਜਿਵੇਂ ਸਰੀਰ ਦਾ ਪਾਸਾ ਮਾਰਿਆ ਗਿਆ ਹੋਵੇ। ਐਨਟਨ ਚੈਖਵ ਦੀ ਕਹਾਣੀ “ਗਰੀਫ਼” ਯਾਦ ਆਈ। ਪੁੱਤਰ ਮਰੇ ਤੇ ਜਦ ਟਾਂਗੇ ਵਾਲੇ ਕੋਚਵਾਨ ਨੂੰ ਕੋਈ ਦਰਦ ਸੁਣਨ ਵਾਲਾ ਨਹੀਂ ਮਿਲਦਾ ਤਾਂ ਉਹ ਆਪਣੇ ਘੋੜੇ ਦੇ ਗਲ ਬਾਹਾਂ ਪਾ ਕੇ ਪੁੱਤਰ ਦੀਆਂ ਗੱਲਾਂ ਕਰ ਕਰ ਕੇ ਦਿਲ ਹੌਲਾ ਕਰਦਾ ਹੈ।
ਮੇਰੇ ਗੁਆਂਢੀ ਪਿੰਡ ਬੰਬ ਦਾ ਜ਼ਹੀਨ ਤੇ ਮਹੀਨ ਸੂਝ ਵਾਲਾ ਨਿੱਕਾ ਵੀਰ ਹਰਜਿੰਦਰ ਸਿੰਘ ਰੰਧਾਵਾ ਨਾਲ ਮੇਰੀ ਗੱਲ ਚੱਲ ਰਹੀ ਸੀ ਉਦੋਂ ਜਦ ਇਹ ਖ਼ਬਰ ਪਰਮਿੰਦਰ ਜੱਟਪੁਰੀ ਨੇ ਭੇਜੀ ਮੈਨੂੰ। ਮੈਂ ਵਿੱਚੋਂ ਹੀ ਫੋਨ ਕੱਟ ਕੇ ਖ਼ਬਰ ਪੜ੍ਹੀ ਤਾਂ ਮੇਰੀ ਲੇਰ ਨਿੱਕਲ ਗਈ। ਹਰਜਿੰਦਰ ਨਾਲ ਦਰਦ ਸਾਂਝਾ ਕੀਤਾ ਪਰ ਟੁੱਟਵੇਂ ਸ਼ਬਦਾਂ ਵਿੱਚ। ਉਹ ਵੀ ਬੀਰ ਦੇਵਿੰਦਰ ਸਿੰਘ ਦੇ ਗਿਆਨ ਸਾਗਰ ਦਾ ਸਦ ਅਭਿਲਾਖੀ ਸੀ।
ਇੰਗਲੈਂਡ ਤੋਂ ਪ੍ਰਸਿੱਧ ਬਜ਼ੁਰਗ ਲੇਖਕ  ਬਲਬੀਰ ਸਿੰਘ ਕੰਵਲ ਦਾ ਫ਼ੋਨ ਆਇਆ, ਬੀਰ ਦੇਵਿੰਦਰ ਚਲਾ ਗਿਆ? ਮੇਰਾ ਮਿੰਟਗੁਮਰੀ ਸਕੂਲ ਜਲੰਧਰ ਚ ਵਿਦਿਆਰਥੀ ਸੀ ਕਦੇ। ਸ਼ਬਦ ਸਲੀਕਾ ਬਚਪਨ ਤੋਂ ਹੀ ਉਹਦਾ ਸੰਗੀ ਸੀ।


ਇੰਡੀਅਨ ਐਕਸਪ੍ਰੈੱਸ ਦੀ ਚੰਡੀਗੜ੍ਹ ਤੋਂ ਰੈਜ਼ੀਡੈਂਟ ਐਡੀਟਰ ਮਨਰਾਜ ਗਰੇਵਾਲ ਦਾ ਉਦਾਸ ਫ਼ੋਨ ਆਇਆ। ਬੀਰ ਦੇਵਿੰਦਰ ਜੀ ਮਹੱਤਵਪੂਰਨ ਵਿਸ਼ਿਆਂ ਤੇ ਅਕਸਰ ਗੱਲ ਤੋਰਦੇ। ਇਤਿਹਾਸ ਤੋਂ ਵਰਤਮਾਨ ਤੀਕ ਤਾਰੀਆਂ ਲਾਉਂਦੇ।

ਮੈਨੂੰ ਚੇਤੇ ਆਇਆ, ਸਆਦਤ ਹਸਨ ਮੰਟੋ ਦੀ ਜਨਮ ਸ਼ਤਾਬਦੀ ਦਾ ਸਾਲ। ਸਮਰਾਲੇ ਸਮਾਗਮ ਸੀ। ਮੈਂ ਸੂਚਨਾ ਦਿੱਤੀ ਤਾਂ ਬੋਲੇ ਕਿ ਅਵੱਸ਼ ਆਵਾਂਗਾ।
ਉਹ ਆਏ ਤੇ ਅਡੋਲ ਸਰੋਤਿਆਂ ਵਿੱਚ ਬੈਠ ਗਏ। ਸਭ ਹੈਰਾਨ ਕਿ ਉਨ੍ਹਾਂ ਨੇ ਕੋਈ ਉਚੇਚ ਨਹੀਂ ਚਾਹਿਆ। ਕਹਾਣੀਕਾਰ ਸੁਖਜੀਤ ਕੱਲ੍ਹ ਹੀ ਮੈਨੂੰ ਇਸ ਗੱਲ ਦਾ ਚੇਤਾ ਕਰਵਾ ਰਿਹਾ ਸੀ।
ਕਈ ਸਾਲ ਪਹਿਲਾਂ ਨਿਰਮਲ ਰਿਸ਼ੀ, ਬਲਵਿੰਦਰ ਗਿੱਲ, ਜਨਮੇਜਾ ਸਿੰਘ ਜੌਹਲ ਤੇ ਕੁਝ ਹੋਰ ਦੋਸਤਾਂ ਨੇ ਰਲ਼ ਕੇ ਜਗਦੀਸ਼ ਸਚਦੇਵਾ ਦਾ ਨਾਟਕ “ਸਾਵੀ” ਪੰਜਾਬੀ ਭਵਨ ਚ ਅਲਾਈਵ ਆਰਟਿਸਟ ਗਰੁੱਪ ਵੱਲੋਂ ਖੇਡਣ ਦਾ ਮਨ ਬਣਾਇਆ। ਤਿਆਰੀ ਉਪਰੰਤ ਮੁੱਖ ਮਹਿਮਾਨ ਵਜੋਂ ਬੀਰ ਦੇਵਿੰਦਰ ਸਿੰਘ ਨੂੰ ਬੁਲਾਇਆ ਗਿਆ। ਉਦੋਂ ਉਹ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸਨ।
ਸਮਾਪਤੀ ਤੇ ਬੋਲਣ ਵੇਲੇ ਉਨ੍ਹਾਂ ਗੁੱਜਰ ਕਬੀਲੇ ਦੇ ਸੱਭਿਆਚਾਰ ਬਾਰੇ ਇਸ ਨਾਟਕ ਦੀ ਰੱਜਵੀਂ ਤਾਰੀਫ਼ ਕੀਤੀ ਤੇ ਐਲਾਨ ਕੀਤਾ ਕਿ ਇਹ ਨਾਟਕ ਪੰਜਾਬ ਵਿਧਾਨ ਸਭਾ ਦੇ ਸਾਰੇ ਮੈਂਬਰਾਂ ਨੂੰ ਚੰਡੀਗੜ੍ਹ ਚ ਵਿਖਾਇਆ ਜਾਵੇਗਾ। ਉਨ੍ਹਾਂ ਉਹ ਨਾਟਕ ਵਿਧਾਨ ਸਭਾ ਵੱਲੋਂ ਕਰਵਾਇਆ ਜਿਸ ਚ ਸਪੀਕਰ ਵਿਧਾਨ ਸਭਾ ਡਾਃ ਕੇਵਲ ਕ੍ਰਿਸ਼ਨ ਤੇ ਵਿੱਤ ਮੰਤਰੀ ਸਃ ਲਾਲ ਸਿੰਘ ਵੀ ਆਏ। ਪੰਜਾਹ ਕੁ ਵਿਧਾਇਕ ਪਰਿਵਾਰ ਸਮੇਤ ਸਨ। ਅਧਿਕਾਰੀ ਲੋਕ ਵੀ।
ਗੱਲਾਂ ਤਾਂ ਬਹੁਤ ਨੇ ਕਰ ਵਾਲੀਆਂ, ਪਰ ਕਦੇ ਫਿਰ ਸਹੀ।
ਜਾਂਦੇ ਜਾਂਦੇ ਪਹਿਲੀ ਮੁਲਾਕਾਤ ਚੇਤੇ ਆ ਗਈ। 1985-86 ਦੀ ਗੱਲ ਹੋਵੇਗੀ ਜਦ ਬੀਰ ਦੇਵਿੰਦਰ ਸਿੰਘ ਆਪਣੇ ਨਿੱਕੇ ਵੀਰ ਪਰਮਜੀਤ ਸਿੰਘ ਸਰਾਉ ਦੇ ਨਾਲ ਗੁਰਮਤਿ ਸੰਗੀਤ ਵਾਲੇ ਵੀਰ ਗੁਰਨਾਮ ਸਿੰਘ ਨੂੰ ਨਾਲ ਲੈ ਕੇ ਸਃ ਜਗਦੇਵ ਸਿੰਘ ਜੱਸੋਵਾਲ ਦੇ ਘਰ ਆਏ। ਗੁਰਨਾਮ ਨੇ ਜਗਤਾਰ, ਸ ਸ ਮੀਸ਼ਾ, ਕੁਲਵੰਤ ਗਰੇਵਾਲ ਤੇ ਕੁਝ ਹੋਰ ਪਸੰਦੀਦਾ ਸ਼ਾਇਰਾਂ ਦੀਆ ਰਚਨਾਵਾਂ ਕੈਸਿਟ ਚ ਰੀਕਾਰਡ ਕੀਤੀਆਂ ਸਨ ਉਦੋਂ। ਇਸ ਵਿੱਚ ਕੁਮੈਂਟਰੀ ਸਃ ਬੀਰ ਦੇਵਿੰਦਰ ਸਿੰਘ ਜੀ ਦੀ ਸੀ। ਉਸ ਸਿਆਲੀ ਦੁਪਹਿਰ ਅਸੀਂ ਗੁਰਨਾਮ ਦੀਆਂ ਗਾਈਆਂ ਗ਼ਜ਼ਲਾਂ ਤੇ ਬੀਰ ਦੇਵਿੰਦਰ ਸਿੰਘ ਦੀਆਂ ਜੱਸੋਵਾਲ ਜੀ ਨਾਲ ਸਬੰਧਿਤ ਯਾਦਾਂ ਦੇ ਨਿੱਘ ਚ ਗੁਜ਼ਾਰੀ।
ਕੁਝ ਅਰਸਾ ਪਹਿਲਾਂ ਅਸੀਂ ਮਾਤਾ ਗੁਜਰੀ ਕਾਲਿਜ ਫ਼ਤਹਿਗੜ੍ਹ ਸਾਹਿਬ ਦੇ ਹਾਲ ਵਿੱਚ ਡਾਃ ਗੁਰਨਾਮ ਸਿੰਘ ਦੀ ਜੋਗੀ ਅੱਲ੍ਹਾ ਯਾਰ ਖ਼ਾਂ ਦੀ ਰਚਨਾ ਦੀ ਸੰਗੀਤਕ ਐਲਬਮ ਤੇ ਵੀਡੀਉ ਦੇ ਲੋਕ ਅਰਪਨ ਸਮਾਗਮ ਚ ਇਕੱਠੇ ਹੋਏ।  ਦਿੱਲੀਉਂ ਡਾ. ਜਸਪਾਲ ਸਿੰਘ ਜੀ ਵੀ ਆਏ ਹੋਏ ਸਨ। ਡਾ. ਸ ਪ ਸਿੰਘ ਸਾਬਕਾ ਵੀਸੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾਃ ਜਸਵਿੰਦਰ ਸਿੰਘ, ਗੁਰਨਾਮ, ਗਲੋਬਲ ਟੀ ਵੀ ਵਾਲਾ ਵੀਰ ਹਰਭਜਨ ਸਿੰਘ ਤੇ ਮੇਰਾ ਸੱਜਣ ਤੇਜ ਪਰਤਾਪ ਸਿੰਘ ਸੰਧੂ ਵੀ ਨਾਲ ਸੀ। ਪਰਸ਼ਾਦਾ ਪਾਣੀ ਛਕ ਕੇ ਅਸੀਂ ਸਾਰੇ ਲੰਮਾ ਸਮਾਂ ਯਾਦਾਂ ਦੀਆਂ ਗਲੀਆਂ ਚ ਘੁੰਮਦੇ ਰਹੇ। ਵਕਤ ਦਾ ਚੇਤਾ ਹੀ ਨਾ ਰਿਹਾ ਕਿ ਬੀਤ ਰਿਹਾ ਹੈ। ਅੱਜ ਵੀ ਸੂਈ ਉਥੇ ਹੀ ਖੜ੍ਹੀ ਹੈ।


ਤਿੰਨ ਚਾਰ ਮਹੀਨੇ ਪਹਿਲਾਂ ਅਚਾਨਕ ਫੋਨ ਆਇਆ।
ਬੋਲੇ, ਅੱਜ ਵਰ੍ਹਿਆਂ ਬਾਦ ਕਿਸੇ ਬੀਬਾ ਨੇ ਮੈਨੂੰ ਕਾਲਿਜ ਪੜ੍ਹਨ ਵੇਲੇ ਦਾ ਉਨਾਭੀ ਕੋਟ ਚੇਤੇ ਕਰਵਾਇਆ ਹੈ?

ਪੰਜਾਬ ਤੇ ਇਸ ਦਾ ਇਤਿਹਾਸ ਉਨ੍ਹਾਂ ਲਈ ਸਿਮਰਨਯੋਗ ਸੀ। ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਇਤਿਹਾਸ ਦੇ ਪੁਰਾਤਨ ਹਵਾਲੇ ਲੱਭਣ ਤੇ ਦੱਸਣ ਵਿੱਚ ਉਹ ਤਤਪਰ ਰਹਿੰਦੇ।
ਸਾਹਿਬਜ਼ਾਦਿਆ ਦੀ ਸਰਹੰਦ ਵਿੱਚ ਸ਼ਹਾਦਤ ਵੇਲੇ ਦੇ ਸਰਕਾਰੀ ਵਕਤ ਨਵੀਸ ਭਾਈ ਦੁੰਨਾ ਸਿੰਘ ਹੰਡੂਰੀਆ ਦਾ ਹਵਾਲਾ ਸਭ ਤੋਂ ਪਹਿਲਾਂ ਉਨ੍ਹਾਂ ਹੀ ਦਿੱਤੀ।
ਹਜ਼ਾਰਾਂ ਕਿਤਾਬਾਂ ਵਾਲੀ ਘਰ ਵਿੱਚ ਬਣਾਈ ਲਾਇਬਰੇਰੀ ਉਦਾਸ ਹੈ, ਕਿਤਾਬਾਂ ਬੀਰ ਨੂੰ ਉਡੀਕਦੀਆਂ ਹੋਣਗੀਆਂ।
ਰੇਸ਼ਮਾਂ ਦੇ ਗੀਤ ਨੂੰ ਯਾਦ ਕਰਕੇ ਮਨ ਸਮਝਾਉਂਦਾ ਹਾਂ ਮੈਂ ਵੀ।
ਚੁੱਪ ਕਰਕੇ ਜਿੰਦੜੀਏ ਬਹਿ ਜਾ,
ਨੀ ਰੋਇਆਂ ਤੈਨੂੰ ਕੀਹ ਲੱਭਣਾ?

ਅੱਜ ਸਵੇਰੇ ਉੱਠਣ ਸਾਰ ਇਹ ਕੁਝ ਸ਼ਬਦ ਗ਼ਜ਼ਲ ਰੂਪ ਚ ਲਿਖੇ ਨੇ, ਪਰਵਾਨ ਕਰਨਾ।

ਗ਼ਜ਼ਲ

ਅਚਨਚੇਤ ਤੂੰ ਤੁਰਿਐਂ,ਲੱਗਿਆ ਮੌਤ ਝਕਾਨੀ ਦੇ ਗਈ ਯਾਰਾ ।
ਵੱਖਰੇ ਵੱਖਰੇ ਰਾਹ ਸੀ ਭਾਵੇਂ, ਫਿਰ ਵੀ ਇੱਕ ਸੀ ਸ਼ਬਦ ਸਹਾਰਾ।

ਨੰਗੀ ਹੋ ਗਈ ਕੰਡ ਤੇ ਜਾਪੇ ਢਹਿ ਗਿਆ ਕੋਸ ਮੀਨਾਰ ਆਖ਼ਰੀ,
ਸੋਹਣਾ ਭਿੜਿਓਂ ਨਾਲ ਸਮੇਂ ਦੇ,ਆਤਮ ਬਲ ਦੇ ਪਹਿਰੇਦਾਰਾ ।


ਵਤਨ ਤੇਰਾ ਸ੍ਵੈਮਾਣ ਦੀ ਵਾਦੀ,ਹਰ ਪਲ ਤੁਰਨਾ, ਕਦੇ ਨਾ ਝੁਰਨਾ,
ਪਿਘਲ ਗਿਆ ਤੂੰ ਸੁਹਜ ਦੀ ਖ਼ਾਤਰ, ਸਿਰ ਪੈਰੋਂ ਸਾਰੇ ਦਾ ਸਾਰਾ ।

ਕੁਰਸੀਧਾਰੀ ਸਾਰੇ ਦਹਿਸਿਰ ,ਤੇਰੇ ਤੋਂ ਹੀ ਡਰ ਕੇ ਰਹਿੰਦੇ,
ਚੜ੍ਹੇ ਅਨੇਕਾਂ ਲਸ਼ਕਰ ਲੈ ਕੇ ,ਤੂੰ ਨਾ ਝੁਕਿਓਂ, ਵਾਹ ਸਰਦਾਰਾ ।

ਖਿੜੇ ਗੁਲਾਬ ਜਿਹਾ ਸੀ ਤੇਰਾ ਖਿੜਿਆ ਮੁੱਖੜਾ ਸਹਿਜ ਸਰੂਰਿਆ,
ਰਿਹਾ ਚਮਕਦਾ ਨੂਰ ਨਿਰੰਤਰ, ਤੇਰੇ ਮੱਥੇ ਕਿਰਨ ਪਸਾਰਾ।

ਤੇਰਾ ਪਹਿਰਨ,ਮੁੱਛ ਖੜ੍ਹੀ ਵੀ,ਜਿਸਮ ਤੇਰੇ ਦਾ ਹਿੱਸਾ ਬਣ ਗਈ,
ਸਾਰੀ ਉਮਰ ਨਹੀਂ ਤੂੰ ਲਿਫ਼ਿਆ ਤੱਕ ਵੈਰੀ ਦਾ ਲਸ਼ਕਰ ਭਾਰਾ ।

ਮਾਰ ਫੂਕ ਤੂੰ ਉੱਠ ਕੇ ਸ਼ੇਰਾ, ਤੁਰਿਓਂ ਛੱਡ ਕੇ ਬਾਕ ਅਧੂਰੀ,
ਸੁਰਵੰਤਾ ਕੋਈ ਨਾਦ ਵਜਾ ਦੇ, ਕੁਝ ਪਲ ਦੇ ਜਾ ਜੀਣ ਉਧਾਰਾ।