- ਸਹਾਇਕ ਕਮਿਸ਼ਨਰ (ਜ) ਅਭਿਸ਼ੇਕ ਸ਼ਰਮਾ ਨੇ ਦਿਵਿਆਂਗਜ਼ਨਾਂ ਦੀ ਭਲਾਈ ਲਈ ਬਣੀ ਜ਼ਿਲ੍ਹਾ ਪੱਧਰੀ ਕਮੇਟੀ ਦੀ ਕੀਤੀ ਮੀਟਿੰਗ
ਫ਼ਤਹਿਗੜ੍ਹ ਸਾਹਿਬ, 08 ਅਗਸਤ : ਦਿਹਾਤੀ ਖੇਤਰ ਨਾਲ ਸਬੰਧਤ ਦਿਵਿਆਂਗ ਵਿਦਿਆਰਥਣਾਂ ਨੂੰ ਹਾਜਰੀ ਵਜੀਫਾ ਦੇਣ ਦੀ ਚਲਾਈ ਜਾ ਰਹੀ ਸਕੀਮ ਅਧੀਨ ਜ਼ਿਲ੍ਹੇ ਦੀਆਂ ਦਸਵੀਂ ਪੱਧਰ ਤੱਕ ਪੜ੍ਹ ਰਹੀਆਂ 160 ਦਿਵਿਆਂਗ ਵਿਦਿਆਰਥਣਾਂ ਨੂੰ 2500/-ਰੁਪਏ ਪ੍ਰਤੀ ਸਾਲ ਪ੍ਰਤੀ ਵਿਦਿਆਰਥਣ ਅਤੇ ਦਸਵੀਂ ਤੋਂ ਉਪਰ ਪੜ੍ਹ ਰਹੀਆਂ 12 ਵਿਦਿਆਰਥਣਾਂ ਨੂੰ 3000/- ਰੁਪਏ ਪ੍ਰਤੀ ਸਾਲ ਪ੍ਰਤੀ ਵਿਦਿਆਰਥਣ ਦੇ ਹਿਸਾਬ ਨਾਲ ਵਜੀਫਾ ਦਿੱਤਾ ਗਿਆ। ਇਸ ਤੋਂ ਇਲਾਵਾ ਪਹਿਲੀ ਤੋਂ ਅੱਠਵੀਂ ਤੱਕ ਪੜ੍ਹ ਰਹੇ 244 ਦਿਵਿਆਂਗ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੂੰ 2400/-ਰੁਪਏ ਪ੍ਰਤੀ ਸਾਲ ਪ੍ਰਤੀ ਵਿਦਿਆਰਥੀ ਅਤੇ ਨੌਂਵੀਂ ਤੋਂ ਬਾਰਵੀਂ ਜਮਾਤ ਦੇ 72 ਦਿਵਿਆਂਗ ਵਿਦਿਆਰਥੀਆਂ ਨੂੰ 3600/-ਰੁਪਏ ਪ੍ਰਤੀ ਸਾਲ ਪ੍ਰਤੀ ਵਿਦਿਆਰਥੀ/ਵਿਦਿਅਰਥਣ ਦੇ ਹਿਸਾਬ ਨਾਲ ਵਜੀਫਾ ਸਕੀਮ ਦਾ ਲਾਭ ਦਿੱਤਾ ਗਿਆ। ਇਹ ਜਾਣਕਾਰੀ ਸਹਾਇਕ ਕਮਿਸ਼ਨਰ (ਜਨਰਲ) ਸ਼੍ਰੀ ਅਭਿਸ਼ੇਕ ਸ਼ਰਮਾ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰਾਈਟਸ ਆਫ ਪਰਸਨਜ਼ ਵਿੱਦ ਡਿਸਏਬਿਲਟੀ ਐਕਟ-2016 ਅਤੇ ਨੈਸ਼ਨਲ ਟਰੱਸਟ ਐਕਟ-1999 ਅਧੀਨ ਬਣੀ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ਼੍ਰੀ ਅਭਿਸ਼ੇਕ ਸ਼ਰਮਾ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਦਿਵਿਆਂਗਜ਼ਨਾਂ ਲਈ ਬਣਾਏ ਜਾਣ ਵਾਲੇ ਯੂ.ਡੀ.ਆਈ.ਡੀ. ਕਾਰਡ ਬਣਾਉਣ ਦੇ ਕੰਮ ਵਿੱਚ ਤੇਜੀ ਲਿਆਂਦੀ ਜਾਵੇ ਤਾਂ ਜੋ ਜ਼ਿਲ੍ਹੇ ਨਾਲ ਸਬੰਧਤ ਦਿਵਿਆਂਗਜ਼ਨਾਂ ਦੇ ਵੱਧ ਤੋਂ ਵੱਧ ਯੂ.ਡੀ.ਆਈ.ਡੀ. ਕਾਰਡ ਬਣਾਏ ਜਾ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਦਿਵਿਆਂਗਜ਼ਨਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਹੇਠਲੇ ਪੱਧਰ ਤੱਕ ਯੋਗ ਲਾਭਪਾਤਰੀਆਂ ਨੂੰ ਲਾਭ ਪਹੁੰਚਾਉਣ ਨੂੰ ਯਕੀਨੀ ਬਣਾਇਆ ਜਾਵੇ। ਸ਼੍ਰੀ ਸ਼ਰਮਾ ਨੇ ਐਸ.ਸੀ. ਕਾਰਪੋਰੇਸ਼ਨ ਦੇ ਅਧਿਕਾਰੀਆਂ ਨੁੰ ਕਿਹਾ ਕਿ ਨੈਸ਼ਨਲ ਫਰੀਦਾਬਾਦ ਫਾਇਨਾਂਸ ਕਾਰਪੋਰੇਸ਼ਨ ਵੱਲੋਂ ਦਿਵਿਆਂਗਜ਼ਨਾਂ ਨੂੰ ਸਵੈ ਰੋਜ਼ਗਾਰ ਲਈ ਦਿੱਤੇ ਜਾਣ ਵਾਲੇ ਕਰਜ਼ੇ ਬਾਰੇ ਵੱਧ ਤੋਂ ਵੱਧ ਦਿਵਿਆਂਗਜ਼ਨਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਦਿਵਿਆਂਗਜ਼ਨ ਆਪਣਾ ਸਵੈ ਰੋਜ਼ਗਾਰ ਸ਼ੁਰੂ ਕਰਕੇ ਆਪਣੇ ਪੈਰ੍ਹਾਂ ਤੇ ਖੜੇ ਹੋ ਸਕਣ। ਉਨ੍ਹਾਂ ਦਿਵਿਆਂਗਜ਼ਨਾਂ ਨੂੰ ਅੜਚਨ ਫਰੀ ਮਾਹੌਲ ਪ੍ਰਦਾਨ ਕਰਨ ਵਾਸਤੇ ਸਰਕਾਰੀ ਇਮਾਰਤਾਂ ਵਿੱਚ ਰੇਲਿੰਗ ਅਤੇ ਰੈਂਪ ਬਣਾਉਣ ਦੇ ਕੰਮ ਵਿੱਚ ਵੀ ਤੇਜੀ ਲਿਆਉਣ ਲਈ ਕਿਹਾ। ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਰਵ ਸਿੱਖਿਆ ਅਭਿਆਨ ਤਹਿਤ ਦਿਵਿਆਂਗਜ਼ਨਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਹੇਠਲੇ ਪੱਧਰ ਤੱਕ ਲਾਭ ਪਹੁੰਚਾਉਣ ਨੂੰ ਯਕੀਨੀ ਬਣਾਇਆ ਜਾਵੇ।
ਮੀਟਿੰਗ ਵਿੱਚ ਕਮੇਟੀ ਮੈਂਬਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ਼੍ਰੀਮਤੀ ਜੋਬਨਦੀਪ ਕੌਰ, ਸਹਾਇਕ ਸਿਵਲ ਸਰਜਨ ਡਾ: ਸਵਪਨਦੀਪ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫਸਰ ਸ. ਦੀਦਾਰ ਸਿੰਘ ਮਾਂਗਟ, ਸਮਾਜ ਸੇਵੀ ਮਨਮੋਹਨ ਜਰਗਰ ਤੇ ਗੁਰਵਿੰਦਰ ਸੋਨੀ, ਤੋਂ ਇਲਾਵਾ ਹੋਰ ਮੈਂਬਰ ਵੀ ਹਾਜਰ ਸਨ।