- ਕਿਹਾ, ਬਜਟ ਆਮ ਲੋਕਾਂ ਦੀਆਂ ਸਹੂਲਤਾਂ ਤੇ ਲੋੜਾਂ ਨੂੰ ਮੁੱਖ ਰੱਖ ਕੇ ਕੀਤਾ ਜਾਵੇਗਾ ਪੇਸ਼
- ਪੰਜਾਬ ਸਰਕਾਰ ਦੀ ਬਸੇਰਾ ਸਕੀਮ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ 51 ਲਾਭਪਾਤਰੀਆਂ ਨੂੰ ਮਕਾਨ ਕੀਤੇ ਸਪੁਰਦ
- ਗੈਰਕਨੂੰਨੀ ਉਸਾਰੀ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਨਹੀਂ ਜਾਵੇਗਾ ਬਖਸਿਆ
- ਸੂਬੇ ਦਾ ਪਹਿਲਾ ਆਨਲਾਈਨ ਐਡਵਰਟਾਈਜ਼ਮੈਂਟ ਪੋਰਟਲ ਕੀਤਾ ਲਾਂਚ
- ਨਵੀਂ ਪਾਲਿਸੀ ਤਹਿਤ 500 ਗਜ ਤੋਂ ਘੱਟ ਵਾਲੀ ਜਗ੍ਹਾ ਲਈ ਨਕਸ਼ਾ ਬਾਹਰੋਂ ਬਣਾਉਣ ਦੀ ਨਹੀਂ ਪਵੇਗੀ ਲੋੜ
- ਸ਼ਹਿਰ ਅੰਦਰ ਪ੍ਰੈਸ਼ਰ ਹਾਰਨਾਂ ਨੂੰ ਸਖ਼ਤੀ ਨਾਲ ਕੀਤਾ ਜਾਵੇ ਬੰਦ
ਬਠਿੰਡਾ, 02 ਮਾਰਚ : ਕੁੱਲੀ, ਗੁੱਲੀ ਤੇ ਜੁੱਲੀ ਹਰ ਵਿਅਕਤੀ ਦੀਆਂ ਮੁੱਢਲੀਆਂ ਲੋੜਾਂ ਹਨ, ਜਿੰਨ੍ਹਾਂ ਨੂੰ ਪੂਰਾ ਕਰਨ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਹਰ ਯੋਗ, ਸੰਭਵ ਤੇ ਨਿਵੇਕਲੇ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਡਾ ਇੰਦਰਬੀਰ ਸਿੰਘ ਨਿੱਜਰ ਨੇ ਸਥਾਨਕ ਉੜੀਆ ਕਲੋਨੀ ਵਿਖੇ ਪੰਜਾਬ ਸਰਕਾਰ ਦੀ ਬਸੇਰਾ ਸਕੀਮ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਲੋੜਵੰਦ ਲਾਭਪਾਤਰੀਆਂ ਨੂੰ 51 ਮਕਾਨ ਸਪੁਰਦ ਕਰਨ ਮੌਕੇ ਕੀਤਾ। ਇਸ ਮੌਕੇ ਬਠਿੰਡਾ ਸ਼ਹਿਰੀ ਦੇ ਵਿਧਾਇਕ ਸ. ਜਗਰੂਪ ਸਿੰਘ ਗਿੱਲ, ਮੌੜ ਹਲਕੇ ਤੋਂ ਵਿਧਾਇਕ ਸ. ਸੁਖਵੀਰ ਸਿੰਘ ਮਾਈਸਰਖਾਨਾ, ਜ਼ਿਲ੍ਹਾ ਯੋਜ਼ਨਾ ਕਮੇਟੀ ਦੇ ਚੈਅਰਮੇਨ ਸ੍ਰੀ ਅੰਮ੍ਰਿਤ ਲਾਲ ਅਗਰਵਾਲ, ਟ੍ਰੇਡ ਵਿੰਗ ਦੇ ਸੂਬਾ ਪ੍ਰਧਾਨ ਸ਼੍ਰੀ ਅਨਿੱਲ ਠਾਕੁਰ, ਚੈਅਰਮੇਨ ਪੰਜਾਬ ਮੀਡੀਅਮ ਇੰਡਸਟਰੀਜ ਡਿਵੈਲਪਮੈਂਟ ਬੋਰਡ ਸ਼੍ਰੀ ਨੀਲ ਗਰਗ, ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ, ਜ਼ਿਲ੍ਹਾ ਪੁਲਿਸ ਮੁਖੀ ਸ. ਗੁਲਨੀਤ ਸਿੰਘ ਖੁਰਾਣਾ, ਦਵਾਰਕਾ ਦਾਸ ਟਰਸਟ ਦੇ ਚੈਅਰਮੇਨ ਸ੍ਰੀ ਰਾਜਿੰਦਰ ਮਿੱਤਲ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਡਾ. ਨਿੱਜਰ ਨੇ ਕਿਹਾ ਕਿ ਆਮ ਲੋਕਾਂ ਦੁਆਰਾ ਚੁਣੀ ਗਈ ਸੂਬਾ ਸਰਕਾਰ ਵੱਲੋਂ ਹਰ ਵਰਗ ਲਈ ਸਿਹਤ, ਸਿੱਖਿਆ ਤੇ ਲੋਕ ਭਲਾਈ ਸਕੀਮਾਂ ਲਈ ਕ੍ਰਾਂਤੀਕਾਰੀ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਗਰੀਬ ਤੇ ਲੋੜਵੰਦ ਲੋਕਾਂ ਦੀ ਮੱਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਦਵਾਰਕਾ ਦਾਸ ਚੈਰੀਟੇਬਲ ਟਰਸਟ ਵੱਲੋਂ ਕੀਤੇ ਗਏ ਇਸ ਨਿਵੇਕਲੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਮਕਾਨ ਲੋੜਵੰਦ ਲੋਕਾਂ ਲਈ ਚੰਗਾ ਜੀਵਨ ਬਸਰ ਕਰਨ ਲਈ ਸਹਾਈ ਸਿੱਧ ਹੋਣਗੇ। ਉਨ੍ਹਾਂ ਕਿਹਾ ਕਿ ਬਠਿੰਡਾ ਦੇਸ਼ ਦਾ ਪਹਿਲਾ ਅਜਿਹਾ ਮਾਡਰਨ ਸ਼ਹਿਰ ਹੋਵੇਗਾ, ਜਿਸ ਤੋਂ ਹੋਰਨਾਂ ਸਹਿਰਾਂ ਨੂੰ ਵੀ ਸਿੱਖਣ ਲਈ ਸੇਧ ਲੈਣੀ ਹੋਵੇਗੀ। ਕੈਬਨਿਟ ਮੰਤਰੀ ਡਾ. ਨਿੱਜਰ ਨੇ ਕਿਹਾ ਕਿ ਇਸ ਕਲੋਨੀ ਵਿੱਚ ਪੰਜਾਬ ਸਰਕਾਰ ਦੀ ਬਸੇਰਾ ਸਕੀਮ ਤਹਿਤ 192 ਵਸਨੀਕਾਂ ਨੂੰ ਮਲਕੀਅਤ ਦੇ ਦਿੱਤੇ ਗਏ ਅਧਿਕਾਰਾਂ ਵਿੱਚੋਂ 189 ਪਰਿਵਾਰ ਪ੍ਰਧਾਨ ਮੰਤਰੀ ਆਵਾਸ ਸ਼ਹਿਰੀ ਯੋਜਨਾ ਤਹਿਤ ਯੋਗ ਪਾਏ ਗਏ ਹਨ ਅਤੇ ਬਾਕੀ ਰਹਿੰਦੇ ਪਰਿਵਾਰਾਂ ਨੂੰ ਵੀ 1 ਸਾਲ ਦੇ ਅੰਦਰ ਮਕਾਨ ਬਣਾ ਕੇ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇੱਥੇ ਕਲੋਨੀ ਵਿੱਚ ਸੀਵਰੇਜ, ਵਾਟਰ ਸਪਲਾਈ, ਲਾਈਟਾਂ, ਫੁੱਟਪਾਥ ਆਦਿ ਸਾਰਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਗਿਆ ਹੈ ਅਤੇ ਬੱਚਿਆਂ ਦੀ ਪੜ੍ਹਾਈ ਲਈ ਸਕੂਲ ਅਤੇ ਸਿਹਤ ਸਹੂਲਤਾਂ ਲਈ ਆਮ ਆਦਮੀ ਕਲੀਨਿਕ ਵੀ ਜਲਦ ਖੋਲ੍ਹੇ ਜਾਣਗੇ। ਉਨ੍ਹਾਂ ਇੱਥੇ ਰਹਿ ਰਹੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਉਣ ਕਿਉਂਕਿ ਉਹ ਪੜ੍ਹਾਈ ਨਾਲ ਹੀ ਗਰੀਬੀ ਨੂੰ ਖਤਮ ਕਰ ਸਕਦੇ ਹਨ। ਇਸ ਉਪਰੰਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਉਨ੍ਹਾਂ ਨਗਰ ਨਿਗਮ ਵੱਲੋਂ ਆਨਲਾਈਨ ਐਡਵਰਟਾਈਜਮੈਂਟ ਪੋਰਟਲ ਪਾਲਿਸੀ ਨੂੰ ਲਾਂਚ ਕੀਤਾ ਅਤੇ ਸੂਬੇ ਦੀ ਇਸ ਨਿਵੇਕਲੀ ਪਹਿਲ ਕਦਮੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਪਾਲਿਸੀ ਨੂੰ ਸੂਬੇ ਦੇ ਹੋਰਨਾਂ ਸ਼ਹਿਰਾਂ ਵਿੱਚ ਵੀ ਲਾਗੂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਕਮਿਸ਼ਨਰ ਨਗਰ ਨਿਗਮ ਸ੍ਰੀ ਰਾਹੁਲ ਵੱਲੋਂ ਜਿੱਥੇ ਆਨਲਾਈਨ ਐਡਵਰਟਾਈਜਮੈਂਟ ਪੋਰਟਲ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ, ਉਥੇ ਹੀ ਕਾਰਪੋਰੇਸ਼ਨ ਵੱਲੋਂ ਸ਼ਹਿਰ ਅੰਦਰ ਸਾਫ਼ ਸਫ਼ਾਈ, ਡੋਰ ਟੂ ਡੋਰ ਕੂੜਾ ਇਕੱਠਾ ਕਰਨ ਤੋਂ ਇਲਾਵਾ ਹੋਰ ਕੀਤੇ ਜਾ ਰਹੇ ਕਾਰਜਾਂ ਬਾਰੇ ਵੀ ਜਾਣੂੰ ਕਰਵਾਇਆ ਗਿਆ। ਇਸ ਦੌਰਾਨ ਕੈਬਨਿਟ ਮੰਤਰੀ ਡਾ ਨਿੱਜਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਕਾਸ ਕਾਰਜਾਂ ਨੂੰ ਲੈ ਕੇ ਕੀਤੀ ਗਈ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਵੱਲੋਂ ਜਿੱਥੇ ਕੀਤੇ ਜਾ ਰਹੇ ਨਿਵੇਕਲੇ ਤੇ ਕ੍ਰਾਂਤੀਕਾਰੀ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੁੰ ਵਧਾਈ ਦਿੱਤੀ, ਉਥੇ ਹੀ ਉਨ੍ਹਾਂ ਸ਼ਹਿਰ ਅੰਦਰ ਟ੍ਰੈਫ਼ਿਕ, ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਦੇਖਦੇ ਹੋਏ ਢੁਕਵੇਂ ਪ੍ਰਬੰਧ ਕਰਨ, ਸ਼ਹਿਰ ਅੰਦਰ ਪ੍ਰੈਸ਼ਰਾਂ ਹਾਰਨਾਂ ਦੀ ਵਰਤੋਂ ਸਖ਼ਤੀ ਨਾਲ ਰੋਕਣ ਅਤੇ ਹਰ ਤਰ੍ਹਾਂ ਦੀਆਂ ਗੈਰਕਾਨੂੰਨੀ ਉਸਾਰੀਆਂ ਖਿਲਾਫ਼ ਸਖ਼ਤ ਕਦਮ ਚੁੱਕਣ ਲਈ ਵੀ ਅਧਿਕਾਰੀਆਂ ਨੂੰ ਆਦੇਸ਼ ਦਿੱਤੇ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ, ਕੈਬਨਿਟ ਮੰਤਰੀ ਸ. ਨਿੱਜਰ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੇਸ਼ ਕੀਤਾ ਜਾਣ ਵਾਲਾ ਬਜਟ ਆਮ ਲੋਕਾਂ ਦੀਆਂ ਸਹੂਲਤਾਂ ਤੇ ਲੋੜਾਂ ਨੂੰ ਮੁੱਖ ਰੱਖ ਕੇ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸਰਕਾਰ ਨਵੀਂ ਯੋਜਨਾ ਲਿਆ ਰਹੀ ਹੈ ਜਿਸ ਤਹਿਤ 500 ਗਜ ਤੋਂ ਘੱਟ ਵਾਲੀ ਜਗ੍ਹਾ ਲਈ ਨਕਸ਼ਾ ਬਾਹਰੋਂ ਬਣਾ ਕੇ ਪਾਸ ਕਰਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਉਨ੍ਹਾਂ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸੂਬੇ ਦੀ ਅਮਨ ਸ਼ਾਂਤੀ ਤੇ ਮਾਹੌਲ ਖ਼ਰਾਬ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਕੀਮਤ ਤੇ ਬਖ਼ਸਿਆ ਨਹੀਂ ਜਾਵੇਗਾ। ਉਨ੍ਹਾਂ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸੂਬਾ ਸਰਕਾਰ ਭ੍ਰਿਸ਼ਟਾਚਾਰ ਖਿਲਾਫ਼ ਜ਼ੀਰੋ ਟਾਰਲੈਂਸ ਦੀ ਨੀਤੀ ਤਹਿਤ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਬਠਿੰਡਾ ਸ਼ਹਿਰੀ ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਬਠਿੰਡਾ ਸ਼ਹਿਰ ਦੀ ਸੁੰਦਰਤਾ ਤੇ ਵਿਕਾਸ ਕਾਰਜਾਂ ਨੂੰ ਲੈ ਕੇ ਕੀਤੇ ਜਾ ਰਹੇ ਵੱਖ-ਵੱਖ ਤਰ੍ਹਾਂ ਦੇ ਕਾਰਜਾਂ ਸਬੰਧੀ ਚਾਨਣਾ ਪਾਉਂਦਿਆਂ ਦੱਸਿਆ ਕਿ ਸਥਾਨਕ ਨਹਿਰ ਦੇ ਨਾਲ-ਨਾਲ 3 ਕਿਲੋਮੀਟਰ ਦੀ ਲੰਬਾਈ ਵਾਲਾ ਆਧੁਨਿਕ ਸਹੂਲਤਾਂ ਤੇ ਹਰਿਆਲੀ ਭਰਪੂਰ ਪਾਰਕ ਬਣਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਸ਼ਹਿਰ ਚ ਪ੍ਰਵੇਸ਼ ਹੋਣ ਵਾਲੇ ਮੁੱਖ ਮਾਰਗਾਂ ਅਤੇ ਸ਼ਹਿਰ ਦੀ ਸੁੰਦਰਤਾ ਵਧਾਉਣ ਲਈ ਫੁੱਲਦਾਰ ਬੂਟੇ ਵੀ ਲਗਾਏ ਜਾਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਮੈਡਮ ਪਲਵੀ ਚੌਧਰੀ, ਮੇਅਰ ਨਗਰ ਨਿਗਮ ਸ੍ਰੀਮਤੀ ਰਮਨ ਗੋਇਲ, ਨਿਗਰਾਨ ਇੰਜੀਨੀਅਰ ਨਗਰ ਨਿਗਮ ਸ੍ਰੀ ਸੰਦੀਪ ਗੁਪਤਾ, ਕੌਂਸਲਰ ਐਡਵੋਕੇਟ ਸ੍ਰੀ ਸੁਖਦੀਪ ਸਿੰਘ ਢਿੱਲੋਂ, ਆਪ ਦੇ ਜ਼ਿਲ੍ਹਾ ਯੂਥ ਪ੍ਰਧਾਨ ਸ੍ਰੀ ਅਮਰਦੀਪ ਰਾਜਨ, ਬਲਾਕ ਪ੍ਰਧਾਨ ਸ੍ਰੀ ਬੱਲੀ ਬਲਜੀਤ, ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਵਿਨੋਦ ਕੁਮਾਰ, ਸ੍ਰੀ ਜਸਵਿੰਦਰ ਸਿੰਘ ਸ਼ਿੰਦਾ ਨੰਦਗੜ੍ਹ, ਬਿਕਰਮ ਲਵਲੀ ਅਤੇ ਰਣਜੀਤ ਰੱਬੀ ਆਦਿ ਸਖਸ਼ੀਅਤਾਂ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।