ਰਾਏਕੋਟ, 25 ਜੁਲਾਈ 2024 : ਨੇੜਲੇ ਪਿੰਡ ਬਸਰਾਓ ਵਿਖੇ ਬੀਤੀ ਰਾਤ ਇੱਕ ਕਿਸਾਨ ਵੱਲੋਂ ਆਪਣੇ ਕਾਮੇ ਪ੍ਰਵਾਸੀ ਮਜ਼ਦੂਰ ਨਾਲ ਮਿਲ ਕੇ ਗੁਆਂਢੀ ਕਿਸਾਨ ਦਾ ਤੇਜਧਾਰ ਹਥਿਆਰ ਨਾਲ ਕਤਲ ਕਰ ਦੇਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਕੰਵਲਜੀਤ ਸਿੰਘ ਉਰਫ ਬਿੱਲੂ ਪੁੱਤਰ ਅਜੈਬ ਸਿੰਘ ਵਾਸੀ ਪਿੰਡ ਬਸਰਾਓ ਬੀਤੀ ਰਾਤ ਸਾਢੇ 8 ਵਜੇ ਦੇ ਕਰੀਬ ਆਪਣੇ ਖੇਤ ਵਿਚ ਸਥਿਤ ਆਪਣੀ ਮੋਟਰ ਤੇ ਗਿਆ ਸੀ। ਜਿੱਥੇ ਉਸ ਨੂੰ ਕਿਸਾਨ ਹਰਜੀਤ ਸਿੰਘ ਸੇਖੋਂ ਨੇ ਆਪਣੇ ਕਾਮੇ ਇੱਕ ਪ੍ਰਵਾਸੀ ਮਜ਼ਦੂਰ ਵਿਕਾਸ ਲਾਲ ਯਾਦਵ ਵਾਸੀ ਬਿਹਾਰ ਨਾਲ ਮਿਲ ਕੇ ਤੇਜਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਮ੍ਰਿਤਕ ਕੰਵਲਜੀਤ ਸਿੰਘ ਉਰਫ ਬਿੱਲੂ ਦੇ ਪੁੱਤਰ ਜਸਪ੍ਰੀਤ ਸਿੰਘ ਵੱਲੋਂ ਥਾਣਾ ਸਦਰ ਰਾਏਕੋਟ ਦੀ ਪੁਲਿਸ ਨੂੰ ਲਿਖਵਾਏ ਬਿਆਨਾਂ ਵਿੱਚ ਦੱਸਿਆ ਕਿ ਹਰਜੀਤ ਸਿੰਘ ਸੇਖੋ ਉਹਨਾਂ ਦੀ ਜਮੀਨ ਖਰੀਦਣਾ ਚਾਹੁੰਦਾ ਸੀ ਪਰੰਤੂ ਉਸਦੇ ਪਿਤਾ ਕੰਵਲਜੀਤ ਨੇ ਜਮੀਨ ਕਿਸੇ ਹੋਰ ਨੂੰ ਵੇਚ ਦਿੱਤੀ ਸੀ। ਜਿਸ ਦੀ ਰੰਜਿਸ਼ ਵਿੱਚ ਉਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਘਟਨਾਂ ਤੋਂ ਬਾਅਦ ਦੋਵੇਂ ਕਥਿਤ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ। ਇਸ ਸਬੰਧੀ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਦੇ ਏਐਸਆਈ ਲਖਵੀਰ ਸਿੰਘ ਨੇ ਦੱਸਿਆ ਕਿ ਰਾਏਕੋਟ ਥਾਣਾ ਸਦਰ ਦੀ ਪੁਲਿਸ ਵੱਲੋਂ ਮ੍ਰਿਤਕ ਕਮਲਜੀਤ ਸਿੰਘ ਦੇ ਬੇਟੇ ਜਸਪ੍ਰੀਤ ਸਿੰਘ ਦੇ ਬਿਆਨਾਂ ਤੇ ਭਾਰਤੀ ਨਿਆਂ ਸਹਿੰਤਾ ਦੀ ਧਾਰਾ 103 (1), 3 (5) ਤਹਿਤ ਹਰਜੀਤ ਸਿੰਘ ਸੇਖੋ ਪੁੱਤਰ ਸੁਰਜੀਤ ਸਿੰਘ ਵਾਸੀ ਫੱਲੇਵਾਲ ਅਤੇ ਵਿਕਾਸ ਲਾਲ ਯਾਦਵ ਵਾਸੀ ਜੀਨਸ ਲਾਲ, ਵਾਸੀ ਹਰਸ਼ੇਰ, ਮੁਜੱਫਰਨਗਰ ਬਿਹਾਰ ਤੇ ਮੁਕਦਮਾ ਦਰਜ ਕਰ ਦਿੱਤਾ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।