ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਬਸੰਤ ਕੀਰਤਨ ਦਰਬਾਰ ਦਾ ਆਯੋਜਨ

ਸ੍ਰੀ ਫ਼ਤਹਿਗੜ੍ਹ ਸਾਹਿਬ, 19 ਫਰਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ੍ਰੀ, ਫਤਹਿਗੜ੍ਹ ਸਾਹਿਬ ਵਿਖੇ ਬਸੰਤ ਕੀਰਤਨ ਦਰਬਾਰ ਸਜਾਇਆ ਗਿਆ। ਕੈਂਪਸ ਦੇ ਗੁਰਦੁਆਰਾ ਸਾਹਿਬ ਵਿਖੇ ਵੱਖ–ਵੱਖ ਵਿਭਾਗਾਂ ਦੇ ਟੀਚਿੰਗ ਤੇ ਨਾਨ– ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਨੇ ਕੀਰਤਨ ਦਰਬਾਰ ਵਿੱਚ ਹਾਜਰੀ ਭਰੀ।  ਵਾਈਸ–ਚਾਂਸਲਰ, ਪ੍ਰੋ. ਪਰਿਤ ਪਾਲ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਅੰਦਰ ਨਵੇਂ ਇਵਨ ਸਮੈਸਟਰ ਦੀ ਸ਼ੁਰੂਆਤ ਬਸੰਤ ਕੀਰਤਨ ਦਰਬਾਰ ਨਾਲ ਕੀਤੀ ਜਾਂਦੀ ਹੈ।  ਉਨ੍ਹਾਂ ਦੱਸਿਆ ਕਿ ਇਸ ਕੀਰਤਨ ਦਰਬਾਰ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਬਸੰਤ ਰਾਗ ਅਨੁਸਾਰ ਗਾਇਨ ਕੀਤਾ ਜਾਂਦਾ ਹੈ।  ਇਸ ਮੌਕੇ ਸੰਬੋਧਤ ਹੁੰਦਿਆਂ ਡੀਨ ਅਕਾਦਮਿਕ ਮਾਮਲੇ, ਪ੍ਰੋ ਸੁਖਵਿੰਦਰ ਸਿੰਘ ਬਿਲਿੰਗ ਨੇ ਦੱਸਿਆ ਕਿ ਗੁਰਮਤਿ ਅੰਦਰ ਸੰਗੀਤ ਦਾ ਬਹੁਤ ਵੱਡਾ ਮਹੱਤਵ ਹੈ।  ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੋਂ ਕੀਰਤਨ ਦਰਬਾਰ ਦੀ ਪਰੰਪਰਾ ਚੱਲੀ ਆਉਂਦੀ ਹੈ। ਮਾਘੀ ਤੋਂ ਸ਼ੁਰੂ ਹੋ ਕੇ ਹੋਲੇ–ਮਹੱਲੇ ਤੱਕ ਜਿੱਥੇ ਬਸੰਤ ਕੀਰਤਨ ਦਰਬਾਰ ਕਰਵਾਏ ਜਾਂਦੇ ਹਨ ਉੱਥੇ ਹਰੇਕ ਕੀਰਤਨ ਚੌਂਕੀ ਵਿੱਚ ਇੱਕ ਸ਼ਬਦ ਬਸੰਤ ਰਾਗ ਦਾ ਲਾਜ਼ਮੀ ਤੌਰ ਤੇ ਗਾਇਨ ਕੀਤਾ ਜਾਂਦਾ ਹੈ ਅਤੇ ਸ਼ਬਦ ਚੌਂਕੀ ਦੀ ਸੰਪੂਰਨਤਾ ਬਸੰਤ ਕੀ ਵਾਰ ਨਾਲ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਗੁਰਮਤਿ ਅੰਦਰ ਸ਼ੁੱਧ ਅਤੇ ਮਿਸ਼ਰਤ ਬਸੰਤ ਰਾਗ ਦੇ ਦੋ ਰੂਪਾਂ ਦਾ ਗਾਇਨ ਪ੍ਰਵਾਨ ਹੈ। ਅੱਜ ਦੇ ਬਸੰਤ ਕੀਰਤਨ ਦਰਬਾਰ ਵਿੱਚ ਸੰਗੀਤ ਵਿਭਾਗ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਸ਼ਬਦ ਚੌਂਕੀ ਵਿੱਚ ਹਾਜ਼ਰੀ ਭਰੀ। ਸੰਗੀਤ ਵਿਭਾਗ ਦੇ ਮੁਖੀ ਸ. ਹਰਪ੍ਰੀਤ ਸਿੰਘ ਨੇ ਰਾਗ ਬਸੰਤ ਹਿੰਡੋਲ ਵਿਚ ਸ਼ਬਦ ਗਾਇਨ ਕੀਤਾ ਜਿਨਾਂ ਨਾਲ ਸਹਾਇਕ ਪ੍ਰੋਫੈਸਰ ਸ਼ਿਵਾਨੀ ਨੇ ਸੰਗਤ ਕੀਤੀ। ਡਾ. ਸਵਰਲੀਨ ਕੌਰ, ਰਵਿੰਦਰ ਕੌਰ ਅਤੇ ਸ਼ਬਨਮ ਨੇ ਰਾਗ ਬਸੰਤ ਵਿਚ ਸ਼ਬਦ ਗਾਇਨ ਕਰਕੇ ਹਾਜਰੀ ਭਰੀ।  ਇਸ ਮੌਕੇ ਵਿਦਿਆਰਥੀਆਂ ਵੱਲੋਂ ਗੁਰਦੁਆਰਾ ਸਾਹਿਬ ਨੂੰ ਬਸੰਤੀ ਫੁੱਲਾਂ ਨਾਲ ਸਜਾਇਆ ਗਿਆ। ਡੀਨ ਵਿਦਿਆਰਥੀ ਭਲਾਈ ਡਾ. ਸਿਕੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਖੀ/ਇੰਚਾਰਜ, ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਸ਼ਾਮਿਲ ਹੋਏ।