- ਬਰਨਾਲਾ ਨੇ ਆਪਣੇ 122 ਪਿੰਡਾਂ ਨੂੰ ਖੁੱਲ੍ਹੇ ਵਿੱਚ ਪਖਾਨੇ ਜਾਣ ਤੋਂ ਮੁਕਤ (ਪਲੱਸ) ਘੋਸ਼ਿਤ ਕਰਨ ਦੇ 25 ਪ੍ਰਤੀਸ਼ਤ ਦੇ ਟੀਚੇ ਨੂੰ ਪ੍ਰਾਪਤ ਕੀਤਾ
- ਮੰਤਰੀ ਮੀਤ ਹੇਅਰ ਨੇ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਨੂੰ ਇਸ ਪ੍ਰਾਪਤੀ ਲਈ ਦਿੱਤੀ ਵਧਾਈ
ਬਰਨਾਲਾ, 25 ਜੂਨ : ਬਰਨਾਲਾ ਆਪਣੇ 122 ਪਿੰਡਾਂ ਵਿੱਚੋਂ 25 ਪ੍ਰਤੀਸ਼ਤ ਨੂੰ ਖੁੱਲ੍ਹੇ ਵਿੱਚ ਪਖਾਨੇ ਜਾਣ ਤੋਂ ਮੁਕਤ ਪਲੱਸ (ਓ.ਡੀ.ਐਫ ਪਲੱਸ) ਘੋਸ਼ਿਤ ਕਰਕੇ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਫੇਜ਼ 2 ਦੇ ਗ੍ਰੀਨ ਜ਼ੋਨ ਵਿੱਚ ਦਾਖਲ ਹੋਣ ਵਾਲਾ ਰਾਜ ਦਾ ਚੌਥਾ ਜ਼ਿਲ੍ਹਾ ਬਣ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਜਲ ਸਰੋਤ ਅਤੇ ਵਾਤਾਵਰਣ ਵਿਭਾਗ ਦੇ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਇਹ ਪ੍ਰਾਪਤੀ ਨਾਲ ਅਣਥੱਕ ਯਤਨਾਂ ਦਾ ਫ਼ਲ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਸ਼ੰਸਾ ਪੱਤਰ ਸਵੱਛ ਵਾਤਾਵਰਣ ਨੂੰ ਯਕੀਨੀ ਬਣਾਉਣ, ਧਰਤੀ ਹੇਠਲੇ ਪਾਣੀ ਦੇ ਡਿਗਦੇ ਪੱਧਰ ਨੂੰ ਕੰਟਰੋਲ ਕਰਨ ਅਤੇ ਸਿੰਜਾਈ ਲਈ ਸੋਧੇ ਹੋਏ ਪਾਣੀ ਦੀ ਵਰਤੋਂ ਨੂੰ ਸਮਰੱਥ ਬਣਾਉਣ ਵਿੱਚ ਕਾਫੀ ਮਦਦ ਕਰੇਗਾ। ਸਵੱਛ ਭਾਰਤ ਮਿਸ਼ਨ ਫੇਜ਼ 1 ਅਧੀਨ ਕੰਮ ਘਰਾਂ ਚ ਪਖਾਨੇ ਬਣਾਉਣ ਅਤੇ ਉਹਨਾਂ ਦੀ ਵਰਤੋਂ ਉੱਤੇ ਕੀਤਾ ਗਿਆ ਸੀ । ਹੁਣ ਇਸ ਪ੍ਰੋਜੈਕਟ ਦੇ ਫੇਜ਼ 2 ਤਹਿਤ ਜਨਤਕ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਵਧੇਰੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦਾ ਉਦੇਸ਼ ਸਾਲ 2024 ਤੱਕ ਰਾਜ ਨੂੰ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਘੋਸ਼ਿਤ ਕਰਨਾ ਹੈ। ਇਸ ਦੇ ਲਈ ਸਵੱਛ ਭਾਰਤ ਮਿਸ਼ਨ ਤਹਿਤ ਜ਼ਿਲ੍ਹਿਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ 25 ਫੀਸਦੀ ਪਿੰਡਾਂ ਨੂੰ ਓਡੀਐੱਫ ਘੋਸ਼ਿਤ ਕਰਨ। ਇਸ ਸਾਲ ਅਪ੍ਰੈਲ ਵਿੱਚ ਸੰਗਰੂਰ ਇਸ ਟੀਚੇ ਨੂੰ ਪ੍ਰਾਪਤ ਕਰਨ ਵਾਲਾ ਪਹਿਲਾ ਜ਼ਿਲ੍ਹਾ ਬਣਿਆ ਸੀ ਅਤੇ ਇਸ ਤੋਂ ਬਾਅਦ ਬਠਿੰਡਾ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੂਜੇ ਅਤੇ ਤੀਜੇ ਸਥਾਨ 'ਤੇ ਰਹੇ ਸਨ। ਬਰਨਾਲਾ ਜ਼ਿਲ੍ਹੇ ਵਿੱਚ 25 ਜੂਨ ਤੱਕ 31 ਪਿੰਡਾਂ ਨੂੰ ਓ.ਡੀ.ਐਫ ਪਲੱਸ ਐਲਾਨਿਆ ਗਿਆ ਹੈ। ਉਨ੍ਹਾਂ ਨੇ ਕਿਹਾ, "ਸਵੱਛ ਭਾਰਤ ਮਿਸ਼ਨ ਦਾ ਬੁਨਿਆਦੀ ਉਦੇਸ਼ ਸਰਕਾਰਾਂ ਨੂੰ ਸਵੱਛ ਅਤੇ ਸਿਹਤਮੰਦ ਵਾਤਾਵਰਣ ਲਈ ਠੋਸ ਅਤੇ ਤਰਲ ਰਹਿੰਦ-ਖੂੰਹਦ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਕਰਨ ਦੇ ਯੋਗ ਬਣਾਉਣਾ ਹੈ।" ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਅੱਗੇ ਕਿਹਾ ਕਿ ਬਰਨਾਲਾ ਨੂੰ ਠੋਸ ਅਤੇ ਤਰਲ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਪਿੰਡ ਪੱਧਰ 'ਤੇ ਬੁਨਿਆਦੀ ਢਾਂਚਾ ਤਿਆਰ ਕਰਨ ਦਾ ਟੀਚਾ ਦਿੱਤਾ ਗਿਆ ਸੀ। ਲਿਕਵਿਡ ਵੇਸਟ ਮੈਨੇਜਮੈਂਟ (ਗੰਦੇ ਪਾਣੀ ਦੇ ਪ੍ਰਬੰਧਨ) ਤਹਿਤ ਥਾਪਰ ਜਾਂ ਸੀਚੇਵਾਲ ਮਾਡਲ ਦੀ ਤਰਜ਼ 'ਤੇ 29 ਪਿੰਡਾਂ ਦੇ ਛੱਪੜਾਂ ਦਾ ਨਵੀਨੀਂਕਰਨ ਕੀਤਾ ਗਿਆ ਹੈ। ਇਸੇ ਤਰ੍ਹਾਂ, ਠੋਸ ਰਹਿੰਦ-ਖੂੰਹਦ ਸ਼੍ਰੇਣੀ ਵਿੱਚ ਕੰਪੋਸਟ ਪਿਟ ਅਤੇ ਸ਼ੈਲਟਰ ਬਣਾਏ ਗਏ ਹਨ, ਜਿੱਥੇ ਠੋਸ ਰਹਿੰਦ-ਖੂੰਹਦ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਕੀਤਾ ਜਾ ਰਿਹਾ ਹੈ। ਇਨ੍ਹਾਂ ਛੇ ਪਿੰਡਾਂ ਵਿੱਚ ਪਿੰਡ ਭੋਤਨਾ, ਗਹਿਲ, ਕਰਮਗੜ੍ਹ ਅਤੇ ਫਰਵਾਹੀ ਸ਼ਾਮਲ ਹਨ। ਪਿੰਡ ਛੀਨੀਵਾਲ ਖੁਰਦ ਅਤੇ ਚੰਨਣਵਾਲ ਵਿਖੇ ਪਿੰਡ ਵਾਸੀ ਆਪਣੇ ਪੱਧਰ ਉੱਤੇ ਹੀ ਸਾਲਿਡ ਵੇਸਟ ਦਾ ਪ੍ਰਬੰਧ ਕਰ ਰਹੇ ਸਨ। ਐਕਸੀਅਨ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਰਵਿੰਦਰ ਬਾਂਸਲ ਨੇ ਕਿਹਾ ਕਿ ਪਿੰਡ ਗਹਿਲ, ਛੀਨੀਵਾਲ ਖੁਰਦ, ਚੰਨਣਵਾਲ ਅਤੇ ਫਰਵਾਹੀ ਵਿਖੇ ਤਰਲ ਅਤੇ ਠੋਸ - ਦੋਨੋਂ ਕਿਸਮ ਦੇ ਕੁੜੇ ਦਾ ਪ੍ਰਬੰਧਨ ਸਫ਼ਲਤਾਪੂਰਵਕ ਕੀਤਾ ਜਾ ਰਿਹਾ ਹੈ।