ਫਾਜਿਲਕਾ 31 ਜੁਲਾਈ 2024 : ਪੰਜਾਬ ਸਰਕਾਰ ਅਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਦੀ ਦੇਖ ਰੇਖ ਵਿੱਚ ਸਿਹਤ ਵਿਭਾਗ ਫਾਜਿਲਕਾ ਵੱਲੋਂ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ 01 ਅਗਸਤ ਤੋਂ 07 ਅਗਸਤ ਤੱਕ ਵਿਸ਼ੇਸ਼ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਹਫ਼ਤੇ ਸਬੰਧੀ ਜਾਣਕਾਰੀ ਦਿੰਦਿਆਂ ਡਾ ਕਵਿਤਾ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਨੇ ਦੱਸਿਆ ਕਿ ਛੋਟੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣ ਲਈ ਸਿਹਤ ਵਿਭਾਗ ਵੱਖ ਵੱਖ ਉਪਰਾਲੇ ਕਰ ਰਿਹਾ ਹੈ। ਇਸੇ ਲੜੀ ਅਧੀਨ ਸਿਹਤ ਵਿਭਾਗ ਹਰੇਕ ਸਾਲ 1 ਤੋਂ 7 ਅਗਸਤ ਤੱਕ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕਰਕੇ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕਤਾ ਕਰਨ ਲਈ ਸਮਾਗਮ ਕੀਤੇ ਜਾਂਦੇ ਹਨ। ਉਹਨਾਂ ਦੱਸਿਆ ਮਾਂ ਦਾ ਦੁੱਧ ਬੱਚਿਆਂ ਲਈ ਅੰਮ੍ਰਿਤ ਸਮਾਨ ਹੈ। ਨਵਜਨਮੇ ਬੱਚੇ ਦੇ ਪੋਸ਼ਣ ਲਈ ਮਾਂ ਦਾ ਦੁੱਧ ਇਕ ਵੱਡਮੁੱਲੀ ਤੇ ਅਣਮੁੱਲੀ ਦਾਤ ਹੈ ਅਤੇ ਇਸ ਦੁੱਧ ਦਾ ਕੋਈ ਬਦਲ ਨਹੀਂ ਹੈ। ਇਸ ਲਈ ਜਨਮ ਤੋਂ ਪਹਿਲੇ ਘੰਟੇ ਦੇ ਅੰਦਰ ਅੰਦਰ ਹੀ ਬੱਚੇ ਨੂੰ ਮਾਂ ਦਾ ਦੁੱਧ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ, ਕਿਉਂਕਿ ਪਹਿਲਾ ਤੇ ਬਾਉਲਾ ਦੁੱਧ ਪੌਸ਼ਟਿਕ ਤੱਤਾਂ ਅਤੇ ਵਿਟਾਮਿਨ ਏ ਨਾਲ ਭਰਪੂਰ ਹੁੰਦਾ ਹੈ। ਬੱਚੇ ਨੂੰ ਪਹਿਲੇ ਛੇ ਮਹੀਨੈ ਸਿਰਫ਼ ਮਾਂ ਦਾ ਦੁੱਧ ਹੀ ਦੇਣਾ ਚਾਹੀਦਾ ਹੈ ਅਤੇ ਉਸਤੋਂ ਬਾਅਦ ਬਾਹਰਲੀ ਖੁਰਾਕ ਸ਼ੁਰੂ ਕਰ ਦੇਣੀ ਚਾਹੀਦੀ ਹੈ। ਮਾਂ ਨੂੰ ਘੱਟੋ ਘੱਟ ਦੋ ਸਾਲ ਤੱਕ ਬੱਚੇ ਨੂੰ ਆਪਣਾ ਪਿਲਾਉਂਦੇ ਰਹਿਣਾ ਚਾਹੀਦਾ ਹੈ। ਡਾ ਐਰਿਕ ਨੇ ਦੱਸਿਆ ਕਿ ਮਾਂ ਦਾ ਦੁੱਧ ਨਵਜੰਮੇ ਬੱਚੇ ਲਈ ਸਰਵੋਤਮ ਅਤੇ ਸੰਪੂਰਨ ਆਹਾਰ ਹੁੰਦਾ ਹੈ। ਇਹ ਬੱਚਿਆਂ ਨੂੰ ਕੁਪੋਸ਼ਣ ਅਤੇ ਡਾਇਰੀਆ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚਾਉਂਦਾ ਹੈ ਅਤੇ ਉਨ੍ਹਾਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਵਿੱਚ ਵੀ ਸਹਾਇਕ ਹੁੰਦਾ ਹੈ। ਮਾਂ ਦਾ ਦੁੱਧ ਬੱਚੇ ਅੰਦਰ ਬਿਮਾਰੀਆਂ ਵਿਰੁੱਧ ਲੜਨ ਦੀ ਸ਼ਕਤੀ ਵੀ ਪੈਦਾ ਕਰਦਾ ਹੈ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ, ਮਲੇਰੀਆ ਵਿੰਗ, ਮਲਟੀਪਰਪਜ਼ ਸਟਾਫ਼, ਫੈਸਿਲੀਟੇਟਰਾਂ ਵੱਲੋਂ ਇਸ ਹਫ਼ਤੇ ਦੌਰਾਨ ਵਿਸ਼ੇਸ਼ ਮੁਹਿੰਮ ਰਾਹੀਂ ਸਿਹਤ ਕੇਂਦਰਾਂ, ਜਨਤਕ ਥਾਵਾਂ, ਆਂਗਣਵਾੜੀ ਸੈਂਟਰਾਂ ਅਤੇ ਥਾਵਾਂ ਤੇ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਮੇਂ ਮਾਸ ਮੀਡੀਆ ਵਿੰਗ ਤੋਂ ਵਿਨੋਦ ਖੁਰਾਣਾ, ਦਿਵੇਸ਼ ਕੁਮਾਰ ਹਾਜ਼ਰ ਸਨ।