ਫ਼ਤਹਿਗੜ੍ਹ ਸਾਹਿਬ, 12 ਜੁਲਾਈ : ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ 12 ਅਗਸਤ ਤੱਕ " ਅਨੀਮੀਆ ਮੁਕਤ ਪੰਜਾਬ " ਮੁਹਿੰਮ ਤਹਿਤ ਜ਼ਿਲ੍ਹੇ ਦੇ ਸਮੂਹ ਆਂਗਨਵਾੜੀ ਕੇਂਦਰਾਂ ਵਿੱਚ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣਗੇ । ਇਹ ਜਾਣਕਾਰੀ ਬਾਲ ਵਿਕਾਸ ਪ੍ਰੋਜੈਕਟ ਅਫਸਰ ਸ਼੍ਰੀ ਰਾਹੁਲ ਅਰੋੜਾ ਨੇ ਅਰਬਨ ਸਿਹਤ ਕੇਂਦਰ ਬਾੜਾ ਵਿਖੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਗਰਭਵਤੀ ਤੇ ਨਰਸਿੰਗ ਮਾਵਾਂ, 6 ਸਾਲ ਤੱਕ ਦੇ ਬੱਚਿਆਂ ਅਤੇ ਕਿਸ਼ੋਰੀਆਂ ਦਾ ਹੀਮੋਗਲੋਬਿਨ ਲੈਵਲ ਦਾ ਚੈੱਕਅਪ ਕੀਤਾ ਜਾਵੇਗਾ ਅਤੇ ਅਨੀਮੀਆ ਦੀ ਘਾਟ ਨੂੰ ਪੂਰਨ ਕਰਨ ਲਈ ਬਣਦੀ ਖੁਰਾਕ ਸੰਬੰਧੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਪੂਰੇ ਮਹੀਨੇ ਸਿਹਤ ਵਿਭਾਗ ਅਤੇ ਆਂਗਨਵਾੜੀ ਵਰਕਰਾਂ ਰਾਹੀਂ ਲਾਭਪਾਤਰੀਆਂ ਨੂੰ ਅਨੀਮੀਆ ਦੇ ਕਾਰਨਾਂ, ਲੱਛਣਾਂ ਅਤੇ ਬਚਾਓ ਸਬੰਧੀ ਜਾਗਰੂਕ ਕੀਤਾ ਜਾਵੇਗਾ। ਅੱਜ ਦੇ ਕੈਂਪ ਦੌਰਾਨ ਗਰਭਵਤੀ ਔਰਤਾਂ, ਨਰਸਿੰਗ ਮਾਵਾਂ ਨੂੰ ਅਨੀਮੀਆ ਤੋਂ ਬਚਾਓ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਮੌਕੇ ਤੇ ਲਾਭਪਾਤਰੀਆਂ ਦਾ ਹੀਮੋਗਲੋਬਿਨ ਲੈਵਲ ਚੈੱਕ ਕੀਤਾ ਗਿਆ। ਇਸ ਮੌਕੇ ਆਰ.ਬੀ.ਐਸ.ਕੇ. ਹਰਪਾਲ ਸਿੰਘ, ਜ਼ਿਲ੍ਹਾ ਕੁਆਰਡੀਨੇਟਰ ਹੇਮਲਤਾ, ਬਲਾਕ ਕੁਆਰਡੀਨੇਟਰ ਪੋਸ਼ਣ ਅਭਿਆਨ ਡਾ: ਹਰਮਨਪ੍ਰੀਤ ਕੌਰ, ਮੈਡੀਕਲ ਅਫਸਰ ਡਾ: ਰਮਨ ਕੁਮਾਰ ਜਿੰਦਲ ਅਤੇ ਡਾ: ਰੀਟਾ, ਸੁਪਰਵਾਈਜ਼ਰ ਹਰਬੰਸ ਕੌਰ, ਏ.ਐਨ.ਐਮ. ਭੁਪਿੰਦਰ ਕੌਰ, ਪਰਮੀਤਾ ਸਿਨਹਾ ਤੋਂ ਇਲਾਵਾ ਆਂਗਨਵਾੜੀ ਵਰਕਰ, ਆਸ਼ਾ ਵਰਕਰ ਅਤੇ ਹੋਰ ਪਤਵੰਤੇ ਮੌਜੂਦ ਸਨ।