ਲੁਧਿਆਣਾ, 27 ਸਤੰਬਰ : ਲੁਧਿਆਣਾ ਦੀ ਸੀਆਈਏ-2 ਨੇ ਗੁਰਦਾਸਪੁਰ ਸੀਆਈਏ ਵਿਚ ਤਾਇਨਾਤ ਇਕ ਏਐਸਆਈ ਅਤੇ ਉਸ ਦੇ 4 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੇ ਇਕ ਅੰਤਰਰਾਸ਼ਟਰੀ ਸੋਨਾ ਤਸਕਰ ਨੂੰ ਲੁੱਟਿਆ ਸੀ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦਸਿਆ ਕਿ ਪੁਲਿਸ ਨੇ 9 ਸਤੰਬਰ ਨੂੰ ਇਕ ਅੰਤਰਰਾਸ਼ਟਰੀ ਸੋਨਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਸੀ। ਇਸ ਮਾਮਲੇ ਵਿਚ ਆਜ਼ਾਦ ਕੁਮਾਰ ਅਤੇ ਆਸ਼ੂ ਕੁਮਾਰ ਨੂੰ 1 ਕਿਲੋ 230 ਗ੍ਰਾਮ ਸੋਨਾ ਅਤੇ ਨਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਗਰੋਹ ਦਾ ਮਾਸਟਰਮਾਈਂਡ ਪੁਨੀਤ ਉਰਫ਼ ਪੰਕਜ ਦੁਬਈ ਵਿਚ ਹੈ। ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਅੰਮ੍ਰਿਤਸਰ ਅਤੇ ਮੋਹਾਲੀ ਹਵਾਈ ਅੱਡਿਆਂ ਦੀ ਵਰਤੋਂ ਕਰਕੇ ਸੋਨੇ ਦੀ ਤਸਕਰੀ ਕਰਦੇ ਹਨ। ਮੁਲਜ਼ਮਾਂ ਨੇ ਮੁਹਾਲੀ ਹਵਾਈ ਅੱਡੇ ’ਤੇ ਇੱਕ ਯਾਤਰੀ ਰਾਹੀਂ 1 ਕਿਲੋ 700 ਗ੍ਰਾਮ ਤੋਂ ਵੱਧ ਸੋਨੇ ਦੀ ਪੇਸਟ ਭੇਜੀ ਸੀ। ਜਿਸ ਦੀ ਕੀਮਤ ਕਰੀਬ 1 ਕਰੋੜ ਰੁਪਏ ਹੈ। ਨੇਹਾ ਨਾਂ ਦੀ ਲੜਕੀ ਦੋਸ਼ੀ ਪੰਕਜ ਦੇ ਕੋਲ ਕੰਮ ਕਰਦੀ ਹੈ। ਉਸ ਨੂੰ ਪਤਾ ਸੀ ਕਿ ਸੋਨੇ ਦੀ ਤਸਕਰੀ ਕਿਵੇਂ ਹੁੰਦੀ ਹੈ ਅਤੇ ਜਦੋਂ ਕੋਈ ਯਾਤਰੀ ਸੋਨਾ ਲੈ ਕੇ ਹਵਾਈ ਅੱਡੇ 'ਤੇ ਪਹੁੰਚਦਾ ਹੈ। ਨੇਹਾ ਦੁਬਈ ਤੋਂ ਗੁਰਦਾਸਪੁਰ ਆਈ ਸੀ। ਉਥੇ ਉਸ ਨੇ ਅਪਣਾ ਗੈਂਗ ਬਣਾ ਲਿਆ। ਹਰਜਿੰਦਰ ਸਿੰਘ ਉਰਫ਼ ਬੱਬਾ, ਸਤਨਾਮ ਸਿੰਘ ਉਰਫ਼ ਸੋਢੀ, ਹਰਪ੍ਰੀਤ ਸਿੰਘ ਉਰਫ਼ ਬੱਬੂ ਨੇ ਗੁਰਦਾਸਪੁਰ ਸੀਆਈਏ ਵਿਚ ਤਾਇਨਾਤ ਏਐਸਆਈ ਕਮਲ ਕਿਸ਼ੋਰ ਨਾਲ ਮਿਲ ਕੇ ਲੁੱਟ ਦੀ ਯੋਜਨਾ ਬਣਾਈ। ਜਿਵੇਂ ਹੀ ਯਾਤਰੀ ਏਅਰਪੋਰਟ ਤੋਂ ਕੁੱਝ ਦੂਰ ਗਿਆ ਤਾਂ ਮੁਲਜ਼ਮਾਂ ਨੇ ਉਸ ਨੂੰ ਡਰਾ ਧਮਕਾ ਕੇ ਲੁੱਟ-ਖੋਹ ਕਰ ਲਈ। ਏਐਸਆਈ ਕਮਲ ਕਿਸ਼ੋਰ ਨੇ ਚਾਰ ਮੁਲਜ਼ਮਾਂ ਨਾਲ ਏਅਰਪੋਰਟ ਤੋਂ ਬਾਹਰ ਆ ਰਹੇ ਯਾਤਰੀ ਨੂੰ ਰੋਕਿਆ। ਉਸ ਨੇ ਮੁਲਜ਼ਮਾਂ ਨਾਲ ਮਿਲ ਕੇ ਰਾਹਗੀਰ ਨੂੰ ਡਰਾ-ਧਮਕਾ ਕੇ ਯਾਤਰੀ ਤੋਂ ਪਾਸਪੋਰਟ ਵੀ ਖੋਹ ਲਿਆ। ਮੁਲਜ਼ਮਾਂ ਨੇ ਗੁਰਦਾਸਪੁਰ ਵਿਚ ਕਰੀਬ 50 ਲੱਖ ਰੁਪਏ ਦਾ ਸੋਨਾ ਵੇਚਿਆ। ਇਸ ਤੋਂ ਬਾਅਦ ਮੁਲਜ਼ਮ ਸਕਾਰਪੀਓ ਕਾਰ ਵਿਚ ਸੋਨਾ ਵੇਚਣ ਲਈ ਲੁਧਿਆਣਾ ਆਏ। ਪੁਲਿਸ ਨੇ ਮੁਲਜ਼ਮਾਂ ਕੋਲੋਂ 825 ਗ੍ਰਾਮ ਸੋਨਾ, 8 ਲੱਖ ਰੁਪਏ ਨਕਦ, 2 ਮੋਬਾਈਲ ਅਤੇ ਇਕ ਪਾਸਪੋਰਟ ਬਰਾਮਦ ਕੀਤਾ ਹੈ। ਹੁਣ ਗੁਰਦਾਸਪੁਰ 'ਚ ਸੋਨਾ ਲੁੱਟਣ ਵਾਲਿਆਂ ਖਿਲਾਫ ਪੁਲਿਸ ਛਾਪੇਮਾਰੀ ਕਰੇਗੀ।