ਡਿਪਟੀ ਕਮਿਸ਼ਨਰ ਵਲੋਂ ਵਸਨੀਕਾਂ ਨੂੰ ਅਪੀਲ; 'ਬਿੱਲ ਲਿਆਓ, ਇਨਾਮ ਪਾਓਂ ਸਕੀਮ ਦਾ ਲਿਆ ਜਾਵੇ ਵੱਧ ਤੋਂ ਵੱਧ ਲਾਭ

  • ਵਸਨੀਕ 'ਮੇਰਾ ਬਿੱਲ' ਮੋਬਾਈਲ ਐਪ 'ਤੇ ਬਿੱਲ ਦੀ ਕਾਪੀ ਅਪਲੋਡ ਕਰਕੇ ਨਕਦ ਇਨਾਮ ਜਿੱਤ ਸਕਦੇ ਹਨ - ਸੁਰਭੀ ਮਲਿਕ 

ਲੁਧਿਆਣਾ, 1 ਸਤੰਬਰ : ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਵਲੋਂ ਲੁਧਿਆਣਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 'ਬਿੱਲ ਲਿਆਓ, ਇਨਾਮ ਪਾਓ' ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ। ਇਹ ਸਕੀਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਖਰੀਦਦਾਰਾਂ ਨੂੰ ਵਸਤੂਆਂ ਦੀ ਖਰੀਦ ਤੋਂ ਬਾਅਦ ਡੀਲਰਾਂ ਤੋਂ ਬਿੱਲ ਹਾਸਲ ਕਰਨ ਲਈ ਉਤਸ਼ਾਹਿਤ ਕਰਨ ਸਬੰਧੀ ਸ਼ੁਰੂ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖਪਤਕਾਰਾਂ ਨੂੰ 'ਮੇਰਾ ਬਿੱਲ' ਐਪ 'ਤੇ ਖਰੀਦ ਦਾ ਬਿੱਲ ਅਪਲੋਡ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ ਜਿਸ ਤੋਂ ਬਾਅਦ ਇਹ ਖਪਤਕਾਰ ਲੱਕੀ ਡਰਾਅ ਵਿਚ ਸ਼ਾਮਲ ਹੋਣ ਦੇ ਯੋਗ ਹੋ ਜਾਣਗੇ ਅਤੇ ਲੱਕੀ ਡਰਾਅ ਹਰੇਕ ਮਹੀਨੇ ਦੀ 7 ਤਰੀਕ ਨੂੰ ਕੱਢਿਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਹਰੇਕ ਜ਼ਿਲ੍ਹੇ ਵਿਚ ਵੱਧ ਤੋਂ ਵੱਧ 10 ਇਨਾਮ ਦਿੱਤੇ ਜਾਣੇ ਹਨ ਅਤੇ ਯੋਗ ਬਿੱਲ ਦੀ ਰਕਮ ਘੱਟ ਤੋਂ ਘੱਟ 200 ਰੁਪਏ ਹੋਣੀ ਚਾਹੀਦੀ ਹੈ। ਪੈਟਰੋਲੀਅਮ ਉਤਪਾਦਾਂ ਅਤੇ ਸ਼ਰਾਬ ਦੇ ਵਿਕਰੀ ਬਿੱਲ ਡਰਾਅ ਲਈ ਯੋਗ ਨਹੀਂ ਹਨ। ਉਨ੍ਹਾਂ ਦੱਸਿਆ ਕਿ ਇਹ ਇਨਾਮ ਵਸਤ/ਸੇਵਾ ਲਈ ਅਦਾ ਕੀਤੇ ਕਰ ਯੋਗ ਰਕਮ ਦੇ ਪੰਜ ਗੁਣਾਂ ਦੇ ਬਰਾਬਰ ਹੋਵੇਗਾ ਪਰ ਇਹ ਇਨਾਮ ਵੱਧ ਤੋਂ ਵੱਧ 10 ਹਜ਼ਾਰ ਰੁਪਏ ਤੱਕ ਦੇ ਮੁੱਲ ਦਾ ਹੋਵੇਗਾ। ਉਨ੍ਹਾਂ ਕਿਹਾ ਕਿ ਜੇਤੂਆਂ ਦੀ ਸੂਚੀ ਟੈਕਸੇਸ਼ਨ ਵਿਭਾਗ ਦੀ ਵੈੱਬਸਾਈਟ ਉਤੇ ਪਾਈ ਜਾਵੇਗੀ ਅਤੇ ਜੇਤੂਆਂ ਨੂੰ ਮੋਬਾਈਲ ਐਪ ਦੇ ਰਾਹੀਂ ਸੂਚਿਤ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਸਨੀਕਾਂ ਨੂੰ 'ਮੇਰਾ ਬਿੱਲ' ਐਪ ਨੂੰ ਆਪਣੇ ਮੋਬਾਈਲ ਫੋਨ 'ਤੇ ਗੂਗਲ ਪਲੇ ਸਟੋਰ ਜਾਂ ਆਈ.ਓ.ਐਸ. ਤੋਂ ਡਾਊਨਲੋਡ ਕਰਨ ਤੋਂ ਬਾਅਦ ਰਜਿਸਟਰ ਕਰਨਾ ਚਾਹੀਦਾ ਹੈ ਅਤੇ ਇਸ ਸਕੀਮ ਦਾ ਲਾਭ ਉਠਾਉਣਾ ਚਾਹੀਦਾ ਹੈ।

ਪੀ.ਸੀ.ਐਸ. ਅਧਿਕਾਰੀਆਂ ਨੇ ਮੁਹਿੰਮ ਨੂੰ ਕੀਤਾ ਉਤਸ਼ਾਹਿਤ
ਜਾਅਲੀ ਬਿਲਿੰਗ ਨੂੰ ਰੋਕਣ, ਟੈਕਸ ਕਾਨੂੰਨ ਦੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਸੂਬੇ ਵਿੱਚ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹੇ ਵਿੱਚ ਤਾਇਨਾਤ ਪੀ.ਸੀ.ਐਸ. ਅਧਿਕਾਰੀਆਂ ਵਲੋਂ ਵੀ ਮੇਰਾ ਬਿੱਲ ਐਪਲੀਕੇਸ਼ਨ ਅਤੇ ਬਿਲ ਲਿਆਓ, ਇਨਾਮ ਪਾਓ਼ ਸਕੀਮ ਨੂੰ ਉਤਸ਼ਾਹਿਤ ਕੀਤਾ। ਇਸ ਮੁਹਿੰਮ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਐਸ.ਡੀ.ਐਮ. ਪੂਰਬੀ ਗੁਰਸਿਮਰਨ ਸਿੰਘ ਢਿੱਲੋਂ, ਈਓ ਗਲਾਡਾ ਰਣਦੀਪ ਸਿੰਘ ਹੀਰ, ਸੰਯੁਕਤ ਕਮਿਸ਼ਨਰ ਨਗਰ ਨਿਗਮ ਅੰਕੁਰ ਮਹਿੰਦਰੂ, ਸਹਾਇਕ ਕਮਿਸ਼ਨਰ ਸੇਲਜ਼ ਟੈਕਸ ਜਗਦੀਪ ਸਹਿਗਲ ਨੇ ਨਾਗਰਿਕਾਂ/ਗ੍ਰਾਹਕਾਂ ਨੂੰ ਅਪੀਲ ਕੀਤੀ ਕਿ ਉਹ ਵਿਕਰੇਤਾਵਾਂ/ਦੁਕਾਨਦਾਰਾਂ ਤੋਂ ਖਰੀਦ ਕੀਤੇ ਸਮਾਨ ਦਾ ਬਿੱਲ ਜ਼ਰੂਰ ਲੈਣ।