- ਮਾਮਲਾ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਅਤੇ ਹੋਰਨਾਂ ਵਰਕਰਾਂ ਨੂੰ ਸਰਕਾਰ ਵੱਲੋਂ ਨੋਟਿਸ ਕੱਢਣ ਦਾ
ਮੁੱਲਾਂਪੁਰ ਦਾਖਾ, 3 ਅਗਸਤ (ਸਤਵਿੰਦਰ ਸਿੰਘ ਗਿੱਲ) : ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ਤੇ ਅੱਜ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਵੱਡੀ ਗਿਣਤੀ ਵਿੱਚ ਤਿੰਨ ਸਰਕਲਾਂ ਬਲਾਕ ਸਿੱਧਵਾਂ ਬੇਟ,ਭੂੰਦੜੀ ਅਤੇ ਸਵੱਦੀ ਕਲਾਂ ਦੀਆਂ ਆਂਗਣਵਾੜੀ ਵਰਕਰਾ ਅਤੇ ਹੈਲਪਰਾ ਨੇ ਇਕੱਠੀਆਂ ਹੋ ਕੇ ਪੰਜਾਬ ਸਰਕਾਰ ਦਾ ਪੁਤਲਾ ਬਣਾ ਕੇ ਫੂਕਿਆ ਅਤੇ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ । ਇਸ ਮੌਕੇ ਬੋਲਦਿਆਂ ਯੂਨੀਅਨ ਦੀਆਂ ਆਗੂਆਂ ਜ਼ਿਲਾ ਪ੍ਰਧਾਨ ਮੈਡਮ ਗੁਰਅਮਿੰਰਤ ਕੌਰ ਲੀਹਾਂ ਅਤੇ ਬਲਾਕ ਪ੍ਰਧਾਨ ਮੈਡਮ ਮਨਜੀਤ ਕੌਰ ਢਿੱਲੋਂ ਬਰਸਾਲ ਨੇ ਕਿਹਾ ਕਿ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਪਿਛਲੇਂ 10 ਮਹੀਨਿਆਂ ਤੋਂ ਵਰਕਰਾਂ ਤੇ ਹੈਲਪਰਾਂ ਨੂੰ ਤਨਖਾਹਾਂ ਨਾ ਮਿਲਣ ਕਰਕੇ ਅਤੇ ਹੋਰ ਮੰਗਾਂ ਮਨਵਾਉਣ ਲਈ ਪੰਜਾਬ ਸਰਕਾਰ ਨੂੰ ਨੋਟਿਸ ਭੇਜਿਆ ਸੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ 6 ਅਗਸਤ ਨੂੰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਮੰਤਰੀ ਡਾਕਟਰ ਬਲਜੀਤ ਕੌਰ ਦੇ ਘਰ ਅੱਗੇ ਫਰੀਦਕੋਟ ਵਿਖੇ ਰੋਸ ਪ੍ਰਦਰਸ਼ਨ ਕਰਨਗੀਆਂ । ਜਿਸ ਦੀ ਬੁਖਲਾਹਟ ਵਿੱਚ ਆ ਕੇ ਮੰਤਰੀ ਨੇ ਹਰਗੋਬਿੰਦ ਕੌਰ ਅਤੇ ਹੋਰਨਾਂ ਵਰਕਰਾਂ ਨੂੰ ਨੌਕਰੀ ਤੋਂ ਕੱਢਣ ਲਈ ਨੋਟਿਸ ਭੇਜ ਦਿੱਤੇ ਹਨ । ਜਿਸ ਦਾ ਜਥੇਬੰਦੀ ਸਖਤ ਵਿਰੋਧ ਕਰਦੀ ਹੈ ਤੇ ਉਹ ਚਟਾਨ ਵਾਂਗ ਸੂਬਾ ਪ੍ਰਧਾਨ ਦੇ ਨਾਲ ਖੜੀਆਂ ਹਨ । ਆਗੂਆਂ ਦਾ ਕਹਿਣਾ ਹੈ ਕਿ ਹਰਗੋਬਿੰਦ ਕੌਰ ਨੇ ਸਰਕਾਰ ਨੂੰ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਸਬੰਧੀ ਨੋਟਿਸ ਪਹਿਲੀ ਵਾਰ ਨਹੀਂ ਭੇਜਿਆ । ਸਗੋਂ ਪਿਛਲੇਂ 30 ਸਾਲਾਂ ਤੋਂ ਅਜਿਹੇ ਨੋਟਿਸ ਉਹਨਾਂ ਦੇ ਦਸਤਖਤਾ ਹੇਠ ਭੇਜੇ ਜਾ ਰਹੇ ਹਨ । ਪਰ ਹੁਣ ਜੇਕਰ ਹਰਗੋਬਿੰਦ ਕੌਰ ਨੇ ਸਿਆਸੀ ਖੇਤਰ ਵਿੱਚ ਪੈਰ ਰੱਖਿਆ ਹੈ ਤਾਂ ਸਰਕਾਰ ਦੇ ਭਾਅ ਦੀ ਬਣ ਗਈ । ਉਹਨਾਂ ਕਿਹਾ ਕਿ ਉਹ ਸਰਕਾਰਾਂ ਦੀਆਂ ਘੁਰਕੀਆਂ ਤੋਂ ਨਾ ਕਦੇ ਪਹਿਲਾਂ ਡਰੀਆਂ ਹਨ ਤੇ ਨਾ ਹੁਣ ਡਰਨਗੀਆਂ ਤੇ ਇੱਟ ਨਾਲ ਇੱਟ ਖੜਕਾ ਦੇਣਗੀਆਂ ।ਇਸ ਮੌਕੇ ਯੂਨੀਅਨ ਆਗੂਆਂ ਤੇ ਸਰਬਜੀਤ ਕੌਰ ਵਿਰਕ ਪ੍ਰੈਸ਼ ਸਕੱਤਰ ,ਕਰਮਜੀਤ ਕੌਰ ਸਦਰਪੁਰਾ ਜਨਰਲ ਸਕੱਤਰ, ਜਸਵੀਰ ਕੌਰ ਵਲੀਪੁਰ ਸਹਾਇਕ ਸਕੱਤਰ,ਗੁਰਚਰਨ ਕੌਰ ਭੂੰਦੜੀ ਪ੍ਰਚਾਰ ਸਕੱਤਰ , ਪੂਸਪਿੰਦਰ ਕੌਰ, ਪਰਮਜੀਤ ਕੌਰ ਬੁਜਰਗ ਸਰਕਲ ਪ੍ਰਧਾਨ , ਅਮਰਜੀਤ ਕੌਰ ਬਣੀਏਵਾਲ ,ਸ਼ਸ਼ੀ ਸਿੱਧਵਾਂ ਬੇਟ , ਕੁਲਦੀਪ ਕੌਰ ਸਲੇਮਪੁਰਾ, ਰਣਜੀਤ ਕੌਰ ਧੋਥੜ, ਗੁਰਮੀਤ ਕੌਰ ਸਵੱਦੀ ਕਲਾਂ,ਗੁਰਦੇਵ ਕੌਰ ਸਵੱਦੀ ਕਲਾਂ, ਰਾਜਵਿੰਦਰ ਕੌਰ ਸਵੱਦੀ ਕਲਾਂ, ਕਮਲਜੀਤ ਕੌਰ ਸਿੱਧਵਾਂ ਕਲਾਂ, ਕੁਲਜੀਤ ਕੌਰ ਸਿੱਧਵਾਂ ਕਲਾਂ,ਗੀਤਾ ਰਾਣੀ ਗਿੱਦੜਵਿੰਡੀ, ਬਲਵਿੰਦਰ ਕੌਰ, ਬਲਜੀਤ ਕੌਰ, ਕਮਲਜੀਤ ਕੌਰ ,ਨੇਹਾ ਸਮੇਤ ਹੋਰ ਆਂਗਣਵਾੜੀ ਵਰਕਰਾਂ,ਹੈਲਪਰਾ ਵੱਡੀ ਗਿਣਤੀ ਵਿਚ ਹਾਜ਼ਰ ਸਨ।