- ਸਾਫ਼-ਸਫ਼ਾਈ ਰੱਖਣ ਦੇ ਨਾਲ-ਨਾਲ ਸਫ਼ਾਈ ਵਿਵਸਥਾ ਸੁਧਾਰਨ ਲਈ ਯੋਗਦਾਨ ਪਾਉਣ ਸ਼ਹਿਰ ਵਾਸੀ ਤੇ ਸਮਾਜ ਸੇਵੀ ਸੰਸਥਾਵਾਂ: ਕੈਬਨਿਟ ਮੰਤਰੀ ਅਰੋੜਾ
ਸੁਨਾਮ ਊਧਮ ਸਿੰਘ ਵਾਲਾ, 4 ਜੁਲਾਈ : ਦੇਸ਼ ਦੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਜੀ ਦੇ ਜੱਦੀ ਸ਼ਹਿਰ ਸੁਨਾਮ ਊਧਮ ਸਿੰਘ ਵਾਲਾ ਨੂੰ ਸਾਫ਼-ਸਫ਼ਾਈ ਪੱਖੋਂ ਪੰਜਾਬ ਦਾ ਅੱਵਲ ਸ਼ਹਿਰ ਬਣਾਉਣ ਲਈ ਕੈਬਨਿਟ ਮੰਤਰੀ ਅਤੇ ਸੁਨਾਮ ਹਲਕੇ ਤੋਂ ਵਿਧਾਇਕ ਅਮਨ ਅਰੋੜਾ ਨੇ ਇੱਕ ਨਵੀਂ ਮੁਹਿੰਮ ਆਰੰਭ ਕਰਦਿਆਂ ਸ਼ੁਕਰਵਾਰ ਤੱਕ ਇਸ ਸਬੰਧੀ ਸੁਝਾਅ ਮੰਗੇ ਹਨ। ਸਫ਼ਾਈ ਵਿਵਸਥਾ ਸਬੰਧੀ ਲੋਕਾਂ ਦੇ ਵਿਚਾਰ ਜਾਨਣ ਲਈ ਕੀਤੇ ਗਏ ਇੱਕ ਜਨਤਕ ਇਕੱਠ, ਜਿਸ ਵਿੱਚ 80 ਦੇ ਕਰੀਬ ਧਾਰਮਿਕ, ਸਮਾਜਿਕ ਸੰਸਥਾਵਾਂ ਅਤੇ ਕਲੱਬਾਂ ਨੂੰ ਸੁਝਾਅ ਦੇਣ ਲਈ ਬੁਲਾਇਆ ਗਿਆ ਸੀ, ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਰਹਿਣ-ਸਹਿਣ ਲਈ ਚੰਗਾ ਮਾਹੌਲ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਦੀ ਸਫ਼ਾਈ ਵਿਵਸਥਾ ਸੁਧਾਰਨ ਲਈ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਇਸ ਤਹਿਤ ਸੁਨਾਮ ਸ਼ਹਿਰ ਦੀ ਸਾਫ਼-ਸਫ਼ਾਈ ਸਹੀ ਢੰਗ ਨਾਲ ਕਰਵਾਉਣ ਲਈ ਉਨ੍ਹਾਂ ਆਪਣੇ ਪੱਧਰ ਉੱਪਰ ਇੱਕ ਮੁਹਿੰਮ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਸ਼ੁਕਰਵਾਰ ਤੱਕ ਸੰਗਠਨ ਅਤੇ ਸਮਾਜ ਸੇਵੀ ਆਪਣੇ ਸੁਝਾਅ ਦੇ ਸਕਦੇ ਹਨ ਜਿਨਾਂ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਇਸ ਖੇਤਰ ਦੇ ਮਾਹਿਰਾਂ ਦੇ ਨਾਲ-ਨਾਲ ਮੂਨਕ ਸ਼ਹਿਰ ਦੇ ਨੁਮਾਇੰਦਿਆਂ ਨੂੰ ਵੀ ਨਾਲ ਜੋੜਿਆ ਗਿਆ ਹੈ ਕਿਉਂਕਿ ਮੂਨਕ ਸ਼ਹਿਰ ਪਿਛਲੇ ਕਈ ਸਾਲਾਂ ਤੋਂ ਸਵੱਛਤਾ ਰੈਕਿੰਗ ਵਿੱਚ ਉੱਤਮ ਚਲਿਆ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਸ਼ਹਿਰ ਦੇ ਲੋਕਾਂ ਦਾ ਨਗਰ ਕੌਂਸਲ ਦੇ ਨਾਲ ਤਾਲਮੇਲ ਕਰਵਾਇਆ ਜਾਵੇਗਾ ਜਿਸ ਤੋਂ ਬਾਅਦ ਸਫ਼ਾਈ ਲਈ ਲੋੜੀਂਦੀ ਮਸ਼ੀਨਰੀ ਅਤੇ ਫ਼ੰਡ ਮੁਹੱਈਆ ਕਰਵਾਉਣੇ ਉਨ੍ਹਾਂ ਵੱਲੋਂ ਨਿੱਜੀ ਪੱਧਰ ਉੱਪਰ ਯਕੀਨੀ ਬਣਾਏ ਜਾਣਗੇ। ਕੈਬਨਿਟ ਮੰਤਰੀ ਨੇ ਸੁਨਾਮ ਵਾਸੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਵਿੱਚ ਆਪਣਾ ਯੋਗਦਾਨ ਯਕੀਨੀ ਪਾਉਣ ਅਤੇ ਅੱਗੇ ਆ ਕੇ ਲੋਕਾਂ ਨੂੰ ਸਾਫ਼-ਸਫ਼ਾਈ ਰੱਖਣ ਲਈ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਸਫ਼ਾਈ ਵਿਵਸਥਾ ਸੁਧਾਰਨ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਆਪਣੀ ਸੁਵਿਧਾ ਅਨੁਸਾਰ ਸ਼ਹਿਰ ਦੇ ਇਲਾਕੇ ਚੁਣ ਕੇ ਉਨ੍ਹਾਂ ਵਿੱਚ ਸਾਫ਼-ਸਫ਼ਾਈ ਰੱਖਣ ਵਿੱਚ ਮਦਦ ਕਰਨ ਤਾਂ ਸੁਨਾਮ ਨੂੰ ਸਹਿਜੇ ਹੀ ਸਫ਼ਾਈ ਪੱਖੋਂ ਅੱਵਲ ਸ਼ਹਿਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰਜ਼ ਤੇ ਜਲਦੀ ਹੀ ਵਾਰਡਾਂ ਦੇ ਪੱਧਰ ਉੱਤੇ ਮੁਹਿੰਮ ਆਰੰਭੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ. ਜਸਪ੍ਰੀਤ ਸਿੰਘ, ਚੇਅਰਮੈਨ ਮਾਰਕਿਟ ਕਮੇਟੀ ਸੁਨਾਮ ਮੁਕੇਸ਼ ਜੁਨੇਜਾ, ਈਓ ਅੰਮ੍ਰਿਤ ਲਾਲ, ਸੀਨੀਅਰ ਮੀਤ ਪ੍ਰਧਾਨ ਆਸ਼ਾ ਬਜਾਜ, ਰਵੀ ਕਾਂਤ ਗੋਇਲ, ਜਤਿੰਦਰ ਜੈਨ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।