- ਸਿੱਧੀ ਬਿਜਾਈ ਲਈ ਪ੍ਰੋਤਸਾਹਨ ਰਾਸ਼ੀ ਦਾ ਲਾਭ ਲੈਣ ਲਈ ਕਿਸਾਨ 25 ਜੂਨ 2023 ਤੱਕ ਕਰ ਸਕਦੇ ਹਨ ਰਜਿਸਟ੍ਰੇਸ਼ਨ
ਫਾਜ਼ਿਲਕਾ 19 ਜੂਨ : ਮੁੱਖ ਖੇਤੀਬਾੜੀ ਅਫਸਰ ਡਾ. ਜੰਗੀਰ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਨੂੰ ਪਹਿਲ ਦੇਣ। ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਪ੍ਰੋਤਸ਼ਾਹਨ ਰਾਸ਼ੀ ਦਾ ਲਾਭ ਦਿੱਤਾ ਜਾ ਰਿਹਾ ਹੈ। ਜ਼ਿਲ੍ਹਾ ਵਾਸੀ ਹੁਣ ਵੀ ਜੂਨ ਦੇ ਦੂਜੇ ਪੰਦਰਵਾੜੇ ਵਿੱਚ ਬਿਜਾਈ ਵਾਲੀਆਂ ਕਿਸਮਾਂ ਜਿਵੇਂ ਕਿ ਪਰਮਲ ਪੀ ਆਰ 126 ਅਤੇ ਬਾਸਮਤੀ ਪੂਸਾ 1509 ਅਤੇ 1692 ਦੀ ਬਿਜਾਈ ਕਰਕੇ ਪ੍ਰੋਤਸ਼ਾਹਨ ਰਾਸ਼ੀ ਦਾ ਲਾਭ ਉਠਾ ਸਕਦੇ ਹਨ। ਕਿਸਾਨ ਸਿੱਧੀ ਬਿਜਾਈ ਲਈ ਪ੍ਰੋਤਸ਼ਾਹਨ ਰਾਸ਼ੀ ਦਾ ਲਾਭ ਲੈਣ ਲਈ 25 ਜੂਨ 2023 ਤੱਕ ਰਜਿਸਟ੍ਰੇਸ਼ਨ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨ ਆਪਣੀ ਸਹਿਮਤੀ https:// agrimachinerypb.com/ home/DSR23 Department ਲਿੰਕ ਤੇ ਕਲਿੱਕ ਕਰਕੇ ਦੇ ਸਕਦੇ ਹਨ। ਕਾਸ਼ਤਕਾਰ ਕਿਸਾਨ ਆਪਣੀ ਦਿੱਤੀ ਗਈ ਜਾਣਕਾਰੀ ਵਿੱਚ 24 ਜੂਨ 2023 ਤੱਕ ਐਡਿਟ/ਤਬਦੀਲੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਦੀ ਪਹਿਲੀ ਤਸਦੀਕ 26 ਜੂਨ ਤੋਂ 15 ਜੁਲਾਈ 2023 ਤੱਕ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਪਾਣੀ ਦੀ ਬੱਚਤ ਵੀ ਹੁੰਦੀ ਹੈ ਅਤੇ ਨਾਲ ਹੀ ਝੋਨੇ ਦੀ ਲਵਾਈ ਸਮੇਂ ਮਜ਼ਦੂਰਾਂ ਤੇ ਆਉਣ ਵਾਲਾ ਖਰਚਾ ਵੀ ਬਚਦਾ ਹੈ। ਉਨਾਂ ਅੱਗੇ ਦੱਸਿਆ ਕਿ ਨਦੀਨਾਂ ਦੀ ਰੋਕਥਾਮ ਲਈ ਛਿੜਕਾਅ ਤਕਨੀਕਾਂ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ ਅਤੇ ਨਦੀਨਾਸ਼ਕਾਂ ਦਾ ਛਿੜਕਾਅ ਸ਼ਾਮ ਜਾਂ ਸਵੇਰ ਸਮੇਂ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਤਰ ਵੱਤਰ ਵਿੱਚ ਹੀ ਕੀਤੀ ਜਾਵੇ ਤਾਂ ਬਿਹਤਰ ਹੈ। ਰੌਣੀ ਉਪਰੰਤ ਖੇਤ ਤਰ ਵੱਤਰ ਦੀ ਹਾਲਤ ਵਿਚ ਆਉਣ ਤੇ ਦੋ ਵਾਰ ਹੱਲਾਂ ਨਾਲ ਵਾਹ ਕੇ ਤੇ ਸੁਹਾਗੇ ਦੀ ਦੋਹਰ ਪਾ ਕੇ ਤੁਰੰਤ ਬਿਜਾਈ ਕਰ ਦਿਉ। ਬਿਜਾਈ ਕਰਨ ਤੋਂ ਪਹਿਲਾਂ ਬੀਜ ਨੂੰ 8-12 ਘੰਟੇ ਤਕ ਪਾਣੀ ਵਿਚ ਭਿਉਂ ਕੇ ਰੱਖਣ ਤੋਂ ਬਾਅਦ ਛਾਵੇਂ ਸੁਕਾ ਕੇ ਉੱਲੀਨਾਸ਼ਕ ਦਵਾਈ ਨਾਲ ਸੋਧ ਲਵੋ। ਨਦੀਨਾਂ ਦੀ ਸਮੱਸਿਆ ਅਤੇ ਖੁਰਾਕੀ ਤੱਤਾਂ ਖਾਸ ਕਰਕੇ ਲੋਹੇ ਦੀ ਘਾਟ ਤੋਂ ਬਚਾਅ ਲਈ ਪਹਿਲਾ ਪਾਣੀ ਦੇਰੀ ਨਾਲ, ਤਕਰੀਬਨ 21 ਦਿਨਾਂ ਬਾਅਦ ਲਾਓ।