- ’ਆਪ’ ਦੇ ਸੂਬਾ ਪ੍ਰਧਾਨ ਪਿ੍ਰੰਸੀਪਲ ਬੁੱਧਰਾਮ ਨੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੀ ਕੀਤੀ ਸ਼ੁਰੂਆਤ
ਮਾਨਸਾ, 10 ਅਕਤੂਬਰ : ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਮਜ਼ਦੂਰਾਂ ਦੀ ਹੜਤਾਲ ਖੁੱਲ੍ਹਣ ਤੋਂ ਬਾਅਦ ਝੋਨੇ ਦੀ ਆਰੰਭ ਹੋਈ ਖਰੀਦ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਦੇ ਸੂਬਾਈ ਕਾਰਜਕਾਰੀ ਪ੍ਰਧਾਨ ਅਤੇ ਬੁਢਲਾਡਾ ਤੋਂ ਵਿਧਾਇਕ ਪਿ੍ਰੰਸੀਪਲ ਬੁੱਧਰਾਮ ਨੇ ਖਰੀਦ ਕੇਂਦਰਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੀ ਸ਼ੁਰੂਆਤ ਕਰਦਿਆਂ ਰਾਜ ਦੇ ਸਾਰੇ ਵਜ਼ੀਰਾਂ ਅਤੇ ਵਿਧਾਇਕਾਂ ਨੂੰ ਮੰਡੀਆਂ ਵਿੱਚ ਜਾਕੇ ਤੁਰੰਤ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜ ਦੇ ਸਾਰੇ ਵਿਧਾਇਕਾਂ ਸਮੇਤ ਵਜ਼ੀਰਾਂ ਨੂੰ ਆਪੋ-ਆਪਣੇ ਵਿਧਾਨ ਸਭਾ ਹਲਕਿਆਂ ਦੀਆਂ ਅਨਾਜ ਮੰਡੀਆਂ ਸਮੇਤ ਖਰੀਦ ਕੇਂਦਰਾਂ ਵਿੱਚ ਜਾਕੇ ਝੋਨੇ ਦੀ ਬੋਲੀ ਸਮੇਤ ਲੁਹਾਈ,ਝੁਰਾਈ,ਭਰਾਈ,ਤੁਲਾਈ ਅਤੇ ਲਦਾਈ ਦੇ ਬੰਦੋਬਸ਼ਤਾਂ ਦਾ ਨਿਰੀਖਣ ਕਰਨ ਲਈ ਲਗਾਤਾਰ ਦੌਰੇ ਕੀਤੇ ਜਾਣ ਦੇ ਨਿਰਦੇਸ਼ ਦਿੱਤੇ ਹੋਏ ਹਨ। ਪਾਰਟੀ ਪ੍ਰਧਾਨ ਨੇ ਅਜਿਹੇ ਦੌਰਿਆਂ ਦੀ ਸ਼ੁਰੂਆਤ ਅੱਜ ਮਾਨਸਾ ਜ਼ਿਲ੍ਹੇ ਦੇ ਖਰੀਦ ਕੇਂਦਰਾਂ ’ਚੋਂ ਆਰੰਭ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸਾਉਣੀ ਦੀ ਇਸ ਮੁੱਖ ਫ਼ਸਲ ਨੂੰ ਵੇਚਣ ਦੀ ਕੋਈ ਤਕਲੀਫ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਰਾਜ ਦੇ ਕਿਸਾਨਾਂ ਦੀ ਸਹੂਲਤ ਲਈ ਹਰਿਆਣਾ ਸਮੇਤ ਹੋਰਨਾਂ ਸੂਬਿਆਂ ’ਚੋਂ ਆਉਂਦੇ ਝੋਨੇ ਦੀ ਬਾਹਰੀ ਆਮਦ ਨੂੰ ਰੋਕਣ ਲਈ ਲਗਭਗ 110 ਤੋਂ ਵੱਧ ਅੰਤਰਰਾਜ਼ੀ ਨਾਕੇ ਬੀਤੀ ਕੱਲ੍ਹ ਆਰੰਭ ਕਰ ਦਿੱਤੇ ਗਏ ਹਨ ਅਤੇ ਅਜਿਹੇ ਨਾਕਿਆਂ ਨੂੰ ਤੋੜਨ ਵਿੱਚ ਸਫ਼ਲ ਹੋਕੇ ਸਰਕਾਰੀ ਆਦੇਸ਼ਾਂ ਨੂੰ ਤੋੜਨ ਵਾਲਿਆਂ ਖਿਲਾਫ਼ ਸਖ਼ਤੀ ਨਾਲ ਕਾਰਵਾਈ ਕਰਨ ਲਈ ਪੰਜਾਬ ਪੁਲੀਸ ਤੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖਰੀਦ ਕੇਂਦਰਾਂ ਵਿੱਚ ਬਾਰਦਾਨੇ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਨਾ ਹੀ ਮੰਡੀਆਂ ਵਿੱਚ ਲਿਫ਼ਟਿੰਗ ਦੀ ਕੋਈ ਸਮੱਸਿਆ ਖੜ੍ਹੀ ਹੋਵੇਗੀ, ਜਿਸ ਲਈ ਢੋਆ-ਢੋਆਈ ਦੇ ਬੰਦੋਬਸ਼ਤ ਨਾਲੋ-ਨਾਲ ਕਰਨ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ 24 ਘੰਟਿਆਂ ਦੇ ਅੰਦਰ ਭੁਗਤਾਨ ਕਰਨ ਦੇ ਆਦੇਸ਼ ਦਿੱਤੇ ਗਏ ਹਨ ਅਤੇ ਇਨ੍ਹਾਂ ਸਾਰੇ ਮਾਮਲਿਆਂ ਦੀ ਨਿਗਰਾਨੀ ਖੁਦ ਡਿਪਟੀ ਕਮਿਸ਼ਨਰ ਕਰਿਆ ਕਰਨਗੇ।
ਵਿਧਾਇਕ ਪਿ੍ਰੰਸੀਪਲ ਬੁੱਧਰਾਮ ਨੇ ਅੱਜ ਮਾਨਸਾ ਜ਼ਿਲ੍ਹੇ ਦੇ ਕਾਹਨਗੜ੍ਹ,ਬਖਸ਼ੀਵਾਲਾ,ਬਰੇਟਾ ਦੇ ਖਰੀਦ ਕੇਂਦਰਾਂ ਵਿੱਚ ਜਾਕੇ ਮੌਕੇ ਦੀ ਸਥਿਤੀ ਦਾ ਜਾਇਜ਼ਾ ਲਿਆ ਹੈ।ਉਨ੍ਹਾਂ ਕਿਹਾ ਕਿ ਹੁਣ ਕਿਸਾਨ ਦੀ ਫਸਲ ਖਰੀਦ ਕਰਨ ਤੋਂ ਬਾਅਦ ਖਰੀਦ ਏਜੰਸੀ ਵੱਲੋਂ ਅਦਾਇਗੀ ਤੁਰੰਤ ਕੀਤੀ ਜਾਂਦੀ ਹੈ।ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਸਿੱਲੀ ਫ਼ਸਲ ਨਾ ਲਿਆਉਣ ਤਾਂ ਜੋ ਮੰਡੀ ’ਚ ਜ਼ਿਆਦਾ ਦਿਨ ਫਸਲ ਸੁਕਾਉਣ ਦੀ ਉਡੀਕ ਨਾ ਕਰਨੀ ਪਵੇ। ਉਨ੍ਹਾਂ ਜ਼ਿਲ੍ਹੇ ਦੀਆਂ ਅੱਧੀ ਦਰਜਨ ਅਨਾਜ ਮੰਡੀਆਂ ਵਿੱਚ ਬੋਲੀ ਲਗਵਾਕੇ ਖਰੀਦ ਦਾ ਕੰਮ ਸ਼ੁਰੂ ਕਰਵਾਇਆ।