ਆਨੰਦਪੁਰ ਸਾਹਿਬ, 8 ਮਾਰਚ : ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਸੁਪਰੀਮ ਕੋਰਟ ਅਤੇ ਕੇਂਦਰ ਸਰਕਾਰ ਉਤੇ ਵੱਡਾ ਹਮਲਾ ਬੋਲਿਆ ਹੈ। ਹੌਲੇ ਮੁਹੱਲੇ ਮੌਕੇ ਕੌਮ ਨੂੰ ਦਿੱਤੇ ਸੰਦੇਸ਼ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਕੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਏ ਜਾਣ ਨੂੰ ਲੈ ਕੇ ਕੇਂਦਰ ਸਰਕਾਰ ਉਤੇ ਵੱਡਾ ਬਿਆਨ ਦਿੱਤਾ। ਉਹਨਾਂ ਕਿਹਾ ਕਿ ਹਰਿਆਣਾ ਦੇ ਸਿੱਖਾਂ ਦਾ ਹਰਿਆਣੇ ਦੇ ਗੁਰਦਵਾਰਿਆਂ ਤੇ ਕਬਜ਼ਾ ਨਹੀਂ ਸਗੋਂ ਸਰਕਾਰ ਦਾ ਹੈ। ਸਿੱਖਾਂ ਦੀ ਪਾਰਲੀਮੈਂਟ ਦੇ ਟੁਕੜੇ ਕਰਨ ਵਾਲੀ ਸਰਕਾਰ ਪਾਰਲੀਮੈਂਟ ਨੂੰ ਤਾਂ ਅਖੰਡ ਰੱਖਣਾ ਚਾਹੁੰਦੀ ਹੈ ਪਰ ਸਿੱਖਾਂ ਦੀ ਬਦਦੁਆ ਨਾਲ ਇਸਦੇ ਵੀ ਕਈ ਟੁਕੜੇ ਹੋਣਗੇ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਿੱਖਾਂ ਨੂੰ ਕਦੇ ਇਨਸਾਫ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਸਭ ਤੋਂ ਵੱਡੀ ਪਾਰਲੀਮੈਂਟ ਉਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਸਿੱਖਾਂ ਦੀ ਪਾਰਲੀਮੈਂਟ ਦੇ ਟੁਕੜੇ ਕਰਨ ਦੀ ਕੋਸ਼ਿਸ਼ ਕੀਤੀ ਹੈ, ਹੁਣ ਪਾਰਲੀਮੈਂਟ ਦੇ ਵੀ ਕਈ ਟੁਕੜੇ ਹੋਣਗੇ। ਇਸ ਮੌਕੇ ਜਥੇਦਾਰ ਨੇ ਮਨੀਕਰਨ ਸਾਹਿਬ ਵਿਖੇ ਵਾਪਰੀ ਘਟਨਾ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਐਨ ਆਰ ਆਈ ਸਿੱਖ ਨੌਜਵਾਨ ਦਾ ਹੁਲੜਬਾਜ਼ਾਂ ਵੱਲੋਂ ਕਤਲ ਕੀਤੇ ਜਾਣ ਉਤੇ ਵੀ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਜਿਸ ਢੰਗ ਨਾਲ ਸਿੱਖ ਨੌਜਵਾਨ ਭਟਕ ਕੇ ਹੁੱਲੜਬਾਜ਼ ਬਣ ਕੇਗਲਤ ਰਾਹ ਜਾ ਰਹੇ ਹਨ, ਉਸ ਬਾਰੇ ਸਿੱਖਾਂ ਨੂੰ ਸੋਚਣਾ ਪਵੇਗਾ। ਇਸ ਲਈ ਨਾ ਸਾਨੂੰ ਸਰਕਾਰਾਂ ਨੇ ਰੋਕਣਾ ਨਾ ਕਿਸੇ ਨੇ ਹੋਰ। ਇਹ ਸਾਨੂੰ ਆਪਣੇ ਆਪ ਸੋਚਣਾ ਪਵੇਗਾ।