- ਜ਼ਿਲ੍ਹਾ ਮਲੇਰਕੋਟਲਾ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 25 ਕਲੱਸਟਰ ਹੈੱਡ ਅਤੇ 173 ਨੋਡਲ ਅਫ਼ਸਰ ਤਾਇਨਾਤ
- ਐਸ.ਡੀ.ਐਮ ਅਹਿਮਦਗੜ੍ਹ ਨੇ ਸਬ ਡਵੀਜਨ ਅਹਿਮਦਗੜ੍ਹ ਦੇ ਨੰਬਰਦਾਰਾਂ ਨਾਲ ਮੀਟਿੰਗ ਕਰਕੇ ਸਰਕਾਰ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਈਆ
ਅਮਰਗੜ੍ਹ 09 ਸਤੰਬਰ : ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਫ਼ਸਲਾਂ ਦੀ ਨਾੜ/ਰਹਿੰਦ ਖੂੰਹਦ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਇਨ੍ਹਾਂ ਨਾਲ ਨਜਿੱਠਣ ਲਈ ਡਿਪਟੀ ਕਮਿਸ਼ਨਰ ਡਾ ਪੱਲਵੀ ਦੀ ਅਗਵਾਈ ਵਿੱਚ ਜਿ਼ਲ੍ਹਾ ਪ੍ਰਸ਼ਾਸ਼ਨ ਵੱਲੋਂ ਅਗਾਊਂ ਪ੍ਰਬੰਧ ਕੀਤੇ ਜਾ ਰਹੇ ਹਨ । ਫਸਲਾਂ ਦੀ ਰਹਿੰਦ ਖੂੰਹਦ/ਨਾੜ ਨੂੰ ਅੱਗ ਲਗਾਏ ਜਾਣ ਦੀ ਸੂਰਤ ਵਿੱਚ ਕਾਰਵਾਈ ਕਰਨ ਅਤੇ ਕਿਸਾਨਾਂ ਨੂੰ ਬਿਨਾਂ ਅੱਗਾਂ ਲਗਾਏ ਪਰਾਲੀ ਦਾ ਪ੍ਰਬੰਧਨ ਕਰਨ ਲਈ ਅਤੇ ਅੱਗਾਂ ਦੇ ਮਾੜੇ ਪ੍ਰਭਾਵਾਂ ਤੋ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਮਾਲੇਰਕੋਟਲਾ ਵਿਖੇ 25 ਕਲੱਸਟਰ ਹੈੱਡ ਅਤੇ 173 ਨੋਡਲ ਅਫ਼ਸਰ ਤਾਇਨਾਤ ਕੀਤੇ ਗਏ ਹਨ। ਉਪ ਮੰਡਲ ਮੈਜਿਸਟ੍ਰੇਟ ਮਾਲੇਰਕੋਟਲਾ,ਅਹਿਮਦਗੜ੍ਹ ਸ੍ਰੀ ਹਰਬੰਸ ਸਿੰਘ ਅਤੇ ਅਮਰਗੜ੍ਹ ਸ੍ਰੀਮਤੀ ਸੁਰਿੰਦਰ ਕੌਰ ਨੇ ਜ਼ਿਲ੍ਹੇ ਦੇ ਸਮੁੱਚੇ ਕਲੱਸਟਰ ਹੈੱਡਜ਼ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਦੱਸਿਆ ਕਿ ਝੋਨੇ ਦੀ ਵਾਢੀ ਦੇ ਸੀਜ਼ਨ ਦੌਰਾਨ ਪਰਾਲੀ ਸਾੜਨ ਦੀ ਸਮੱਸਿਆ ਉੱਤੇ ਕਾਬੂ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਭ ਤੋਂ ਵੱਧ ਪਰਾਲੀ ਦੀ ਨਾੜ/ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਵਾਲੇ ਪਿੰਡਾਂ ਦੀ ਸ਼ਨਾਖ਼ਤ ਕੀਤੀ ਗਈ ਹੈ । ਇਨ੍ਹਾਂ ਪਿੰਡਾਂ ਨੂੰ ਇਸ ਕਰਕੇ ਵੱਧ ਪ੍ਰਭਾਵਿਤ ਪਿੰਡ ਮੰਨਿਆ ਜਾ ਰਿਹਾ ਹੈ ਉਂਕਿ ਇਨ੍ਹਾਂ ਪਿੰਡਾਂ ਵਿਚ ਪਿਛਲੇ ਸਮੇਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਦੀਆਂ ਆ ਰਹੀਆਂ ਹਨ। ਇਸ ਲਈ ਜ਼ਿਲ੍ਹੇ ਦੇ ਹਰੇਕ ਪ੍ਰਭਾਵਿਤ ਪਿੰਡ ਵਿਚ ਪਿੰਡ ਪੱਧਰ ਤੇ ਨੋਡਲ ਅਫ਼ਸਰ ਤਾਇਨਾਤ ਕੀਤੇ ਗਏ ਹਨ ਤਾਂ ਜੋ ਅੱਗ ਸਾਣੀ ਘਟਨਾਵਾਂ ਤੇ ਕਾਬੂ ਪਾਇਆ ਜਾ ਸਕੇ । ਉਨ੍ਹਾਂ ਹੋਰ ਦੱਸਿਆ ਕਿ ਮਾਲੇਰਕੋਟਲਾ ਸਬ ਡਵੀਜਨ ਵਿਖੇ 13 ਕਲੱਸਟਰ ਹੈੱਡਜ਼ 89 ਨੋਡਲ ਅਫ਼ਸਰ, ਅਹਿਮਦਗੜ੍ਹ ਸਬ ਡਵੀਜਨ ਵਿਖੇ 06 ਕਲੱਸਟਰ ਹੈੱਡਜ਼ 35 ਨੋਡਲ ਅਫ਼ਸਰ ਅਤੇ ਸਬ ਡਵੀਜਨ ਅਮਰਗੜ੍ਹ ਵਿਖੇ 06 ਕਲੱਸਟਰ ਹੈੱਡਜ਼ 49 ਨੋਡਲ ਅਫ਼ਸਰ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਲੱਸਰ ਹੈੱਡ ਨੂੰ ਹਦਾਇਤ ਕੀਤੀ ਕਿ ਆਪਣੇ ਅਧੀਨ ਆਉਂਦੇ ਪਿੰਡਾਂ ਵਿੱਚ ਕਿਸਾਨਾਂ ਨੂੰ ਪਰਾਲੀ/ਨਾੜ ਨੂੰ ਨਾ ਸਾੜਨ ਲਈ ਪ੍ਰੇਰਿਤ ਕਰਨ ਅਤੇ ਅੱਗ ਲਗਾਉਣ ਦੀ ਸੂਰਤ ਵਿੱਚ ਜ਼ਮੀਨ ਮਾਲਕਾਂ ਦੇ ਚਲਾਨ ਕੱਟਣ ਨੂੰ ਯਕੀਨੀ ਬਣਾਇਆ ਜਾਵੇ । ਕਿਸਾਨਾਂ ਨੂੰ ਅੱਗ ਲਗਾਉਣ ਨਾਲ ਵਾਤਾਵਰਨ ਅਤੇ ਖੇਤੀਬਾੜੀ ਵਾਲੀ ਜ਼ਮੀਨ `ਤੇ ਪੈਣ ਵਾਲੇ ਮਾੜੇ ਪ੍ਰਭਾਵਾਂ, ਨਾੜ/ਪਰਾਲੀ ਦੀ ਸਾਂਭ-ਸੰਭਾਲ ਲਈ ਵਰਤੋਂ ਵਿੱਚ ਆਉਣ ਵਾਲੇ ਸੰਦਾਂ ਦੀ ਜਾਣਕਾਰੀ ਅਤੇ ਇਸ ਉੱਪਰ ਸਰਕਾਰ ਵੱਲੋਂ ਦਿੱਤੀ ਜਾਂਦੀ ਸਬਸਿਡੀ ਬਾਰੇ ਵੀ ਇਹ ਟੀਮਾਂ ਕਿਸਾਨਾਂ ਨੂੰ ਜਾਗਰੂਕ ਕਰਨ । ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਕਿਸਾਨ ਵੱਲੋਂ ਫ਼ਸਲਾਂ ਦੀ ਨਾੜ/ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਸਬੰਧਤ ਕਿਸਾਨ ਦੀ ਜ਼ਮੀਨ ਦੀ ਗਿਰਦਾਵਰੀ ਵਿੱਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੁਰਖ ਅੱਖਰਾਂ ਵਿੱਚ ਇੰਦਰਾਜ ਕਰਵਾਉਣਾ ਯਕੀਨੀ ਬਣਾਉਣ । ਅੱਗ ਲਗਾਏ ਜਾਣ ਦੀ ਸੂਚਨਾ ਮਿਲਣ `ਤੇ ਨੋਡਲ ਅਫ਼ਸਰ ਵੱਲੋਂ ਮੌਕੇ ਦਾ ਮੁਆਇਨਾ ਕਰਨ ਉਪਰੰਤ ਜਗ੍ਹਾ ਦੀ ਰਿਪੋਰਟ/ਫੋਟੋ ਸਬੰਧਤ ਪਟਵਾਰੀ ਨੂੰ ਮੋਬਾਇਲ ਐਪਲੀਕੇਸ਼ਨ ਰਾਹੀਂ ਭੇਜੀ ਜਾਵੇ, ਇਸ ਉਪਰੰਤ ਪਟਵਾਰੀ ਵੱਲੋਂ ਜ਼ਮੀਨ ਦੇ ਰਿਕਾਰਡ ਸਬੰਧੀ ਸਾਰੀ ਜਾਣਕਾਰੀ ਮੋਬਾਇਲ ਐਪਲੀਕੇਸ਼ਨ ਤੇ ਅਪਲੋਡ ਕਰਨ ਉਪਰੰਤ ਕਲੱਸਟਰ ਅਫ਼ਸਰ ਨੂੰ ਭੇਜੀ ਜਾਵੇਗੀ। ਰਿਪੋਰਟ ਪ੍ਰਾਪਤ ਹੋਣ ਉਪਰੰਤ ਸਬੰਧਤ ਤਹਿਸੀਲਦਾਰ ਦੇ ਦਫ਼ਤਰ ਵੱਲੋਂ ਅੱਗ ਲਗਾਉਣ ਵਾਲੀ ਜਗ੍ਹਾ ਦੇ ਮਾਲਕ ਦਾ ਚਲਾਨ ਕੱਟਣ ਉਪਰੰਤ ਸਾਰੀ ਜਾਣਕਾਰੀ ਮੋਬਾਇਲ ਐਪਲੀਕੇਸ਼ਨ ਤੇ ਅਪਲੋਡ ਕੀਤੀ ਜਾਵੇਗੀ ਤਾਂ ਜੋ ਸਾਰੀ ਰਿਪੋਰਟ ਸਬੰਧਤ ਉਪ ਮੰਡਲ ਅਫ਼ਸਰ ਨੂੰ ਸੀ.ਪੀ.ਸੀ. ਦੀ ਧਾਰਾ 188 ਅਧੀਨ ਕਾਰਵਾਈ ਕਰਨ ਹਿੱਤ ਭੇਜੀ ਜਾ ਸਕੇ। ਉਨ੍ਹਾਂ ਦੱਸਿਆ ਕਿ ਉਪ ਮੰਡਲ ਵਿੱਚ ਗਠਿਤ ਟੀਮਾਂ ਉਸ ਉਪ ਮੰਡਲ ਦੇ ਉਪ ਮੰਡਲ ਮੈਜਿਸਟ੍ਰੇਟ ਦੇ ਅਧੀਨ ਕੰਮ ਕਰਨਗੀਆਂ। ਉਪ ਮੰਡਲ ਵਿੱਚ ਤਾਇਨਾਤ ਉਪ ਕਪਤਾਨ ਪੁਲਿਸ, ਉਪ ਮੰਡਲ ਮੈਜਿਸਟ੍ਰੇਟ ਨਾਲ ਤਾਲਮੇਲ ਕਰਕੇ ਪੁਲਿਸ ਵਿਭਾਗ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਅਮਲ ਵਿੱਚ ਲਿਆਉਣਗੇ। ਇਸ ਤੋਂ ਪਹਿਲਾ ਐਸ.ਡੀ.ਐਮ ਅਹਿਮਦਗੜ੍ਹ ਸ੍ਰੀ ਹਰਬੰਸ ਸਿੰਘ ਨੇ ਸਬ ਡਵੀਜਨ ਅਹਿਮਦਗੜ੍ਹ ਦੇ ਨੰਬਰਦਾਰਾਂ ਨਾਲ ਮੀਟਿੰਗ ਕਰਕੇ ਸਰਕਾਰ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਈਆ ਅਤੇ ਕਿਹਾ ਕਿ ਜਿਹੜੇ ਵੀ ਕਰਮਚਾਰੀ, ਪੰਚਾਇਤ ਸਕੱਤਰ,ਨੰਬਰਦਾਰ ਆਦਿ ਪਰਾਲੀ ਨੰਖ਼ ਸਾੜਣਗੇ ਉਨ੍ਹਾਂ ਖਿਲਾਫ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਲਈ ਅੱਗਾਂ ਲਗਾਉਣ ਤੋਂ ਉਹ ਗੁਰੇਜ ਕਰਨ ਅਤੇ ਆਮ ਲੋਕਾਂ ਨੂੰ ਇਸ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ।