67ਵੀਆਂ ਅੰਡਰ 17 ਪੰਜਾਬ ਰਾਜ ਵਾਲੀਬਾਲ ਸਕੂਲ ਖੇਡਾਂ ਸ਼ਾਨੋਂ–ਸ਼ੌਕਤ ਨਾਲ ਸਮਾਪਤ

  • ਪੀ.ਆਈ.ਐਸ. ਮੁਹਾਲੀ ਦੇ ਮੁੰਡੇ ਤੇ ਸਾਈਂ ਵਿੰਗ ਬਾਦਲ ਦੀਆਂ ਕੁੜੀਆਂ ਚੈਂਪੀਅਨ

ਬਰਨਾਲਾ, 30 ਸਤੰਬਰ : 67ਵੀਆਂ ਪੰਜਾਬ ਰਾਜ ਸਕੂਲ ਖੇਡਾਂ ਅੰਡਰ 17 ਵਾਲੀਬਾਲ ਦੇ ਅਖੀਰਲੇ ਅੱਜ ਲੜਕਿਆਂ ਦੇ ਵਰਗ ਵਿੱਚ ਪੀ.ਆਈ.ਐਸ. ਮੁਹਾਲੀ ਅਤੇ ਲੜਕੀਆਂ ਦੇ ਵਰਗ ਵਿੱਚ ਸਾਈਂ ਵਿੰਗ ਬਾਦਲ ਦੀਆਂ ਟੀਮਾਂ ਜੇਤੂ ਰਹੀਆਂ। ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਲਈ ਹਸਨਪ੍ਰੀਤ ਭਾਰਦਵਾਜ (ਓ.ਐਸ.ਡੀ. ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ) ਪੁੱਜੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਖੇਡਾਂ ਵਿੱਚ ਨੰਬਰ ਇੱਕ ਸੂਬਾ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਇਸ ਤਹਿਤ ਹੀ ਨਵੀਂ ਖੇਡ ਨੀਤੀ ਬਣਾ ਕੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਲਈ ਨਕਦ ਇਨਾਮੀ ਰਾਸ਼ੀ ਦਾ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੇ ਕੋਟੇ ਵਿੱਚੋਂ ਬਡਬਰ ਪਿੰਡ ਦੇ ਸਟੇਡੀਅਮ ਲਈ 70 ਲੱਖ ਰੁਪਏ ਦੀ ਗ੍ਰਾਂਟ ਦੇਣ ਅਤੇ ਬਡਬਰ ਪਿੰਡ ਨੂੰ ਵਾਲੀਬਾਲ ਦੀ ਨਰਸਰੀ ਵਜੋਂ ਵਿਕਸਤ ਕਰਨ ਦਾ ਐਲਾਨ ਕੀਤਾ ਹੈ। ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਡਾ. ਬਰਜਿੰਦਰਪਾਲ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਟੂਰਨਾਮੈਂਟ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ। ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਡੀ.ਈ.ਓ. ਸੈਕੰਡਰੀ ਬਰਨਾਲਾ ਸ਼ਮਸ਼ੇਰ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਬਰਜਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਕਰਵਾਏ ਜਾ ਰਹੇ ਮੁਕਾਬਲਿਆਂ ਵਿੱਚ ਅੱਜ ਹੋਏ ਲੜਕੀਆਂ ਦੇ ਸੈਮੀਫਾਈਨਲ ਮੁਕਾਬਲਿਆਂ ਵਿੱਚ ਬਰਨਾਲਾ ਨੇ ਜਲੰਧਰ ਅਤੇ ਸਾਈਂ ਵਿੰਗ ਬਾਦਲ ਨੇ ਫਰੀਦਕੋਟ ਨੂੰ ਹਰਾ ਕੇ ਫਾਈਨਲ ਵਿੱਚ ਦਾਖਲਾ ਲਿਆ ਜਦਕਿ ਲੜਕਿਆਂ ਦੇ ਵਰਗ ਵਿੱਚ ਸਪੋਰਟਸ ਸਕੂਲ ਜਲੰਧਰ ਨੇ ਪਟਿਆਲਾ ਅਤੇ ਪੀ.ਆਈ.ਐਸ. ਮੁਹਾਲੀ ਨੇ ਪਠਾਨਕੋਟ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਫਾਈਨਲ ਵਿੱਚ ਪੀ.ਆਈ.ਐਸ. ਮੋਹਾਲੀ ਦੇ ਮੁੰਡਿਆਂ ਨੇ ਸਪੋਰਟਸ ਸਕੂਲ ਜਲੰਧਰ ਅਤੇ ਸਾਈਂ ਵਿੰਗ ਬਾਦਲ ਦੀਆਂ ਕੁੜੀਆਂ ਨੇ ਬਰਨਾਲਾ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ ਜਦਕਿ ਫਰੀਦਕੋਟ ਦੀਆਂ ਕੁੜੀਆਂ ਨੇ ਜਲੰਧਰ ਅਤੇ ਪਠਾਨਕੋਟ ਦੇ ਮੁੰਡਿਆਂ ਨੇ ਪਟਿਆਲਾ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਆਗੂ ਪਰਮਿੰਦਰ ਸਿੰਘ ਭੰਗੂ, ਸੇਵਾਮੁਕਤ ਜ਼ਿਲ੍ਹਾ ਸਿੱਖਿਆ ਅਫਸਰ ਬਰਨਾਲਾ ਸਰਬਜੀਤ ਸਿੰਘ ਤੂਰ, ਸਰਪੰਚ ਮਨਦੀਪ ਸਿੰਘ, ਕਲੱਬ ਪ੍ਰਧਾਨ ਅਰਵਿੰਦਰ ਸਿੰਘ ਨੀਲੂ, ਹਰਦੇਵ ਸਿੰਘ, ਜਥੇਦਾਰ ਗੁਰਮੁਖ ਸਿੰਘ, ਜੱਗਾ ਸਿੰਘ, ਸਰਵਣ ਸਿੰਘ, ਵਾਲੀਬਾਲ ਕੋਚ ਅਜੈ ਨਾਗਰ, ਨਿਰਪਜੀਤ ਸਿੰਘ ਜਵੰਧਾ, ਕਨਵੀਨਰ ਪਰਮਜੀਤ ਕੌਰ ਸਮੇਤ ਵੱਖ ਵੱਖ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕ, ਟੀਮ ਇੰਚਾਰਜ ਅਤੇ ਖਿਡਾਰੀ ਮੌਜੂਦ ਸਨ।

ਬਡਬਰ ਸਕੂਲ ਦੀਆਂ ਕੁੜੀਆਂ ਨੇ ਪੰਜਾਬ ਰਾਜ ਸਕੂਲ ਖੇਡਾਂ 'ਚ ਹਾਸਲ ਕੀਤਾ ਦੂਜਾ ਸਥਾਨ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ ਦੀਆਂ ਲੜਕੀਆਂ ਨੇ 67ਵੀਆਂ ਪੰਜਾਬ ਰਾਜ ਸਕੂਲ ਖੇਡਾਂ ਵਾਲੀਬਾਲ ਅੰਡਰ 17 ਸਾਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ ਹੈ। ਜੇਤੂ ਟੀਮ ਦਾ ਸਕੂਲ ਪਹੁੰਚਣ 'ਤੇ ਸਕੂਲ ਮੁਖੀ ਜਸਵੀਰ ਸਿੰਘ ਅਤੇ ਸਮੂਹ ਸਟਾਫ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਡੀਪੀਈ ਪਰਮਜੀਤ ਕੌਰ ਨੇ ਦੱਸਿਆ ਕਿ 67ਵੀਆਂ ਪੰਜਾਬ ਰਾਜ ਸਕੂਲ ਖੇਡਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ ਦੀਆਂ ਲੜਕੀਆਂ ਨੇ ਜ਼ਿਲ੍ਹਾ ਬਰਨਾਲਾ ਦੀ ਨੁਮਾਇੰਦਗੀ ਕਰਦਿਆਂ ਪੰਜਾਬ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਰੁਪਿੰਦਰ ਕੌਰ, ਅਨੀਤਾ ਪਾਠਕ, ਤਰਨਜੋਤ ਕੌਰ, ਅਵਨੀਸ਼, ਅਵਤਾਰ ਸਿੰਘ ਅਤੇ ਸਮੂਹ ਵਿਦਿਆਰਥੀ ਮੌਜੂਦ ਸਨ।