- ਵਧੀਕ ਡਿਪਟੀ ਕਮਿਸ਼ਨਰ (ਜ) ਚਾਰੂ ਮਿਤਾ ਤੇ ਸਾਬਕਾ ਸੈਨਿਕਾਂ ਵੱਲੋਂ ਸਮਾਰਕ ’ਤੇ ਸ਼ਰਧਾ ਦੇ ਫੁੱਲ ਭੇਂਟ
- ਪਰਮਵੀਰ ਚੱਕਰ ਵਿਜੇਤਾ ਸੂਬੇਦਾਰ ਜੋਗਿੰਦਰ ਸਿੰਘ ਦਿਲਾਂ ਵਿੱਚ ਹਮੇਸ਼ਾ ਰਹਿਣਗੇ ਜਿੰਦਾ-ਵਧੀਕ ਡਿਪਟੀ (ਜ) ਕਮਿਸ਼ਨਰ ਚਾਰੂ ਮਿਤਾ
ਮੋਗਾ, 23 ਅਕਤੂਬਰ 2024 : ਅੱਜ ਮਿਤੀ 23 ਅਕਤੂਬਰ 2024 ਨੂੰ ਦੇਸ਼ ਦੇ ਸਰਵਉੱਚ ਸਨਮਾਨ, ਬਹਾਦੁਰੀ ਪੁਰਸਕਾਰ ਪਰਮਵੀਰ ਚੱਕਰ ਵਿਜੇਤਾ ਸੂਬੇਦਾਰ ਜੋਗਿੰਦਰ ਸਿੰਘ ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ, ਮੋਗਾ ਵਿਖੇ ਉਨਾਂ ਦੇ ਸਮਾਰਕ ਉੱਪਰ ਸਿਵਲ ਪ੍ਰਸਾਸ਼ਨ ਅਤੇ ਸਾਬਕਾਂ ਸੈਨਿਕਾਂ ਵੱਲੋਂ ਫੁੱਲ ਮਲਾਵਾਂ ਭੇਟ ਕਰਕੇ ਬੜੇ ਹੀ ਆਦਰ ਸਹਿਤ 62ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਪੀ.ਸੀ.ਐਸ. ਚਾਰੂ ਮਿਤਾ ਵੱਲੋਂ ਵਿਸ਼ੇਸ਼ ਤੌਰ ਉੱਪਰ ਉਨਾਂ ਨੂੰ ਸ਼ਰਧਾਂਜ਼ਲੀਆਂ ਭਂੇਟ ਕੀਤੀਆਂ ਗਈਆਂ। ਸ਼ਰਧਾਂਜਲੀ ਭੇਂਟ ਕਰਨ ਵਾਲਿਆਂ ਵਿੱਚ ਜਿ਼ਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਮੋਗਾ ਵੱਲੋਂ ਲੈਂਫ: ਕਰਨਲ ਡਾਕਟਰ ਸੁਖਮੀਤ ਮਨਿਹਾਸ (ਰਿਟਾ), ਮੀਤ ਪ੍ਰਧਾਨ ਜ਼ਿਲਾ ਸੈਨਿਕ ਬੋਰਡ ਮੋਗਾ ਕਰਨਲ ਬਲਕਾਰ ਸਿੰਘ (ਰਿਟਾ), ਜਿ਼ਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਮੋਗਾ ਦੇ ਕਾਰਜ ਵਾਹਕ ਸੁਪਰਡੰਟ ਪਰਮਜੀਤ ਸਿੰਘ, ਸਮੂਹ ਸਟਾਫ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਹੋਰ ਸਾਬਕਾ ਸੈਨਿਕ ਵੀ ਇਸ ਮੌਕੇ ਹਾਜ਼ਰ ਸਨ। ਆਪਣੇ ਸੰਬੋਧਨ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਚਾਰੂ ਮਿਤਾ ਨੇ ਦੱਸਿਆ ਕਿ ਸੂਬੇਦਾਰ ਜੋਗਿੰਦਰ ਸਿੰਘ, ਪਰਮਵੀਰ ਚੱਕਰ ਵਿਜੇਤਾ, ਇਕ ਮਹਾਨ ਯੋਧਾ ਸੀ, ਜਿਸ ਨੇ 1962 ਦੀ ਹਿੰਦ-ਚੀਨ ਜੰਗ ਦੌਰਾਨ ਬਹਾਦਰੀ ਨਾਲ ਲੜਦਿਆਂ ਆਪਣੇ ਪ੍ਰਾਣਾ ਦੀ ਬਲੀ ਦਿੱਤੀ। ਇਹ ਪਿੰਡ ਮਾਹਲਾ ਕਲਾਂ, ਤਹਿ ਬਾਘਾਪੁਰਾਣਾ, ਜ਼ਿਲਾ ਮੋਗਾ ਦੇ ਰਹਿਣ ਵਾਲੇ ਸਨ। ਉਹ ਪਹਿਲੀ ਸਿੱਖ ਰੈਜੀਮੈਂਟ ਵਿਚ ਭਰਤੀ ਹੋ ਗਏ ਸਨ। ਅਕਤੂਬਰ 1962 ਵਿਚ ਚੀਨ ਨੇ ਭਾਰਤ ਤੇ ਹਮਲਾ ਬੋਲ ਦਿੱਤਾ। ਸੂਬੇਦਾਰ ਜੋਗਿੰਦਰ ਸਿੰਘ ਦੀ ਪਲਾਟੂਨ ਨੂੰ ਨੇਫ਼ਾ ਦੇ ਤੁਆਂਗ ਸੈਕਟਰ ਵਿੱਚ ਤੌਗਪੈਂਗ ਲਾ ਚੌਂਕੀ ਦੀ ਹਿਫ਼ਾਜ਼ਤ ਕਰਨ ਦੀ ਜਿੰਮੇਵਾਰੀ ਸੌਂਪੀ ਗਈ। 23 ਅਕਤੂਬਰ 1962, ਸਵੇਰੇ ਸਾਢੇ ਪੰਜ ਵਜੇ ਚੀਨੀ ਫੌਜ ਨੇ ਲਗਭਗ ਆਪਣੇ 200 ਸੈਨਿਕਾਂ ਨਾਲ ਉਨਾਂ ਦੀ ਚੌਂਕੀ ਤੇ ਧਾਵਾ ਬੋਲ ਦਿੱਤਾ। ਸੂਬੇਦਾਰ ਜੋਗਿੰਦਰ ਸਿੰਘ ਅਤੇ ਉਨਾਂ ਦੇ ਸਾਥੀ ਜਵਾਨਾਂ ਨੇ ਬਹਾਦਰੀ ਨਾਲ ਲੜਦੇ ਹੋਏ ਦੁਸ਼ਮਣ ਦੇ ਦੋ ਹਮਲੇ ਪਛਾੜ ਦਿੱਤੇ। ਦੁਸ਼ਮਣ ਦੇ ਇਹਨਾਂ ਦੋ ਹਮਲਿਆਂ ਨੂੰ ਪਛਾੜਣ ਤੋਂ ਬਾਅਦ ਸੂਬੇਦਾਰ ਜੋਗਿੰਦਰ ਸਿੰਘ ਦੀ ਪਲਾਟੂਨ ਦਾ ਜਾਨੀ ਨੁਕਸਾਨ ਹੋ ਜਾਣ ਕਾਰਨ ਉਹਨਾਂ ਦੇ ਜਵਾਨਾਂ ਦੀ ਗਿਣਤੀ ਬਹੁਤ ਥੋੜੀ ਰਹਿ ਗਈ ਸੀ ਅਤੇ ਪੱਟ ਵਿੱਚ ਗੋਲੀਆਂ ਲੱਗਨ ਕਾਰਣ ਉਹ ਖੁਦ ਵੀ ਬੁਰੀ ਤਰਾਂ ਜਖ਼ਮੀ ਹੋ ਗਏ ਸਨ। ਫਿਰ ਵੀ ਉਨਾਂ ਨੇ ਦੁਸ਼ਮਣ ਦੇ ਤੀਜੇ ਹਮਲੇ ਦੌਰਾਨ ਆਪਣੇ ਬਚੇ ਹੋਏ ਜਵਾਨਾਂ ਨੂੰ ਹੱਲਾਸ਼ੇਰੀ ਦਿੰਦੇ ਹੋਏ, ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡ ਕੇ ਦੁਸ਼ਮਣ ਤੇ ਬੈਨਟਾਂ ਨਾਲ ਹਮਲਾ ਬੋਲ ਦਿੱਤਾ। ਸੂਬੇਦਾਰ ਜੋਗਿੰਦਰ ਸਿੰਘ ਨੇ ਆਪਣੀ ਪਲਾਟੂਨ ਦੇ ਲਾਈਟ ਮਸ਼ੀਨ ਗੰਨ ਦੇ ਚਾਲਕ ਦੇ ਮਾਰੇ ਜਾਣ ਤੇ ਖੁਦ ਲਾਈਟ ਮਸ਼ੀਨ ਗੰਨ ਸੰਭਾਲੀ ਅਤੇ ਦੁਸ਼ਮਣ ਦਾ ਕਾਫੀ ਜਾਨੀ ਨੁਕਸਾਨ ਕੀਤਾ। ਇਸੇ ਦੌਰਾਨ ਉਹ ਦੁਸ਼ਮਣ ਦੇ ਘੇਰੇ ਵਿਚ ਆ ਗਏ ਅਤੇ ਆਖ਼ਰੀ ਦਮ ਤੱਕ ਦੁਸ਼ਮਣ ਨਾਲ ਲੜਦੇ ਹੋਏ ਵੀਰਗਤੀ ਨੂੰ ਪ੍ਰਾਪਤ ਹੋਏ। ਸੂਬੇਦਾਰ ਜੋਗਿੰਦਰ ਸਿੰਘ ਦੀ ਜੋਸ਼ੀਲੀ ਅਗਵਾਈ, ਸ਼ਲਾਘਾਯੋਗ ਵੀਰਤਾ ਅਤੇ ਬੇਮਿਸਾਲ ਫਰਜ ਕਾਰਨ ਭਾਰਤ ਸਰਕਾਰ ਵੱਲੋ ਉਨਾਂ ਨੂੰ ਸ਼ਹੀਦ ਹੋਣ ਉਪਰੰਤ ਦੇਸ਼ ਦੇ ਸਰਵਉੱਚ ਬਹਾਦੁਰੀ ਪੁਰਸਕਾਰ ਪਰਮਵੀਰ ਚੱਕਰ ਪ੍ਰਦਾਨ ਕੀਤਾ ਗਿਆ। ਉਨਾਂ ਕਿਹਾ ਕਿ ਸੂਬੇਦਾਰ ਜੋਗਿੰਦਰ ਸਿੰਘ ਸਾਡੇ ਦਿਲਾਂ ਵਿੱਚ ਹਮੇਸ਼ਾ ਜਿੰਦਾ ਰਹਿਣਗੇ।