ਰਾਜਪੁਰਾ, 24 ਫ਼ਰਵਰੀ : ਸਰਹਿੰਦ - ਰਾਜਪੁਰਾ ਨੈਸ਼ਨਲ ਹਾਈਵੇ 'ਤੇ ਰਾਧਾ ਸਵਾਮੀ ਸਤਿਸੰਗ ਭਵਨ ਦੇ ਸਾਹਮਣੇ ਖੜ੍ਹੇ ਟਰੱਕ ਨਾਲ ਕਾਰ ਦੀ ਟੱਕਰ ਹੋਣ ਕਾਰਨ 2 ਭਰਾਵਾਂ ਸਮੇਤ 4 ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕੁਝ ਦੋਸਤ 2 ਕਾਰਾਂ 'ਚ ਰਾਜਪੁਰਾ - ਸਰਹਿੰਦ ਰੋਡ 'ਤੇ ਬਸੰਤਪੁਰਾ ਨੇੜੇ ਸਥਿਤ ਇਕ ਹੋਟਲ 'ਚ ਆਪਣੇ ਦੋਸਤ ਦੇ ਜਨਮ ਦਿਨ ਦੀ ਪਾਰਟੀ 'ਚ ਸ਼ਾਮਲ ਹੋ ਕੇ ਵਾਪਸ ਘਰ ਆ ਰਹੇ ਸਨ। ਕਰਨ ਵੋਹਰਾ ਅਤੇ ਜਸਬੀਰ ਸਿੰਘ ਨੇ ਦੱਸਿਆ ਕਿ ਰਵਿੰਦਰ ਸਿੰਘ ਉਰਫ ਰਿਸ਼ੂ, ਗੁਰਜਿੰਦਰ ਸਿੰਘ (ਦੋਵੇਂ ਭਰਾ) ਵਾਸੀ ਪੁਰਾਣਾ ਰਾਜਪੁਰਾ, ਕਮਲਜੀਤ ਸਿੰਘ ਵਾਸੀ ਪੁਰਾਣਾ ਰਾਜਪੁਰਾ, ਗੁਰਵਿੰਦਰ ਸਿੰਘ, ਅਵਿਨਾਸ਼ ਸਿੰਘ ਕਾਰ ਵਿੱਚ ਬਸੰਤਪੁਰਾ ਨੇੜੇ ਇਕ ਹੋਟਲ ਵਿੱਚ ਗੁਰਵਿੰਦਰ ਸਿੰਘ ਦਾ ਜਨਮ ਦਿਨ ਮਨਾਉਣ ਗਏ ਸਨ। ਕਰਨ ਵੋਹਰਾ ਅਤੇ ਜਸਵੀਰ ਸਿੰਘ ਦੂਜੀ ਕਾਰ ਵਿੱਚ ਉਨ੍ਹਾਂ ਦੇ ਪਿੱਛੇ ਆ ਰਹੇ ਸਨ। ਜਦੋਂ ਸਾਹਮਣੇ ਤੋਂ ਆ ਰਹੀ ਕਾਰ ਰਾਜਪੁਰਾ ਨੇੜੇ ਰਾਧਾ ਸਵਾਮੀ ਸਤਿਸੰਗ ਭਵਨ ਦੇ ਸਾਹਮਣੇ ਪਹੁੰਚੀ ਤਾਂ ਉੱਥੇ ਇੱਕ ਟਰੱਕ ਬਿਨਾਂ ਰਿਫਲੈਕਟਰ ਦੇ ਖੜ੍ਹਾ ਸੀ। ਹੌਂਡਾ ਸਿਟੀ ਕਾਰ ਟਰੱਕ ਦੇ ਹੇਠਾਂ ਵੜ ਗਈ। ਕਾਰ ਵਿੱਚ ਸਵਾਰ ਰਵਿੰਦਰ ਸਿੰਘ, ਗੁਰਜਿੰਦਰ ਸਿੰਘ, ਕਮਲਜੀਤ ਸਿੰਘ, ਗੁਰਵਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਨਾਨਕ ਸਿੰਘ, ਅਵਿਨਾਸ਼ ਸਿੰਘ ਗੰਭੀਰ ਜ਼ਖ਼ਮੀ ਹੋ ਗਏ।