ਲੁਧਿਆਣਾ : ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਨੂੰ ਉਨ੍ਹਾਂ ਦੇ ਘਰ-ਘਰ ਪਹੁੰਚਾਉਣ ਲਈ 26 ਜਨਵਰੀ, 2023 ਨੂੰ ਲੁਧਿਆਣਾ ਵਿਖੇ 38 ਹੋਰ ਨਵੇਂ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਪ੍ਰਾਇਮਰੀ ਹੈਲਥ ਸੈਂਟਰਾਂ (ਸ਼ਹਿਰੀ ਅਤੇ ਪੇਂਡੂ) ਨੂੰ ਆਮ ਆਦਮੀ ਕਲੀਨਿਕਾਂ ਵਜੋਂ ਅਪਗ੍ਰੇਡ ਕੀਤਾ ਜਾਵੇਗਾ ਅਤੇ ਕਾਰਜਕਾਰੀ ਏਜੰਸੀਆਂ ਦੁਆਰਾ ਸਿਵਲ ਅਤੇ ਹੋਰ ਕੰਮਾਂ ਲਈ ਟੈਂਡਰ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਤੇਜ਼ੀ ਨਾਲ ਮੁਕੰਮਲ ਹੋਣ ਨੂੰ ਯਕੀਨੀ ਬਣਾਉਣ ਲਈ, ਪ੍ਰਸ਼ਾਸਨ ਵਲੋਂ ਪੀ.ਡਬਲਿਊ.ਡੀ., ਮੰਡੀ ਬੋਰਡ, ਗਲਾਡਾ, ਪੀ.ਐਚ.ਐਸ.ਸੀ., ਨਗਰ ਸੁਧਾਰ ਟਰੱਸਟ ਅਤੇ ਹੋਰਾਂ ਸਮੇਤ ਵੱਖਰੀਆਂ ਏਜੰਸੀਆਂ ਨਿਯੁਕਤ ਕੀਤੀਆਂ ਹਨ ਜਿਨ੍ਹਾਂ ਨੂੰ ਤੈਅ ਸਮਾਂ ਸੀਮਾ ਵਿੱਚ ਕਾਰਜ਼ ਮੁਕੰਮਲ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਲੁਧਿਆਣਾ ਅਧੀਨ ਹਲਕਾ ਦਾਖਾ 'ਚ ਸੱਤ ਕਲੀਨਿਕ, ਆਤਮ ਨਗਰ ਅਤੇ ਗਿੱਲ ਹਲਕੇ ਵਿੱਚ ਪੰਜ, ਤਿੰਨ ਕਲੀਨਿਕ ਜਗਰਾਉਂ, ਪਾਇਲ, ਰਾਏਕੋਟ, ਖੰਨਾ ਵਿੱਚ, ਲੁਧਿਆਣਾ ਪੱਛਮੀ, ਲੁਧਿਆਣਾ ਉੱਤਰੀ ਅਤੇ ਸਮਰਾਲਾ ਵਿੱਚ ਦੋ ਕਲੀਨਿਕ ਬਣਾਏ ਜਾ ਰਹੇ ਹਨ ਅਤੇ ਇੱਕ ਅਜਿਹੀ ਸਹੂਲਤ ਲੁਧਿਆਣਾ ਦੱਖਣੀ, ਲੁਧਿਆਣਾ ਪੂਰਬੀ ਅਤੇ ਸਾਹਨੇਵਾਲ ਹਲਕਿਆਂ ਵਿੱਚ ਮੁਹੱਈਆ ਕਰਵਾਈ ਜਾਵੇਗੀ। ਵਿਧਾਇਕ ਸਰਵਜੀਤ ਕੌਰ ਮਾਣੂੰਕੇ, ਦਲਜੀਤ ਸਿੰਘ ਭੋਲਾ ਗਰੇਵਾਲ, ਮਦਨ ਲਾਲ ਬੱਗਾ, ਅਸ਼ੋਕ ਪਰਾਸ਼ਰ ਪੱਪੀ, ਰਜਿੰਦਰਪਾਲ ਕੌਰ ਛੀਨਾ, ਹਰਦੀਪ ਸਿੰਘ ਮੁੰਡੀਆਂ, ਕੁਲਵੰਤ ਸਿੰਘ ਸਿੱਧੂ, ਜੀਵਨ ਸਿੰਘ ਸੰਗੋਵਾਲ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ.ਕੇ.ਐਨ.ਐਸ. ਕੰਗ ਦੇ ਨਾਲ ਕੈਬਨਿਟ ਮੰਤਰੀ ਨੇ ਦੱਸਿਆ ਕਿ 15 ਅਗਸਤ ਤੋਂ ਹੁਣ ਤੱਕ ਲਗਭਗ 78790 ਲੋਕਾਂ ਨੇ ਮੌਜੂਦਾ 9 ਕਲੀਨਿਕਾਂ ਦਾ ਲਾਭ ਲਿਆ ਹੈ ਅਤੇ ਉੱਥੇ 12145 ਮੈਡੀਕਲ ਟੈਸਟ ਕਰਵਾਏ ਗਏ ਹਨ। ਉਨ੍ਹਾਂ ਚੱਲ ਰਹੇ ਕੰਮ 'ਤੇ ਤਸੱਲੀ ਪ੍ਰਗਟ ਕੀਤੀ ਅਤੇ ਅਧਿਕਾਰੀਆਂ ਨੂੰ ਨਵੇਂ ਕਲੀਨਿਕਾਂ ਦੀਆਂ ਹੋਰ ਲੋੜੀਂਦੀਆਂ ਕਾਰਵਾਈਆਂ ਨੂੰ ਸਮੇਂ ਸਿਰ ਪੂਰਾ ਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ।
ਇਸ ਦੌਰਾਨ ਕੈਬਨਿਟ ਮੰਤਰੀ ਵਲੋਂ ਖੁਰਾਕ ਤੇ ਸਿਵਲ ਸਪਲਾਈਜ਼ ਦੇ ਅਧਿਕਾਰੀਆਂ ਨੂੰ ਸਮਾਰਟ ਰਾਸ਼ਨ ਕਾਰਡਾਂ ਦੀ ਮੁੜ ਪੜਤਾਲ ਵਿੱਚ ਤੇਜ਼ੀ ਲਿਆਉਣ ਅਤੇ ਪਾਰਦਰਸ਼ੀ ਢੰਗ ਨਾਲ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਇਹ ਵੀ ਸੁਚੇਤ ਕੀਤਾ ਕਿ ਹਰ ਯੋਗ ਲਾਭਪਾਤਰੀ ਨੂੰ ਅਨਾਜ ਵੰਡ ਸਕੀਮ ਦਾ ਲਾਭ ਦੇਣਾ ਯਕੀਨੀ ਬਣਾਇਆ ਜਾਵੇ। ਸ੍ਰੀ ਲਾਲ ਚੰਦ ਕਟਾਰੂਚੱਕ ਜੋ ਕਿ ਲੁਧਿਆਣਾ ਜ਼ਿਲ੍ਹੇ ਦੇ ਇੰਚਾਰਜ ਵੀ ਹਨ, ਨੇ ਬੁੱਢਾ ਦਰਿਆ ਮੁੜ ਸੁਰਜੀਤੀ ਪ੍ਰੋਜੈਕਟ, ਸਮਾਰਟ ਸਿਟੀ ਵਰਕਸ, ਐਨ.ਐਚ.ਏ.ਆਈ., ਸਿੱਖਿਆ ਸਕੀਮਾਂ, ਖੁਰਾਕ ਸਪਲਾਈ ਅਤੇ ਹੋਰ ਭਲਾਈ ਪ੍ਰੋਗਰਾਮਾਂ ਨੂੰ ਲਾਗੂ ਕਰਨ ਦੀ ਸਮੀਖਿਆ ਕੀਤੀ। ਉਨ੍ਹਾਂ ਇਸ ਸਾਲ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਘਟਾਉਣ ਲਈ ਸੁਹਿਰਦ ਯਤਨ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ, ਖਾਸ ਕਰਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਅਮਨਜੀਤ ਸਿੰਘ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਲੁਧਿਆਣਾ ਲਈ ਮਾਣ ਵਾਲੀ ਗੱਲ ਹੈ ਕਿ ਇਸ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ 55 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ, ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ, ਪੁਲਿਸ ਕਮਿਸ਼ਨਰ ਸ. ਮਨਦੀਪ ਸਿੰਘ ਸਿੱਧੂ, ਐਸ.ਐਸ.ਪੀਜ਼ ਸ. ਹਰਜੀਤ ਸਿੰਘ, ਸ੍ਰੀ ਹਰੀਸ਼ ਦਿਆਮਾ ਓਮ ਪ੍ਰਕਾਸ਼, ਵਧੀਕ ਡਿਪਟੀ ਕਮਿਸ਼ਨਰਾਂ 'ਚ ਸ੍ਰੀ ਅਮਿਤ ਕੁਮਾਰ ਪੰਚਾਲ, ਸ੍ਰੀ ਰਾਹੁਲ ਚਾਬਾ, ਸ੍ਰੀ ਅਮਰਜੀਤ ਬੈਂਸ, ਸ੍ਰੀਮਤੀ ਅਨੀਤਾ ਦਰਸ਼ੀ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ. ਸ਼ਰਨਪਾਲ ਸਿੰਘ ਮੱਕੜ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਵੀ ਮੌਜੂਦ ਸਨ।