- ਪੰਜਾਬ ਸਰਕਾਰ ਵੱਲੋਂ ਰਾਈਟ-ਟੂ-ਬਿਜਨਸ ਨਾਲ ਉਦਯੋਗਾਂ ਨੂੰ ਦਿੱਤਾ ਜਾਵੇਗਾ ਬੜਾਵਾ
- ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਰਾਈਟ ਟੂ ਬਿਜਨਸ ਅਧੀਨ ਤਿੰਨ ਉਦਯੋਗਿਕ ਇਕਾਈਆਂ ਲੱਗਣ ਵਾਸਤੇ ਜਾਰੀ ਕੀਤੀ ਇਨਪ੍ਰਿੰਸੀਪਲ ਅਪਰੂਵਲ
ਫ਼ਤਹਿਗੜ੍ਹ ਸਾਹਿਬ, 09 ਅਗਸਤ : ਪੰਜਾਬ ਸਰਕਾਰ ਵੱਲੋਂ ਬੇਰੋਜ਼ਗਾਰੀ ਦਾ ਖਾਤਮਾ ਕਰਨ ਅਤੇ ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਉਤਸਾਹਤ ਕਰਨ ਵਾਸਤੇ ਰਾਈਟ ਟੂ ਬਿਜਨਸ ਅਧੀਨ ਵੱਖ-ਵੱਖ ਉਦਯੋਗਾਂ ਲਈ ਨਿਵੇਸ਼ ਕਰਨ ਵਾਸਤੇ ਮਨਜੂਰੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ ਇਸੇ ਤਹਿਤ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ 15.97 ਕਰੋੜ ਦੀ ਲਾਗਤ ਨਾਲ ਮੈਸ. ਟੂਲਇਜੀ ਇਸਪਾਤ ਉਦਯੋਗ ਪ੍ਰਾਇਵੇਟ ਲਿਮ:, ਮੈਸ. ਮੋਦੀ ਸਟੀਲ ਪ੍ਰਾਈਵੇਟ ਲਿਮ ਅਤੇ ਮੈਸ. ਸ਼੍ਰੀ ਬਾਲਾ ਜੀ ਐਗਰੋ ਪ੍ਰੋਡਕਟਸ ਵੱਲੋਂ ਤਿੰਨ ਇਕਾਈਆਂ ਲਗਾਈਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਜ਼ਿਲ੍ਹੇ ਦੇ 121 ਬੇਰੋਜ਼ਗਾਰਾਂ ਨੂੰ ਰੋਜ਼ਗਾਰ ਹਾਸਲ ਹੋਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰਾਈਟ ਟੂ ਬਿਜਨਸ ਅਧੀਨ ਤਿੰਨ ਉਦਯੋਗਿਕ ਇਕਾਈਆਂ ਲਗਾਉਣ ਲਈ ਇਨਪ੍ਰਿੰਸੀਪਲ ਅਪਰੂਵਲ ਜਾਰੀ ਕਰਨ ਮੌਕੇ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਨਵੀਂਆਂ ਉਦਯੋਗਿਕ ਇਕਾਈਆਂ ਸ਼ੁਰੂ ਕਰਨ ਵਾਲੇ ਉਦਯੋਗਾਂ ਨੂੰ ਇਨਪ੍ਰਿੰਸੀਪਲ ਅਪਰੂਵਲ ਜਾਰੀ ਕਰਕੇ ਕਿਹਾ ਗਿਆ ਹੈ ਕਿ ਜ਼ਿਲ੍ਹੇ ਦੇ ਵੱਧ ਤੋਂ ਵੱਧ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਨੂੰ ਯਕੀਨੀ ਬਣਾਇਆ ਜਾਵੇ। ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਰਾਈਟ ਟੂ ਬਿਜਨਸ ਐਕਟ ਅਧੀਨ ਕੋਈ ਵੀ ਇਕਾਈ ਇਨਪ੍ਰਿੰਸੀਪਲ ਅਪਰੂਵਲ ਲੈ ਕੇ ਆਪਣਾ ਬਿਜਨਸ ਸ਼ੁਰੂ ਕਰ ਸਕਦੀ ਹੈ ਪ੍ਰੰਤੂ ਇਕਾਈ ਨੂੰ ਬਿਜਨਸ ਦੇ ਨਾਲ-ਨਾਲ ਤਿੰਨ ਸਾਲ ਅੰਦਰ ਸਾਰੀਆਂ ਰੈਗਲੇਟਰੀ ਕਲੀਅਰੈਂਸ ਲੈਣੀਆਂ ਜਰੂਰੀ ਹੋਣਗੀਆਂ। ਉਨ੍ਹਾਂ ਦੱਸਿਆ ਕਿ ਐਕਟ ਅਨੁਸਾਰ ਕਿਸੇ ਵੀ ਇਕਾਈ ਦਾ ਪ੍ਰੋਜੈਕਟ ਰੈਗੂਲੇਟਰੀ ਕਲੀਅਰੈਂਸ ਨਾ ਮਿਲਣ ਜਾਂ ਉਸ ਦੇ ਲਾਗੂ ਹੋਣ ਵਿੱਚ ਦੇਰੀ ਕਾਰਨ ਕੰਮ ਨਹੀਂ ਰੁਕੇਗਾ। ਉਨ੍ਹਾਂ ਦੱਸਿਆ ਕਿ ਉਦਯੋਗਿਕ ਫੋਕਲ ਪੁਆਂਇਟ ਵਿੱਚ ਸਥਾਪਤ ਹੋਣ ਵਾਲੀਆਂ ਇਕਾਈਆਂ ਨੂੰ ਇਹ ਅਪਰੂਵਲ ਤਿੰਨ ਦਿਨਾਂ ਵਿੱਚ ਜਾਰੀ ਕੀਤੀ ਜਾਂਦੀ ਹੈ ਅਤੇ ਉਦਯੋਗਿਕ ਫੋਕਲ ਪੁਆਂਇੰਟ ਤੋਂ ਬਾਹਰ ਦੇ ਏਰੀਏ ਵਿੱਚ ਉਦਯੋਗ ਸਥਾਪਤ ਕਰਨ ਲਈ ਲੋੜੀਂਦੀ ਮਨਜੂਰੀ 15 ਦਿਨ ਦੇ ਅੰਦਰ ਜਾਰੀ ਕੀਤੀ ਜਾਂਦੀ ਹੈ।ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਉਦਯੋਗਾਂ ਨੂੰ ਅਪੀਲ ਕੀਤੀ ਕਿ ਇਸ ਐਕਟ ਤਹਿਤ ਦਿੱਤੀ ਜਾ ਰਹੀ ਸੁਵਿਧਾ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਜੇਕਰ ਉਦਯੋਗ ਸਥਾਪਤ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ। ਉਨ੍ਹਾਂ ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਸ਼੍ਰੀ ਜਗਦੀਸ਼ ਸਿੰਘ ਨੂੰ ਆਦੇਸ਼ ਦਿੱਤੇ ਕਿ ਨਵੇਂ ਉਦਯੋਗ ਸਥਾਪਤ ਹੋਣ ਮੌਕੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਇਕਾਈ ਵੱਲੋਂ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਨ ਨੂੰ ਯਕੀਨੀ ਬਣਾਇਆ ਜਵੇ ਤਾਂ ਜੋ ਸਰਕਾਰ ਵੱਲੋਂ ਦਿੱਤੀ ਜਾ ਰਹੀ ਇਸ ਸੁਵਿਧਾ ਨਾਲ ਵੱਧ ਤੋਂ ਵੱਧ ਉਦਯੋਗ ਸਥਾਪਤ ਕਰਕੇ ਬੇਰੋਜ਼ਗਾਰੀ ਦਾ ਖਾਤਮਾ ਕੀਤਾ ਜਾ ਸਕੇ। ਇਸ ਮੌਕੇ ਉਦਯੋਗਪਤੀ ਰਾਜੀਵ ਗੁਪਤਾ, ਮਾਧੁਰ ਮੋਦੀ ਅਤੇ ਸ਼੍ਰੀ ਗੁਰਦਰਸ਼ਨ ਸਿੰਘ ਵੀ ਮੌਜੂਦ ਸਨ।