- ਖੂਨਦਾਨੀਆਂ ਦਾ ਸੂਬਾ ਪੱਧਰ ਤੇ ਬਣਾਇਆ ਜਾਵੇਗਾ ਵਟਸਐਪ ਗਰੁੱਪ
- 90 ਲੱਖ ਹੋਰ ਲੋਕਾਂ ਦੇ ਬਣਾਏ ਜਾਣਗੇ ਮੁੱਖ ਮੰਤਰੀ ਸਿਹਤ ਬੀਮਾ ਕਾਰਡ
- ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿੱਚ ਆਉਦੇ ਛੇ ਮਹੀਨਿਆਂ ਅੰਦਰ ਨਵਾਂ ਆਈ.ਸੀ.ਯੂ. ਕੇਂਦਰ ਹੋਵੇਗਾ ਤਿਆਰ
- ਮੁੱਖ ਮੰਤਰੀ ਭਗਵੰਤ ਮਾਨ ਦੇ ਜਨਮ ਦਿਨ ਮੌਕੇ ਹਰੇਕ ਸਾਲ ਲਗਾਏ ਜਾਣਗੇ ਖੂਨਦਾਨ ਕੈਂਪ
- ਪੰਜਾਬ ਦੇ ਸਿਹਤ ਮੰਤਰੀ ਡਾ: ਬਲਵੀਰ ਸਿੰਘ ਨੇ ਬੱਚਤ ਭਵਨ ਵਿਖੇ ਲਗਾਏ ਖੂਨਦਾਨ ਕੈਂਪ ਦਾ ਕੀਤਾ ਉਦਘਾਟਨ
ਫ਼ਤਹਿਗੜ੍ਹ ਸਾਹਿਬ, 17 ਅਕਤੂਬਰ : ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸੂਬੇ ਪ੍ਰਤੀ ਅਗਾਂਹਵਧੂ ਸੋਚ ਨੂੰ ਮੁੱਖ ਰੱਖਦੇ ਹੋਏ ਫੈਸਲਾ ਕੀਤਾ ਗਿਆ ਹੈ ਕਿ ਹਰੇਕ ਸਾਲ ਸ. ਮਾਨ ਦੇ ਜਨਮ ਦਿਨ ਨੂੰ ਖੂਨਦਾਨ ਦਿਵਸ ਵਜੋਂ ਮਨਾਇਆ ਜਾਵੇਗਾ ਅਤੇ ਵੱਡੀ ਪੱਧਰ ਤੇ ਖੂਨਦਾਨ ਕੈਂਪ ਲਗਾਏ ਜਾਣਗੇ ਤਾਂ ਜੋ ਲੋੜਵੰਦਾਂ ਨੂੰ ਵੱਧ ਤੋਂ ਵੱਧ ਰਾਹਤ ਮਿਲ ਸਕੇ। ਇਹ ਐਲਾਨ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਵੀਰ ਸਿੰਘ ਨੇ ਬੱਚਤ ਭਵਨ ਵਿਖੇ ਮੁੱਖ ਮੰਤਰੀ ਪੰਜਾਬ ਦੇ ਜਨਮ ਦਿਨ ਮੌਕੇ ਲਗਾਏ ਗਏ ਵਿਸ਼ਾਲ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਪੱਧਰ ਤੇ ਲਏ ਗਏ ਇਸ ਫੈਸਲੇ ਅਨੁਸਾਰ ਅੱਜ ਪੰਜਾਬ ਭਰ ਵਿੱਚ 138 ਖੂਨਦਾਨ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਅੰਦਰ ਹਰੇਕ 10 ਦਿਨ ਲਈ 7-8 ਹਜ਼ਾਰ ਯੂਨਿਟ ਖੂਨ ਦੀ ਲੋੜ ਪੈਂਦੀ ਹੈ ਜਦੋਂ ਕਿ ਪੰਜਾਬ ਅੰਦਰ ਖੂਨਦਾਨੀ ਬਹੁਤ ਜਿਆਦਾ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਖੂਨਦਾਨੀਆਂ ਦੀ ਇੱਕ ਵੱਖਰੀ ਲਿਸਟ ਬਣਾ ਕੇ ਸੂਬਾ ਪੱਧਰ ਤੇ ਵਟਸਐਪ ਗਰੁੱਪ ਵੀ ਤਿਆਰ ਕੀਤਾ ਜਾਵੇਗਾ ਤਾਂ ਜੋ ਕੋਈ ਵੀ ਵਿਅਕਤੀ ਖੂਨ ਦੀ ਲੋੜ ਪੈਣ ਤੇ ਉਨ੍ਹਾਂ ਨਾਲ ਸੰਪਰਕ ਕਰ ਸਕੇ। ਮੁੱਖ ਮੰਤਰੀ ਸਿਹਤ ਬੀਮਾ ਕਾਰਡ ਸਬੰਧੀ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਅੰਦਰ 70 ਲੱਖ ਲੋਕਾਂ ਦੇ ਸਿਹਤ ਬੀਮਾ ਕਾਰਡ ਬਣੇ ਹੋਏ ਹਨ ਜਦੋਂ ਕਿ ਅਜੇ 90 ਲੱਖ ਨਵੇਂ ਕਾਰਡ ਹੋਰ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਜਿਹੜੇ ਪਰਿਵਾਰਾਂ ਦੇ ਆਟਾ ਦਾਲ ਸਕੀਮ ਦੇ ਨੀਲੇ ਰਾਸ਼ਨ ਕਾਰਡ ਬਣੇ ਹੋਏ ਹਨ, ਪੱਤਰਕਾਰ, ਜੇ ਫਾਰਮ ਵਾਲੇ ਕਿਸਾਨ, ਰਜਿਸਟਰਡ ਕਾਮੇ ਜਾਂ ਰਜਿਸਟਰਡ ਆੜਤੀਏ, ਟਰੇਡਰਜ, ਸੁਤੰਤਰਤਾ ਸੈਨਾਨੀ ਆਦਿ ਇਹ ਕਾਰਡ ਬਣਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮੁੱਖ ਮੰਤਰੀ ਸਿਹਤ ਬੀਮਾ ਕਾਰਡ ਬਣਵਾਉਣ ਬਾਰੇ ਸੂਬੇ ਦੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਨਿਵੇਕਲਾ ਉਪਰਾਲਾ ਕੀਤਾ ਜਾ ਰਿਹਾ ਹੈ । ਜਿਸ ਤਹਿਤ ਕਾਰਡ ਬਣਵਾਉਣ ਵਾਲੇ ਪਰਿਵਾਰ ਨੂੰ 5 ਲੱਖ ਰੁਪਏ ਦੇ ਬੀਮੇ ਦੀ ਸਹੂਲਤ ਮਿਲੇਗੀ ਅਤੇ ਸਕੀਮ ਅਧੀਨ ਰਜਿਸਟਰਡ ਹੋਣ ਵਾਲੇ ਲਾਭਪਾਤਰੀਆਂ ਨੂੰ ਇੱਕ ਲੱਖ ਰੁਪਏ ਦਾ ਇਨਾਮ ਵੀ ਦਿੱਤਾ ਜਾਵੇਗਾ। ਨਸ਼ਿਆਂ ਦੇ ਵੱਧ ਰਹੇ ਰੁਝਾਨ ਨੂੰ ਠੱਲ ਪਾਉਣ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਡਾ: ਬਲਵੀਰ ਸਿੰਘ ਨੇ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਸਰਕਾਰ ਵੱਲੋਂ ਇੱਕ ਨਿਵੇਕਲਾ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਤਹਿਤ ਨਸ਼ਿਆਂ ਦੇ ਆਦੀ ਵਿਅਕਤੀਆਂ ਨੂੰ ਜੇਲ੍ਹਾਂ ਅੰਦਰ ਨਹੀਂ ਭੇਜਿਆ ਜਾਵੇਗਾ ਸਗੋਂ ਉਨ੍ਹਾਂ ਦਾ ਮੁਫਤ ਇਲਾਜ ਕਰਕੇ ਉਨ੍ਹਾਂ ਨੂੰ ਵੱਖ-ਵੱਖ ਕਿੱਤਿਆਂ ਦੀ ਸਿਖਲਾਈ ਦੇ ਕੇ ਰੋਜ਼ਗਾਰ ਸ਼ੁਰੂ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਭਲਕੇ ਦਰਬਾਰ ਸਾਹਿਬ ਵਿੱਚ 35000 ਖਿਡਾਰੀ ਤੇ ਹੋਰ ਸਖਸ਼ੀਅਤਾਂ ਪ੍ਰਣ ਲੈਣਗੀਆਂ ਕਿ ਨਾ ਨਸ਼ਿਆਂ ਦਾ ਸੇਵਨ ਆਪ ਕਰਨਗੇ ਅਤੇ ਨਾ ਹੀ ਕਿਸੇ ਨੂੰ ਕਰਨ ਦੇਣਗੇ। ਹਸਪਤਾਲਾਂ ਅੰਦਰ ਡਾਕਟਰਾਂ ਦੀ ਘਾਟ ਸਬੰਧੀ ਸਿਹਤ ਮੰਤਰੀ ਨੇ ਦੱਸਿਆ ਕਿ ਸਿਹਤ ਵਿਭਾਗ ਕੋਲ ਹੁਣ 272 ਵੱਖ-ਵੱਖ ਬਿਮਾਰੀਆਂ ਦੇ ਮਾਹਰ ਡਾਕਟਰ ਆ ਗਏ ਹਨ ਅਤੇ ਮੈਡੀਕਲ ਕਾਲਜਾਂ ਵਿੱਚ ਵੱਖ-ਵੱਖ ਕੋਰਸ ਕਰਨ ਵਾਲੇ 300 ਹੋਰ ਡਾਕਟਰਾਂ ਨੂੰ ਇਸ ਸਾਲ ਰੋਜ਼ਗਾਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਆਉਂਦੇ ਸਮੇਂ ਅੰਦਰ 350 ਨਵੇਂ ਡਾਕਟਰ ਭਰਤੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਰੇਕ ਜ਼ਿਲ੍ਹਾ ਹਸਪਤਾਲ ਅੰਦਰ ਐਮਰਜੰਸੀ ਵਿੰਗ ਬਣਾਇਆ ਜਾਵੇਗਾ ਅਤੇ ਐਮਰਜੰਸੀ ਵਿੰਗ ਵੀ ਡਿਜੀਟਲ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਅੰਦਰ ਆਉਂਦੇ ਛੇ ਮਹੀਨਿਆਂ ਅੰਦਰ ਵੈਂਟੀਲੇਟਰ ਲਗਾ ਦਿੱਤਾ ਜਾਵੇਗਾ। ਵਿਰੋਧੀਆਂ ਵੱਲੋਂ ਸਰਕਾਰ ਤੇ ਬਦਲਾਖੋਰੀ ਦੀ ਭਾਵਨਾਂ ਨਾਲ ਕੰਮ ਕਰਨ ਦੇ ਲਗਾਏ ਜਾ ਰਹੇ ਦੋਸ਼ਾਂ ਬਾਰੇ ਸਿਹਤ ਮੰਤਰੀ ਨੇ ਕਿਹਾ ਕਿ ਵਿਰੋਧੀ ਸਿਰਫ ਫੋਕੀ ਸ਼ੋਹਰਤ ਲੈਣ ਲਈ ਗਲਤ ਬਿਆਨਬਾਜੀ ਕਰ ਰਹੇ ਹਨ ਜਦੋਂ ਕਿ ਸਰਕਾਰ ਨੇ ਇਹ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਕਿ ਲੋਕਾਂ ਦੇ ਪੈਸਿਆਂ ਦੀ ਲੁੱਟ ਕਰਨ ਵਾਲੇ ਲੋਕਾਂ ਨੁੰ ਕਿਸੇ ਵੀ ਹਾਲ ਵਿੱਚ ਬਖਸ਼ਿਆ ਨਹੀਂ ਜਾਵੇਗਾ। ਆਮ ਆਦਮੀ ਕਲੀਨਿਕਾਂ ਅੰਦਰ ਮਰੀਜਾਂ ਦੀਆ ਜਾਅਲੀ ਆਈ.ਡੀ. ਬਣਾਉਣ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸੂਬੇ ਦੇ ਆਮ ਆਦਮੀ ਕਲੀਨਿਕਾਂ ਤੋਂ ਹੁਣ ਤੱਕ 60 ਲੱਖ ਲੋਕਾਂ ਨੇ ਇਲਾਜ ਕਰਵਾਇਆ ਹੈ ਅਤੇ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਜਿਹੜੇ ਆਮ ਆਦਮੀ ਕਲੀਨਿਕ ਵਿੱਚ ਰੋਜ਼ਾਨਾਂ 80 ਤੋਂ ਵੱਧ ਵਿਅਕਤੀ ਇਲਾਜ ਲਈ ਆਉਂਦੇ ਹਨ ਉਥੇ ਇੱਕ ਨਵਾਂ ਕਲੀਨਿਕ ਜਾਂ ਉਸ ਦਾ ਸਮਾਂ ਡਬਲ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ। ਇਸ ਮੌਕੇ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਅਤੇ ਬਸੀ ਪਠਾਣਾ ਦੇ ਵਿਧਾਇਕ ਸ. ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਸੂਬੇ ਦਾ ਵਿਕਾਸ ਕਰਨ ਅਤੇ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜਿਸ ਸੰਜੀਦਗੀ ਨਾਲ ਕੰਮ ਕਰ ਰਹੇ ਹਨ ਉਹ ਬੇਮਿਸਾਲ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਹਰੇਕ ਸਾਲ ਖੂਨਦਾਨ ਦਿਵਸ ਮਨਾਉਣ ਦਾ ਫੈਸਲਾ ਇਤਿਹਾਸਕ ਹੈ ਕਿਉਂਕਿ ਸ. ਮਾਨ ਦਿਨ ਰਾਤ ਪੰਜਾਬ, ਪੰਜਾਬੀ ਤੇ ਪੰਜਾਬੀਆਂ ਦੇ ਹਿੱਤਾਂ ਲਈ ਹੀ ਸੋਚਦੇ ਹਨ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ: ਅਜੈ ਸਿੰਘ ਲਿਬੜਾ, ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ, ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਈਸ਼ਾ ਸਿੰਗਲ, ਸਿਵਲ ਸਰਜਨ ਡਾ: ਦਵਿੰਦਰਜੀਤ ਕੌਰ, ਮਾਰਕੀਟ ਕਮੇਟੀ ਚਨਾਰਥਲ ਦੇ ਚੇਅਰਮੈਨ ਸ਼੍ਰੀ ਰਸ਼ਪਿੰਦਰ ਸਿੰਘ ਰਾਜਾ, ਆਮ ਆਦਮੀ ਪਾਰਟੀ ਦੇ ਸਨੀ ਚੋਪੜਾ, ਸਤੀਸ਼ ਲਟੌਰ, ਨਵਦੀਪ ਸਿੰਘ ਨਵੀ, ਪ੍ਰਿਤਪਾਲ ਸਿੰਘ ਜੱਸੀ, ਬਹਾਦਰ ਖਾਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਆਗੂ, ਵਰਕਰ ਤੇ ਅਧਿਕਾਰੀ ਹਾਜਰ ਸਨ।