- ਜ਼ਿਲ੍ਹਾ ਪ੍ਰਸ਼ਾਸਨ ਨੇ ਸੰਗਤਾਂ ਦੇ ਸਹਿਯੋਗ ਨਾਲ 250 ਫੁੱਟ ਪਾੜ ਵਿਚੋਂ 160 ਫੁੱਟ ਪਾੜ ਨੂੰ ਭਰਨ ਵਿੱਚ ਕਾਮਯਾਬੀ ਹਾਸਲ ਕੀਤੀ
- 90 ਫੁੱਟ ਪਾੜ ਕੱਲ ਸਵੇਰ ਤੱਕ ਭਰਨ ਦੀ ਉਮੀਦ
- ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਮੁਲਾਜ਼ਮਾਂ ਅਤੇ ਸੰਗਤਾਂ ਦਾ ਧੰਨਵਾਦ
ਗੁਰਦਾਸਪੁਰ, 19 ਅਗਸਤ : ਪਿੰਡ ਜਗਤਪੁਰ ਟਾਂਡਾ ਦੇ ਨਜ਼ਦੀਕ ਧੁੱਸੀ ਬੰਨ ਵਿੱਚ ਕਰੀਬ 250 ਫੁੱਟ ਪਏ ਪਾੜ ਨੂੰ ਭਰਨ ਦਾ ਕੰਮ ਦਿਨ-ਰਾਤ ਜੰਗੀ ਪੱਧਰ `ਤੇ ਜਾਰੀ ਹੈ। ਇਸ ਪਾੜ ਨੂੰ ਭਰਨ ਵਿੱਚ ਜਿਥੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗ ਲੱਗੇ ਹੋਏ ਹਨ ਓਥੇ ਇਲਾਕੇ ਦੀਆਂ ਸੰਗਤਾਂ ਵੱਲੋਂ ਵੀ ਮੋਹਰੀ ਹੋ ਕੇ ਆਪਣਾ ਹਿੱਸਾ ਪਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਵੱਧਣ ਤੋਂ ਬਾਅਦ 15 ਅਗਸਤ ਨੂੰ ਪਿੰਡ ਜਗਤਪੁਰ ਟਾਂਡਾ ਦੇ ਨਜ਼ਦੀਕ ਧੁੱਸੀ ਬੰਨ ਵਿੱਚ ਇਹ ਵੱਡਾ ਪਾੜ ਪਿਆ ਸੀ ਜੋ ਵੱਧ ਕੇ 250 ਫੁੱਟ ਦੇ ਕਰੀਬ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਸ ਦਿਨ ਤੋਂ ਹੀ ਬੰਨ ਦੇ ਇਸ ਪਾੜ ਨੂੰ ਭਰਨ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਵਿੱਚ ਸਭ ਤੋਂ ਵੱਡਾ ਸਹਿਯੋਗ ਇਲਾਕੇ ਦੀਆਂ ਸੰਗਤਾਂ ਵੱਲੋਂ ਦਿੱਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਧੁੱਸੀ ਬੰਨ ਦੇ ਪਾੜ ਨੂੰ ਭਰਨ ਦਾ ਕੰਮ ਦਿਨ-ਰਾਤ ਚੱਲ ਰਿਹਾ ਹੈ ਅਤੇ ਕਰੀਬ 160 ਫੁੱਟ ਪਾੜ ਨੂੰ ਭਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਧੁੱਸੀ ਬੰਨ ਦੇ ਪਾੜ ਨੂੰ ਭਰਨ ਦਾ ਕੰਮ ਦੋਵੇਂ ਪਾਸਿਆਂ ਤੋਂ ਚੱਲ ਰਿਹਾ ਹੈ ਅਤੇ ਕਰੀਬ 90 ਫੁੱਟ ਪਾੜ ਹੀ ਭਰਨ ਵਾਲਾ ਬਾਕੀ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪਾੜ ਦਾ ਵਿਚਕਾਰਲਾ ਹਿੱਸਾ ਹੈ ਅਤੇ ਇਥੇ ਪਾੜ ਦੀ ਡੂੰਘਾਈ ਕਰੀਬ 30 ਫੁੱਟ ਦੇ ਆਸ-ਪਾਸ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜਦੋਂ ਧੁੱਸੀ ਬੰਨ ਦੇ ਇਸ ਪਾੜ ਨੂੰ ਭਰਨਾ ਸ਼ੁਰੂ ਕੀਤਾ ਸੀ ਤਾਂ ਉਸ ਸਮੇਂ ਕੁਝ ਵਿਅਕਤੀਆਂ ਦਾ ਕਹਿਣਾ ਸੀ ਕਿ ਇਸ ਪਾੜ ਨੂੰ ਭਰਨ ਵਿੱਚ ਘੱਟੋ-ਘੱਟ 20 ਦਿਨ ਲੱਗਣਗੇ। ਪਰ ਸੰਗਤ ਦੀ ਅਣਥੱਕ ਸੇਵਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਮੁਲਾਜ਼ਮਾਂ ਦੇ ਹਾਰ ਨਾ ਮੰਨਣ ਵਾਲੇ ਹੌਂਸਲੇ ਨੇ ਨਾਮੁਮਕਿਨ ਨੂੰ ਮੁਮਕਿਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਜ਼ਿਲ੍ਹਾ ਪ੍ਰਸ਼ਾਸਨ ਦੀ ਪੂਰੀ ਕੋਸ਼ਿਸ਼ ਹੈ ਕਿ ਕੱਲ ਸਵੇਰ ਤੱਕ ਇਸ ਪਾੜ ਨੂੰ ਭਰ ਲਿਆ ਜਾਵੇ। ਉਨ੍ਹਾਂ ਧੁੱਸੀ ਬੰਨ ਦੇ ਪਾੜ ਨੂੰ ਭਰਨ ਵਿੱਚ ਲੱਗੇ ਹੋਏ ਹਰ ਵਿਅਕਤੀ ਦਾ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਧੰਨਵਾਦ ਕੀਤਾ ਹੈ।