- ਰਾਜਨੀਤਿਕ ਪਾਰਟੀਆਂ ਨੂੰ ਪੋਲਿੰਗ ਬੂਥਵਾਈਜ਼ ਬੂਥ ਲੈਵਲ ਏਜੰਟਾਂ ਦੀ ਨਿਯੁਕਤੀ ਕਰਨ ਲਈ ਕਿਹਾ
- 5 ਜਨਵਰੀ 2024 ਨੂੰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾਂ ਕੀਤੀ ਜਾਵੇਗੀ
ਗੁਰਦਾਸਪੁਰ, 27 ਅਕਤੂਬਰ : ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਪ੍ਰਾਪਤ ਹੋਏ ਸ਼ਡਿਊਲ ਅਨੁਸਾਰ ਯੋਗਤਾ ਮਿਤੀ 1 ਜਨਵਰੀ 2024 ਦੇ ਅਧਾਰ ’ਤੇ ਜ਼ਿਲ੍ਹੇ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਵੋਟਰ ਸੂਚੀਆਂ ਦੀ ਸਪੈਸ਼ਲ ਸੁਧਾਈ ਦਾ ਕੰਮ ਅੱਜ ਮਿਤੀ 27 ਅਕਤੂਬਰ 2023 ਤੋਂ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਸ੍ਰੀ ਸੁਭਾਸ਼ ਚੰਦਰ ਵੱਲੋਂ ਅੱਜ ਸਥਾਨਕ ਪੰਚਾਇਤ ਭਵਨ ਵਿਖੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ 27 ਅਕਤੂਬਰ ਤੋਂ 9 ਦਸੰਬਰ 2023 ਤੱਕ ਨਵੀਆਂ ਵੋਟਾਂ ਬਣਾਉਣ ਲਈ ਦਾਅਵੇ/ਇਤਰਾਜ਼ ਫਾਰਮ ਨੰਬਰ-6, ਵਟ ਕਟਵਾਉਣ ਲਈ ਫਾਰਮ ਨੰਬਰ-7, ਵੇਰਵਿਆਂ ਦੀ ਸੋਧ ਕਰਵਾਉਣ/ਰਿਹਾਇਸ਼ ਦੀ ਤਬਦੀਲੀ ਲਈ ਫਾਰਮ ਨੰਬਰ-8, ਬੂਥ ਲੈਵਲ ਅਫ਼ਸਰਾਂ, ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ, ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵੱਲੋਂ ਪ੍ਰਾਪਤ ਕੀਤੇ ਜਾਣਗੇ। ਮਿਤੀ 4 ਤੇ 5 ਨਵੰਬਰ 2023 (ਸ਼ਨੀਵਾਰ, ਐਤਵਾਰ) ਨੂੰ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਜ਼ਿਲ੍ਹੇ ਦੇ ਸਮੂਹ ਪੋਲਿੰਗ ਸਟੇਸ਼ਨਾਂ ’ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ, ਜਿਥੇ ਬੀ.ਐੱਲ.ਓਜ਼ ਵੱਲੋਂ ਬਿਨੈਕਾਰਾਂ ਪਾਸੋਂ ਫਾਰਮ ਪ੍ਰਾਪਤ ਕੀਤੇ ਜਾਣਗੇ। ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵੱਲੋਂ ਮਿਤੀ 26 ਦਸੰਬਰ 2023 ਤੱਕ ਦਾਅਵੇ/ਇਤਰਾਜਾਂ ਦਾ ਨਿਪਟਾਰਾ ਕੀਤਾ ਜਾਵੇਗਾ। ਫਾਰਮਾਂ ਦੇ ਨਿਪਟਾਰੇ ਉਪਰੰਤ ਅਨੁਪੂਰਕਾਂ ਦਾ ਕੰਮ ਮੁਕੰਮਲ ਕਰਕੇ ਮਿਤੀ 5 ਜਨਵਰੀ 2024 ਨੂੰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾਂ ਕੀਤੀ ਜਾਵੇਗੀ। ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਸ੍ਰੀ ਸੁਭਾਸ਼ ਚੰਦਰ ਨੇ ਸਮੂਹ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਵੋਟਰ ਸੂਚੀਆਂ ਦੀ ਸੁਧਾਈ ਵਿੱਚ ਆਪਣਾ ਸਹਿਯੋਗ ਦੇਣ ਅਤੇ ਸਾਰੇ ਯੋਗ ਵੋਟਰਾਂ ਦੀ ਵੋਟਾਂ ਬਣਾਉਣ ਲਈ ਉਹ ਵੀ ਨਾਗਰਕਿਾਂ ਨੂੰ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਰਾਜਸੀ ਪਾਰਟੀਆਂ ਵੱਲੋਂ ਵਿਧਾਨ ਸਭਾ ਚੋਣ ਹਲਕੇਵਾਰ ਪੋਲਿੰਗ ਬੂਥਵਾਈਜ਼ ਬੂਥ ਲੈਵਲ ਏਜੰਟਾਂ ਦੀ ਨਿਯੁਕਤੀ ਕਰਕੇ ਲਿਸਟਾਂ ਤੁਰੰਤ ਜ਼ਿਲ੍ਹਾ ਚੋਣ ਦਫ਼ਤਰ ਨੂੰ ਭੇਜੀਆਂ ਜਾਣ। ਮੀਟਿੰਗ ਦੌਰਾਨ ਚੋਣ ਤਹਿਸੀਲਦਾਰ ਸ. ਮਨਜਿੰਦਰ ਸਿੰਘ ਬਾਜਵਾ ਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ।