- ਇੰਡਸਟਰੀਅਲ ਅਸਟੇਟ ਗੁਰਦਾਸਪੁਰ 'ਚ ਬੁਨਿਆਦੀ ਸਹੂਲਤਾਂ ਮਿਲਣ ਦੇ ਨਾਲ ਨਿਰਵਿਘਨ ਬਿਜਲੀ ਸਪਲਾਈ ਲਈ ਪਾਵਰ ਹਾਊਸ ਤੋਂ ਬਣੇਗਾ ਨਵਾਂ ਬਿਜਲੀ ਫੀਡਰ
- ਸਨਅਤਕਾਰਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਚੇਅਰਮੈਨ ਰਮਨ ਬਹਿਲ ਦਾ ਧੰਨਵਾਦ ਕੀਤਾ
- ਭਵਿੱਖ ਵਿੱਚ ਵੀ ਲੋਕਾਂ ਦੇ ਮਸਲੇ ਹੱਲ ਕਰਾਉਣ ਲਈ ਪੂਰੀ ਸੁਹਿਰਦਤਾ ਨਾਲ ਯਤਨਸ਼ੀਲ ਰਹਾਂਗਾ - ਰਮਨ ਬਹਿਲ
ਗੁਰਦਾਸਪੁਰ, 26 ਫਰਵਰੀ : ਬੀਤੇ ਕੱਲ੍ਹ ਦੀਨਾਨਗਰ ਵਿਖੇ ਹੋਈ ਸਰਕਾਰ-ਵਪਾਰ ਮਿਲਣੀ ਦੌਰਾਨ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਇੰਡਸਟਰੀਅਲ ਅਸਟੇਟ ਗੁਰਦਾਸਪੁਰ ਦੇ ਵਿਕਾਸ ਅਤੇ ਸਨਅਤਕਾਰਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਸਨਅਤਕਾਰ ਪੂਰੀ ਤਰ੍ਹਾਂ ਖ਼ੁਸ਼ ਹਨ। ਇੰਡਸਟਰੀਅਲ ਅਸਟੇਟ ਗੁਰਦਾਸਪੁਰ ਦੇ ਸਨਅਤਕਾਰਾਂ ਦੇ ਮਸਲੇ ਨੂੰ ਉਠਾਉਣ ਅਤੇ ਹੱਲ ਕਰਵਾਉਣ ਵਿੱਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਮੁੱਖ ਸੂਤਰਧਾਰ ਬਣੇ ਹਨ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜਦੋਂ ਕੱਲ੍ਹ ਦੀਨਾਨਗਰ ਵਿਖੇ ਸਰਕਾਰ-ਵਪਾਰ ਮਿਲਣੀ ਦੌਰਾਨ ਗੁਰਦਾਸਪੁਰ ਦੇ ਉੱਘੇ ਉਦਯੋਗਪਤੀ ਰਵੀ ਖੰਨਾ ਨੇ ਗੁਰਦਾਸਪੁਰ ਇੰਡਸਟਰੀਅਲ ਅਸਟੇਟ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਸਨਅਤੀ ਇਲਾਕਾ ਗੁਰਦਾਸਪੁਰ ਬਹੁਤ ਪਹਿਲਾਂ ਹੋਂਦ ਵਿੱਚ ਆਇਆ ਸੀ ਪਰ ਉਦੋਂ ਤੋਂ ਹੀ ਸਮੱਸਿਆਵਾਂ ਦੀ ਦਲਦਲ ਵਿੱਚ ਫਸਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕੋਈ ਮੁੱਖ ਮੰਤਰੀ ਸਰਹੱਦੀ ਖੇਤਰ ਵਿੱਚ ਆਇਆ ਹੈ, ਪਿਛਲੇ ਸਮੇਂ ਵਿੱਚ ਇੱਥੋਂ ਤੱਕ ਕਿ ਸਥਾਨਕ ਵਿਧਾਇਕਾਂ ਨੇ ਵੀ ਇਲਾਕੇ ਦੇ ਲੋਕਾਂ ਦੀ ਗੱਲ ਨਹੀਂ ਸੁਣੀ। ਸ੍ਰੀ ਖੰਨਾ ਨੇ ਗੁਰਦਾਸਪੁਰ ਇੰਡਸਟਰੀਅਲ ਅਸਟੇਟ ਵਿੱਚ ਸੜਕਾਂ, ਸੀਵਰੇਜ, ਬਿਜਲੀ ਸਪਲਾਈ ਆਦਿ ਮਸਲਿਆਂ ਦੇ ਹੱਲ ਦੀ ਮੁੱਖ ਮੰਤਰੀ ਕੋਲ ਗੁਹਾਰ ਲਗਾਈ। ਇਸ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਉਮੀਦ ਨਾਲ ਵੋਟਾਂ ਪਾਈਆਂ ਸਨ, ਜਿਸ ਕਾਰਨ ਹੁਣ ਸੂਬੇ ਵਿੱਚ ਤਬਦੀਲੀ ਦੀ ਹਨੇਰੀ ਵਗ ਰਹੀ ਹੈ ਅਤੇ ਉਹ ਇੱਥੋਂ ਦੇ ਲੋਕਾਂ ਵਿੱਚ ਬੈਠੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹੁਣ ਖ਼ੱਜਲ-ਖ਼ੁਆਰੀ ਨਹੀਂ ਝੱਲਣੀ ਪਵੇਗੀ ਕਿਉਂਕਿ ਸੂਬਾ ਸਰਕਾਰ ਲੋਕਾਂ ਦੀ ਭਲਾਈ ਅਤੇ ਸੂਬੇ ਦੀ ਤਰੱਕੀ ਲਈ ਠੋਸ ਉਪਰਾਲੇ ਕਰ ਰਹੀ ਹੈ। ਇਸ ਦੌਰਾਨ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ 1.87 ਕਰੋੜ ਰੁਪਏ ਦੀ ਲਾਗਤ ਨਾਲ ਇੰਡਸਟਰੀਅਲ ਅਸਟੇਟ ਗੁਰਦਾਸਪੁਰ ਵਿੱਚ ਸੜਕਾਂ, ਸੀਵਰੇਜ, ਸਟਰੀਟ ਲਾਈਟ, ਹਾਰਟੀਕਲਚਰ ਦੇ ਵਿਕਾਸ ਕਾਰਜਾਂ ਨੂੰ ਮੁਕੰਮਲ ਕਰਕੇ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ 1 ਕਰੋੜ ਰੁਪਏ ਦੀ ਲਾਗਤ ਨਾਲ ਇੰਡਸਟਰੀਅਲ ਅਸਟੇਟ ਗੁਰਦਾਸਪੁਰ ਨੂੰ ਬਿਜਲੀ ਘਰ ਤੋਂ ਨਵੇਂ ਫੀਡਰ ਰਾਹੀਂ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇਗੀ ਤਾਂ ਜੋ ਸਨਅਤਾਂ ਵਿੱਚ ਬਿਜਲੀ ਕੱਟ ਨਾ ਲੱਗਣ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਮੌਕੇ 'ਤੇ ਹਾਜ਼ਰ ਅਧਿਕਾਰੀਆਂ ਨੂੰ ਇੰਡਸਟਰੀਅਲ ਅਸਟੇਟ ਗੁਰਦਾਸਪੁਰ ਦੀਆਂ ਮੁਸ਼ਕਲਾਂ ਤੁਰੰਤ ਹੱਲ ਕਰਨ ਦੇ ਦਿੱਤੇ ਨਿਰਦੇਸ਼ ਤੋਂ ਸਮੂਹ ਸਨਅਤਕਾਰ ਤੇ ਵਪਾਰੀ ਖ਼ੁਸ਼ ਹਨ ਅਤੇ ਉਨ੍ਹਾਂ ਨੇ ਇਸ ਵੱਡੀ ਰਾਹਤ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਚੇਅਰਮੈਨ ਸ੍ਰੀ ਰਮਨ ਬਹਿਲ ਦਾ ਧੰਨਵਾਦ ਕੀਤਾ ਹੈ। ਓਧਰ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਵੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾਨ ਸਰਕਾਰ ਨੇ ਇੰਡਸਟਰੀਅਲ ਅਸਟੇਟ ਗੁਰਦਾਸਪੁਰ ਦੀ ਦਹਾਕਿਆਂ ਪੁਰਾਣੀ ਮੰਗ ਨੂੰ ਪ੍ਰਵਾਨ ਕਰਕੇ ਸਾਰੇ ਸਨਅਤਕਾਰਾਂ ਦਾ ਦਿਲ ਜਿੱਤ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਸਨਅਤਕਾਰ ਪਿਛਲੀਆਂ ਸਰਕਾਰਾਂ ਤੋਂ ਤੰਗ ਆ ਕੇ ਪੂਰੀ ਤਰ੍ਹਾਂ ਨਿਰਾਸ਼ ਹੋ ਚੁੱਕੇ ਸਨ, ਪਰ ਜਦੋਂ ਉਨ੍ਹਾਂ ਦੇ ਧਿਆਨ ਵਿੱਚ ਇਹ ਮਸਲੇ ਆਏ ਤਾਂ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਲੈ ਕੇ ਸੂਬੇ ਦੇ ਉੱਚ ਅਧਿਕਾਰੀਆਂ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਇਹ ਸਾਰੇ ਮਸਲੇ ਲਿਆਂਦੇ। ਸ੍ਰੀ ਬਹਿਲ ਨੇ ਕਿਹਾ ਕਿ ਉਨ੍ਹਾਂ ਇਸ ਗੱਲ ਦੀ ਬਹੁਤ ਖ਼ੁਸ਼ੀ ਅਤੇ ਤਸੱਲੀ ਹੈ ਕਿ ਮਾਨ ਸਾਹਿਬ ਨੇ ਇਨ੍ਹਾਂ ਸਾਰੀਆਂ ਮੰਗਾਂ ਨੂੰ ਸੁਹਿਰਦਤਾ ਨਾਲ ਸੁਣ ਕੇ ਉਨ੍ਹਾਂ ਦੇ ਹੱਲ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਬਹੁਤ ਜਲਦ ਹੁਣ ਇੰਡਸਟਰੀਅਲ ਅਸਟੇਟ ਗੁਰਦਾਸਪੁਰ ਵਿੱਚ ਵਿਕਾਸ ਕਾਰਜ ਸ਼ੁਰੂ ਹੋਣਗੇ ਅਤੇ ਨਵਾਂ ਫੀਡਰ ਸ਼ੁਰੂ ਹੋਣ ਨਾਲ ਬਿਜਲੀ ਦੇ ਕੱਟਾਂ ਤੋਂ ਵੀ ਰਾਹਤ ਮਿਲ ਜਾਵੇਗੀ। ਸ੍ਰੀ ਬਹਿਲ ਨੇ ਕਿਹਾ ਕਿ ਉਹ ਆਪਣੇ ਲੋਕਾਂ ਦੇ ਮਸਲੇ ਹੱਲ ਕਰਾਉਣ ਲਈ ਭਵਿੱਖ ਵਿੱਚ ਵੀ ਪੂਰੀ ਸੁਹਿਰਦਤਾ ਨਾਲ ਕੰਮ ਕਰਦੇ ਰਹਿਣਗੇ।