ਅੰਮ੍ਰਿਤਸਰ 28 ਸਤੰਬਰ 2024 : ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਸਰਵਣ ਸਿੰਘ ਭੰਧੇਰ ਦੀ ਅਗਵਾਈ ਵਿੱਚ ਕਿਸਾਨਾਂ ਵੱਲੋਂ ਸੂਬਾ ਸਰਕਾਰ ਦੇ ਖਿਲਾਫ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਬਾਸਮਤੀ ਦੀ ਫਸਲ ਸੜਕਾਂ ਦੇ ਖਿਲਾਰ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਹੈ। ਪ੍ਰਦਰਸ਼ਨਕਾਰੀ ਕਿਸਾਨਾਂ ਦਾ ਇਲਜ਼ਾਮ ਹੈ ਕਿ ਸਰਕਾਰੀ ਵਾਅਦੇ ਦੇ ਬਾਵਜੂਦ ਉਨਾਂ ਨੂੰ ਫਸਲ ਦਾ ਵਾਜਿਬ ਮੁੱਲ ਨਹੀਂ ਮਿਲ ਰਿਹਾ। ਪਰਚੂਨ ਵਿੱਚ 100 ਰੁਪਏ ਕਿਲੋ ਤੱਕ ਵਿਕਣ ਵਾਲੇ ਬਾਸਮਤੀ ਦੇ ਚੌਲ ਦੇ ਝੋਨੇ ਕੀਮਤ ਸਿਰਫ 1500 ਰੁਪਏ ਪ੍ਰਤੀ ਕੁਇੰਟਲ ਮਿਲ ਰਹੀ ਹੈ। ਜਿਸ ਕਾਰਨ ਕਿਸਾਨਾਂ ਨੂੰ ਵੱਡੇ ਆਰਥਿਕ ਘਾਟੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਇਸ ਮੌਕੇ ਕਿਸਾਨਾਂ ਨੇ ਸਰਕਾਰ ‘ਤੇ ਵਾਅਦਾ ਖਿਲਾਫੀ ਦੇ ਇਲਜ਼ਾਮ ਲਗਾਏ ਹਨ। ਕਿਸਾਨਾਂ ਨੇ ਜਲਦ ਤੋਂ ਜਲਦ ਮੰਡੀਆਂ ਵਿੱਚ ਰੁਲ ਰਹੀ ਫਸਲ ਨੂੰ ਵਾਜਿਬ ਭਾਅ ਤੇ ਖਰੀਦਣ ਦੀ ਮੰਗ ਕੀਤੀ ਹੈ। ਕਿਸਾਨ ਆਗੂ ਸਰਵਣ ਸਿੰਘ ਭੰਧੇਰ ਨੇ ਸਰਕਾਰੀ ਪ੍ਰਬੰਧਾਂ ਤੇ ਸਵਾਲ ਚੁੱਕਦਿਆਂ ਕਿਹਾ ਕਿ ਕਿਸਾਨਾਂ ਨੂੰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਅਤੇ ਮਾੜੇ ਮੰਡੀ ਪ੍ਰਬੰਧਾਂ ਕਰਕੇ ਵੱਡੇ ਆਰਥਿਕ ਘਾਟੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਉਹਨਾਂ ਮੰਡੀ ਚ ਰੁਲ ਰਹੀ ਬਾਸਮਤੀ ਝੋਨੇ ਦੀ ਫਸਲ ਜਲਦ ਤੋਂ ਜਲਦ ਚੁੱਕਣ ਦੀ ਮੰਗ ਕੀਤੀ ਹੈ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਹੋਰ ਤਿੱਖਾ ਅਤੇ ਵੱਡਾ ਕਰਨ ਦੀ ਚੇਤਾਵਨੀ ਵੀ ਸਰਕਾਰ ਨੂੰ ਦਿੱਤੀ ਹੈ।