ਬਟਾਲਾ, 21 ਜੁਲਾਈ 2024 : ਬਟਾਲਾ ਦੇ ਬੱਸ ਸਟੈਂਡ ਨੇੜੇ ਇਮੀਗ੍ਰੇਸ਼ਨ ਦਫ਼ਤਰ ਅਤੇ ਆਈਲੈਟਸ ਸੈਂਟਰ ਦੇ ਬਾਹਰ ਨਕਾਬਪੋਸ਼ ਵਿਅਕਤੀਆਂ ਵੱਲੋਂ ਗੋਲੀ ਚਲਾਉਣ ਦੇ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਮੁਲਜ਼ਮਾਂ ਕੋਲੋਂ ਇੱਕ ਪਿਸਤੌਲ ਅਤੇ ਦੋ ਗੱਡੀਆਂ ਬਰਾਮਦ ਹੋਈਆਂ ਹਨ। ਇਸ ਸੰਬੰਧੀ ਐਸਐਸਪੀ ਅਸ਼ਵਨੀ ਗੋਟਿਆਲ ਨੇ ਦੱਸਿਆ ਕਿ 18 ਜੁਲਾਈ ਨੂੰ ਇਮੀਗ੍ਰੇਸ਼ਨ ਦਫ਼ਤਰ ਦੇ ਬਾਹਰ ਨਕਾਬਪੋਸ਼ ਵਿਅਕਤੀਆਂ ਨੇ ਗੋਲੀਆਂ ਚਲਾਈਆਂ ਸਨ। ਹਾਲਾਂਕਿ ਇਸ ਹਮਲੇ ਦੌਰਾਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਗੋਲੀ ਲੱਗਣ ਕਾਰਨ ਸ਼ੀਸ਼ੇ ਦੇ ਦਰਵਾਜ਼ੇ ਟੁੱਟ ਗਏ ਸਨ। ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਐਸਐਸਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਵਿਦੇਸ਼ ਵਿੱਚ ਰਹਿੰਦੇ ਇੱਕ ਜਾਣਕਾਰ ਦੋਸਤ ਨੇ 10,000 ਰੁਪਏ ਦਾ ਲਾਲਚ ਦਿੱਤਾ ਸੀ। ਇਸ ਦੇ ਨਾਲ ਹੀ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਸ ਮਾਮਲੇ ਵਿੱਚ ਵਿਦੇਸ਼ਾਂ ਤੋਂ ਫਿਰੌਤੀ ਦੀ ਵੀ ਮੰਗ ਕੀਤੀ ਗਈ ਹੈ। ਫਿਲਹਾਲ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।