ਪਠਾਨਕੋਟ, 7 ਨਵੰਬਰ : ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਿੱਖਿਆ ਵਿਭਾਗ ਪਠਾਨਕੋਟ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪਠਾਨਕੋਟ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਖੇਡਾਂ ਸਪੋਰਟਸ ਸਟੇਡੀਅਮ ਲਮੀਨੀ ਦੇ ਖੇਡ ਮੈਦਾਨ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਡੀ.ਜੀ. ਸਿੰਘ ਦੀ ਅਗਵਾਈ ਹੇਠ ਸਫ਼ਲਤਾ ਪੂਰਵਕ ਸੰਪੰਨ ਹੋ ਗਈਆਂ। ਇਨ੍ਹਾਂ ਜ਼ਿਲ੍ਹਾ ਪੱਧਰੀ ਖੇਡਾਂ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਮਿਤ ਸਿੰਘ ਮੰਟੂ ਨੇ ਮੁੱਖ ਮਹਿਮਾਨ ਵਜੋਂ ਪਹੁੰਚ ਕੇ ਰਿਬਨ ਕੱਟ ਕੀਤੀ। ਇਨਾਂ ਖੇਡ ਮੁਕਾਬਲਿਆਂ ਵਿੱਚ ਵੱਖ-ਵੱਖ ਬਲਾਕਾਂ ਦੇ ਜੇਤੂ ਖਿਡਾਰੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਇਸ ਮੌਕੇ ਅਮਿਤ ਸਿੰਘ ਮੰਟੂ ਨੇ ਬੱਚਿਆਂ ਨੂੰ ਵਧਾਈ ਦਿੰਦਿਆਂ ਤੇ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਪ੍ਰਤਿਭਾਸ਼ਾਲੀ ਵਿਦਿਆਰਥੀ ਜਿਸ ਵੀ ਖੇਤਰ ਵਿੱਚ ਪੈਰ ਰੱਖਦੇ ਹਨ ਉਹ ਆਪਣੀ ਮਿਹਨਤ, ਲਗਨ ਤੇ ਹੁਨਰ ਨਾਲ ਆਪਣੇ ਸਕੂਲਾਂ, ਅਧਿਆਪਕਾਂ ਅਤੇ ਮਾਪਿਆਂ ਦਾ ਸਿਰ ਮਾਣ ਨਾਲ ਉੱਚਾ ਕਰਦੇ ਹਨ। ਉਨ੍ਹਾਂ ਨੇ ਬੱਚਿਆਂ ਨੂੰ ਹਰ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਬੱਚਿਆਂ ਦੀ ਰਿਫਰੈਸ਼ਮੈਂਟ ਦਾ ਪ੍ਰਬੰਧ ਇਨਰ ਵਹੀਲ ਕਲੱਬ ਗ੍ਰੇਟਰ ਪਠਾਨਕੋਟ ਵੱਲੋਂ ਕੀਤਾ ਗਿਆ। ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡੀਜੀ ਸਿੰਘ ਨੇ ਦੱਸਿਆ ਕਿ 100 ਮੀਟਰ ਕੁੜੀਆਂ ਦੀ ਦੌੜ ਵਿੱਚ ਤਨੀਸ਼ਾ ਨੇ ਪਹਿਲਾ, ਜਾਨਵੀ ਨੇ ਦੂਜਾ ਰਾਧਿਕਾ ਨੇ ਤੀਜਾ, 100 ਮੀਟਰ ਲੜਕਿਆਂ ਦੀ ਦੌੜ ਵਿੱਚ ਵਿਵੇਕ ਨੇ ਪਹਿਲਾ, ਮਨਦੀਪ ਨੇ ਦੂਜਾ ਅਤੇ ਸੋਬਿਤ ਨੇ ਤੀਜਾ ਸਥਾਨ, ਲਾਂਗ ਜੰਪ ਮੁੰਡਿਆਂ ਵਿੱਚ ਲਵ ਪੰਡੋਤਰਾ ਨੇ ਪਹਿਲਾ ਅਤੇ ਵਿਵੇਕ ਨੇ ਦੂਜਾ ਅਤੇ ਕੁੜੀਆਂ ਦੇ ਲਾਂਗ ਜੰਪ ਵਿੱਚ ਮਨੰਤ ਨੇ ਪਹਿਲਾ ਅਤੇ ਰਾਧਿਕਾ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਤੇ ਬੀਪੀਈਓ ਨਰੇਸ਼ ਪਨਿਆੜ, ਬੀਪੀਈਓ ਪੰਕਜ ਅਰੋੜਾ, ਬੀਪੀਈਓ ਕੁਲਦੀਪ ਸਿੰਘ, ਬੀਪੀਈਓ ਰਾਕੇਸ਼ ਕੁਮਾਰ, ਪੀਟੀਆਈ ਸੁਲਕਸ਼ਨਾ ਸ਼ਰਮਾਂ, ਪੀਟੀਆਈ ਅਜੇ ਕੁਮਾਰ, ਪੀਟੀਆਈ ਸੁਰਿੰਦਰ ਕੁਮਾਰ, ਪੀਟੀਆਈ ਗੁਰਸ਼ਰਨਜੀਤ ਕੌਰ, ਪੀਟੀਆਈ ਰਾਧਾ, ਪੀਟੀਆਈ ਸੰਦੀਪ ਕੁਮਾਰ, ਬਲਕਾਰ ਅੱਤਰੀ ਆਦਿ ਹਾਜ਼ਰ ਸਨ।