- ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਤੇ ਚੇਅਰਮੈਨ ਰਮਨ ਬਹਿਲ ਸਮੇਤ ਹੋਰ ਅਧਿਕਾਰੀ ਕਰਨਗੇ ਸ਼ਮੂਲੀਅਤ
ਗੁਰਦਾਸਪੁਰ, 21 ਅਗਸਤ : ਕਿਸਾਨਾਂ ਨੂੰ ਫਸਲਾਂ ਵਿਚ ਰਹਿੰਦ ਖੂੰਹਦ ਤੋਂ ਅੱਗ ਲਗਾਉਣ ਤੋਂ ਰੋਕਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਲਾਕ ਗੁਰਦਾਸਪੁਰ ਦੇ ਪਿੰਡ ਜੌੜਾ ਛੱਤਰਾਂ ਵਿਖੇ 23 ਅਗਸਤ ਨੂੰ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਦੇ ਮੁੱਖ ਖੇਤੀਬਾੜੀ ਅਫਸਰ ਡਾ. ਕਿਰਪਾਲ ਸਿੰਘ ਢਿਲੋਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹੇ ਅੰਦਰ ਕਿਸਾਨਾਂ ਨੂੰ ਖੇਤਾਂ ਵਿਚ ਅੱਗ ਲਗਾਉਣ ਤੋਂ ਰੋਕਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਏ ਬਗੈਰ ਨਿਪਟਾਉਣ ਤੇ ਤਰੀਕੇ ਦੱਸੇ ਜਾ ਰਹੇ ਹਨ ਅਤੇ ਨਾਲ ਹੀ ਕਿਸਾਨਾਂ ਨੂੰ ਸਰਕਾਰ ਵੱਲੋਂ ਲੋੜੀਂਦੀ ਮਸ਼ੀਨਰੀ ਸਬਸਿਡੀ `ਤੇ ਮੁਹੱਈਆ ਕਰਵਾਈ ਜਾ ਰਹੀ ਹੈ। ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਖੇਤਾਂ ਵਿਚ ਰਹਿੰਦ ਖੂੰਹਦ ਨੂੰ ਅੱਗ ਲਗਾਏ ਬਗੈਰ ਹੀ ਨਿਪਟਾਉਣ ਨਾਲ ਖੇਤਾਂ ਦੇ ਉਪਜਾਊਪਨ ਵਿਚ ਵਾਧਾ ਹੁੰਦਾ ਹੈ ਅਤੇ ਜੇਕਰ ਕਿਸਾਨ ਪਰਾਲੀ ਨੂੰ ਇਕੱਤਰ ਕਰਕੇ ਵੇਚ ਦੇਣ ਤਾਂ ਇਸ ਤੋਂ ਵਾਧੂ ਆਮਦਨ ਵੀ ਲਈ ਜਾ ਸਕਦੀ ਹੈ। ਪਰ ਦੂਜੇ ਪਾਸੇ ਜੇਕਰ ਕਿਸਾਨ ਖੇਤਾਂ ਵਿਚ ਰਹਿੰਦ ਖੂੰਹਦ ਨੂੰ ਅੱਗ ਲਗਾ ਦਿੰਦੇ ਹਨ ਤਾਂ ਵਾਤਾਵਰਣ ਦੂਸ਼ਿਤ ਹੋਣ ਸਮੇਤ ਕਈ ਨੁਕਸਾਨ ਹੁੰਦੇ ਹਨ। ਇਸ ਲਈ ਵਿਭਾਗ ਵੱਲੋਂ ਵੱਖ ਵੱਖ ਥਾਵਾਂ `ਤੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਜਿਹੜੇ ਥਾਵਾਂ `ਤੇ ਪਿਛਲੇ ਸਮੇਂ ਵਿਚ ਜਿਆਦਾ ਕਿਸਾਨਾਂ ਨੇ ਖੇਤਾਂ ਵਿਚ ਅੱਗ ਲਗਾਈ ਸੀ, ਉਨਾਂ ਪਿੰਡਾਂ ਵਿਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਉਨਾਂ ਦੱਸਿਆ ਕਿ 23 ਅਗਸਤ ਨੂੰ ਸਵੇਰੇ 11 ਵਜੇ ਵਾਹਲਾ ਪੈਲਸ ਜੌੜਾ ਛੱਤਰਾਂ ਵਿਚ ਇਕ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ ਜਿਥੇ ਚੇਅਰਮੈਨ ਰਮਨ ਬਹਿਲ ਅਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵਿਸ਼ੇਸ਼ ਤੌਰ `ਤੇ ਪਹੁੰਚਣਗੇ। ਉਨਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਿਸ਼ੇਸ਼ ਕੈਂੇਪ ਵਿਚ ਜਰੂਰ ਪਹੁੰਚਣ।