- ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਦੇ ਸਮੇਂ ਅਤੇ ਪੈਸੇ ਦੀ ਹੋ ਰਹੀ ਹੈ ਬੱਚਤ: ਐਸ.ਡੀ.ਐਮ.
- ਕੈਂਪ ਵਿੱਚ 77 ਵਿਅਕਤੀ ਆਪਣੇ ਕੇਸ ਲੈ ਕੇ ਪੁੱਜੇ, ਜਿਨ੍ਹਾਂ ਵਿੱਚੋਂ 77 ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਗਿਆ
- 12 ਸਤੰਬਰ ਨੂੰ ਬਲਾਕ ਹਰਸ਼ਾ ਛੀਨਾ ਰਾਜਾਸਾਂਸੀ ਵਿਖੇ ਲਗਾਇਆ ਜਾਵੇਗਾ ਅਗਲਾ ਕੈਂਪ : ਡੀ.ਸੀ
ਅੰਮ੍ਰਿਤਸਰ, 11 ਸਤੰਬਰ, 2024 : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਅਤੇ ਡਿਪਟੀ ਕਮਿਸ਼ਨਰ ਸ੍ਰੀ ਘਣਸ਼ਾਮ ਥੋਰੀ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ “ਆਪ ਦੀ ਸਰਕਾਰ ਆਪ ਦੇ ਦੁਆਰ” ਤਹਿਤ ਹਰ ਹਫ਼ਤੇ ਵੱਖ-ਵੱਖ ਥਾਵਾਂ ‘ਤੇ ਆਮ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਜ਼ਿਲ੍ਹੇ ਭਰ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਅੱਜ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਦੇ ਪਿੰਡ ਰਾਜਪੁਰ ਬੁਤਾਲਾ ਦੇ ਸਰਕਾਰੀ ਸੀਨੀਅਰ ਐਲੀਮੈਂਟਰੀ ਸਕੂਲ ਗੱਗੜਭਾਣਾ ਰੋਡ ਵਿਖੇ ਕੈਂਪ ਲਗਾਇਆ ਗਿਆ ਅਤੇ ਇਸ ਕੈਂਪ ਵਿੱਚ ਪਿੰਡ ਬੁਤਾਲਾ, ਟਪਿਆਲਾ, ਸਤੋਵਾਲ, ਕਰਤਾਰਪੁਰ, ਕੰਮੋਕੇ, ਸ਼ਾਹਪੁਰ, ਦੇਵੀਦਾਸਪੁਰ, ਖਾਨਕੋਟ, ਜਮਾਲਪੁਰ ਅਤੇ ਟਕਾਪੁਰ, ਤਹਿਸੀਲ ਬਾਬਾ ਬਕਾਲਾ ਦੇ ਵਸਨੀਕਾਂ ਦੀਆਂ ਸ਼ਿਕਾਇਤਾਂ ਨੂੰ ਸੁਣਿਆ ਗਿਆ ਅਤੇ ਮੌਕੇ ਤੇ ਹੀ ਇਨਾਂ ਦਾ ਹੱਲ ਕੀਤਾ ਗਿਆ। ਇਸ ਮੌਕੇ ਐਸ.ਡੀ.ਐਮ. ਬਾਬਾ ਬਕਾਲਾ ਸ੍ਰੀ ਰਵਿੰਦਰ ਸਿੰਘ ਅਰੋੜਾ ਨੇ ਕਿਹਾ ਕਿ 'ਆਪ ਦੀ ਸਰਕਾਰ ਆਪ ਦੇ ਘਰ' ਮੁਹਿੰਮ ਤਹਿਤ ਆਮ ਲੋਕਾਂ ਦੀਆਂ ਸਮੱਸਿਆਵਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਇੱਕੋ ਛੱਤ ਹੇਠ ਨਾ ਸਿਰਫ਼ ਸੁਣੀਆਂ ਜਾਂਦੀਆਂ ਹਨ ਸਗੋਂ ਮੌਕੇ 'ਤੇ ਹੀ ਹੱਲ ਵੀ ਕੀਤਾ ਜਾਂਦਾ ਹੈ, ਜਿਸ ਨਾਲ ਆਮ ਲੋਕਾਂ ਨੂੰ ਕਾਫੀ ਮਦਦ ਮਿਲਦੀ ਹੈ, ਸਮੇਂ ਦੀ ਬਚਤ ਹੁੰਦੀ ਹੈ ਅਤੇ ਖਰਚੇ ਵੀ ਘੱਟ ਹੁੰਦੇ ਹਨ। ਇਸ ਮੌਕੇ ਸ਼ਿਕਾਇਤਾਂ ਵੀ ਪ੍ਰਾਪਤ ਹੋਈਆਂ, ਜਿਨ੍ਹਾਂ ਦੇ ਹੱਲ ਲਈ ਸਬੰਧਤ ਵਿਭਾਗ ਨੂੰ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਸ਼ੇਸ਼ ਕੈਂਪਾਂ ਦੇ ਆਯੋਜਨ ਕਾਰਨ ਲੋਕਾਂ ਨੂੰ ਵੱਖ-ਵੱਖ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਐਸ.ਡੀ.ਐਮ. ਬਾਬਾ ਬਕਾਲਾ ਨੇ ਦੱਸਿਆ ਕਿ ਅੱਜ ਦੇ ਇਸ ਕੈਂਪ ਵਿੱਚ 77 ਲੋਕਾਂ ਦੁਆਰਾ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਲਈ ਅਪਲਾਈ ਕੀਤਾ ਅਤੇ 77 ਵਿਅਕਤੀਆਂ ਨੂੰ ਮੌਕੇ ’ਤੇ ਹੀ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਮਾਲ ਵਿਭਾਗ, ਸਿਹਤ ਵਿਭਾਗ ਤੋਂ ਇਲਾਵਾ ਪੈਨਸ਼ਨ, ਅਪੰਗਤਾ ਸਰਟੀਫਿਕੇਟ, ਛੱਪੜਾਂ ਅਤੇ ਗਲੀਆਂ ਵਿੱਚੋਂ ਪਾਣੀ ਦੀ ਨਿਕਾਸੀ, ਨਗਰ ਨਿਗਮ ਦੇ ਜਨਮ ਮੌਤ ਸਰਟੀਫਿਕੇਟ, ਪੀਣ ਵਾਲੇ ਪਾਣੀ ਅਤੇ ਵਿਕਾਸ ਕਾਰਜਾਂ ਸਬੰਧੀ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਹਰੇਕ ਲਾਭਪਾਤਰੀ ਨੂੰ ਸਰਕਾਰ ਅਤੇ ਸਬੰਧਤ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਾਰੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਕੋਈ ਵੀ ਲਾਭਪਾਤਰੀ ਕਿਸੇ ਵੀ ਸਹੂਲਤ ਤੋਂ ਵਾਂਝਾ ਨਾ ਰਹੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 12 ਸਤੰਬਰ ਨੂੰ ਅਗਲਾ ਕੈਂਪ ਬਲਾਕ ਹਰਸ਼ਾ ਛੀਨਾ ਰਾਜਾਸਾਂਸੀ ਦੇ ਵਾਡਰ ਨੰਬਰ 1 ਤੋਂ 12 ਦਾ ਕੈਂਪ ਕਮਿਊਨਿਟੀ ਹਾਲ ਰਾਜਾਸਾਂਸੀ ਵਿਖੇ 12:00 ਵਜੇ ਤੋਂ 3:00 ਵਜੇ ਤੱਕ ਲੱਗੇਗਾ। ਸ੍ਰੀ ਥੋਰੀ ਨੇ ਅਪੀਲ ਕੀਤੀ ਕਿ ਉਹ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ।