- ਡੇਂਗੂ ਸੀਜ਼ਨ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਨੂੰ ਵੱਧ ਤੋਂ ਵੱਧ ਜਾਗਰੂਕਤਾ ਗਤੀਵਿਧੀਆਂ ਕਰਵਾਉਣ ਦੀ ਕੀਤੀ ਹਦਾਇਤ
ਤਰਨ ਤਾਰਨ, 17 ਜੁਲਾਈ 2024 : ਨੈਸ਼ਨਲ ਵੈਕਟਰ ਬੋਰਨ ਡਜੀਜ਼ ਜਿਵੇਂ ਕਿ ਡੇਂਗੂ, ਮਲੇਰੀਆ ਤੇ ਚਿਕਨਗੁਨੀਆਂ ਆਦਿ ਸਬੰਧੀ ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਸਿਮਰਨਦੀਪ ਸਿੰਘ ਆਈ. ਏ. ਐੱਸ. ਦੀ ਪ੍ਰਧਾਨਗੀ ਹੇਠ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਜ਼ਿਲ੍ਹਾ ਟਾਸਕ ਫੋਰਸ ਦੀ ਵਿਸ਼ੇਸ ਮੀਟਿੰਗ ਹੋਈ। ਇਸ ਮੌਕੇ ਸ੍ਰੀ ਸਿਮਰਨਦੀਪ ਸਿੰਘ ਨੇ ਸਿਹਤ ਵਿਭਾਗ ਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਉਣ ਵਾਲੇ ਡੇਂਗੂ ਸੀਜ਼ਨ ਨੂੰ ਮੁੱਖ ਰੱਖਦਿਆਂ ਵੱਧ ਤੋਂ ਵੱਧ ਜਾਗਰੂਕਤਾ ਗਤੀਵਿਧੀਆਂ ਸ਼ੁਰੂ ਕੀਤੀਆਂ ਜਾਣ।ਉਹਨਾਂ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਾਗਰੂਕਤਾ ਗਤੀਵਿਧੀਆਂ ਵਿੱਚ ਸਿਹਤ ਵਿਭਾਗ ਦਾ ਸਹਿਯੋਗ ਕਰਨ।ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ‘ਤੇ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਇਨ੍ਹਾਂ ਉਪਰਾਲਿਆਂ ਦੀ ਲੜੀ ਨੂੰ ਅੱਗੇ ਤੋਰਦਿਆਂ ਡੇਂਗੂ ਵਰਗੀ ਬਿਮਾਰੀ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਉਨ੍ਹਾਂ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਨੂੰ ਹਦਾਇਤ ਕੀਤੀ ਕਿ ਇਲਾਕਿਆਂ ਵਿਚ ਫੌਗਿੰਗ ਕਰਨੀ ਸ਼ੁੁਰੂ ਕਰ ਦਿੱਤੀ ਜਾਵੇ ਅਤੇ ਦੁਕਾਨਾਂ ਅਤੇ ਘਰਾਂ ਵਿਚ ਡੇਂਗੂ ਦਾ ਲਾਰਵਾ ਪਾਏ ਜਾਣ `ਤੇ ਚਲਾਣ ਕੀਤਾ ਜਾਵੇ।ਇਸਦੇ ਨਾਲ ਹੀ ਉਨ੍ਹਾਂ ਸਕੂਲ ਦੇ ਪ੍ਰਿੰਸੀਪਲਾਂ ਨੂੰ ਕਿਹਾ ਕਿ ਸਕੂਲ ਦੀ ਗਰਾਊਂਡ ਅਤੇ ਹੋਰ ਨੀਂਵੀਆਂ ਥਾਵਾਂ `ਤੇ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ।ਡੇਂਗੂ ਬੁਖਾਰ ਪ੍ਰਤੀ ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇ। ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆਂ ਬਿਮਾਰੀਆਂ ਤੋਂ ਬਚਣ ਲਈ ਆਪਣੇ ਘਰਾਂ, ਆਸ-ਪਾਸ, ਦਫ਼ਤਰ ਅਤੇ ਕੰਮ-ਕਾਜ ਦੀਆਂ ਥਾਵਾਂ `ਤੇ ਪਾਣੀ ਖੜ੍ਹਾ ਨਾ ਹੋਣ ਦੇਣ। ਇਸ ਮੌੌਕੇ ਕਾਰਜਕਾਰੀ ਸਿਵਲ ਸਰਜਨ ਤਰਨ ਤਰਨ ਡਾ. ਸੁਖਬੀਰ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਦੀ ਐਂਟੀ ਲਾਰਵਾ ਬ੍ਰਾਂਚ ਵੱਲੋਂ ਸਾਰੇ ਦਫਤਰਾਂ ਵਿਚ ਕੂਲਰ, ਫਰਿੱਜਾਂ ਆਦਿ ਚੈਕ ਕੀਤੇ ਜਾ ਰਹੇ ਹਨ ਤਾਂ ਜੋ ਕਿਤੇ ਵੀ ਕਈ ਦਿਨ ਪਹਿਲਾਂ ਮੀਂਹ ਦਾ ਪਾਣੀ ਖੜਾ ਨਾ ਹੋਵੇ। ਡਾ. ਸਿਮਰਨ ਕੌਰ ਐਪੀਡੀਮੋਲੋਜਿਸਟ ਵੱਲੋਂ ਦੱਸਿਆ ਗਿਆ ਕਿ ਡੇਂਗੂ ਤੋਂ ਬਚਣ ਲਈ ਸਭ ਤੋਂ ਜ਼ਰੂਰੀ ਹੈ ਕਿ ਮੱਛਰ ਦੀ ਪੈਦਾਵਾਰ ਨੂੰ ਹੀ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਘਰਾਂ ਦੀਆਂ ਛੱਤਾ `ਤੇ ਪਿਆ ਨਕਾਰਾ ਜਿੰਨਾਂ ਵਿਚ ਪੁਰਾਣੇ ਟਾਇਰ, ਗਮਲੇ, ਪਲਾਸਟਿਕ ਅਤੇ ਹੋਰ ਸਮਾਨ ਵਿਚ ਬਾਰਿਸ਼ ਦਾ ਪਾਣੀ ਜਮ੍ਹਾਂ ਨਾ ਹੋਵੇ ਅਤੇ ਇਸ ਨਾਕਾਰਾ ਸਮਾਨ ਨੂੰ ਨਸ਼ਟ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਦਿਨ ਵੇਲੇ ਪੂਰੀਆਂ ਬਾਹਾਂ ਦੇ ਕੱਪੜੇ ਪਾਏ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਆਦਿ ਦਾ ਇਸਤੇਮਾਲ ਵੀ ਸਾਨੂੰ ਡੇਂਗੂ ਤੋਂ ਬਚਾਅ ਸਕਦਾ ਹੈ।ਡੇਂਗੂ ਦਾ ਬੁਖਾਰ, ਜ਼ੋ ਕਿ ਅੇਡੀਜ਼ ਅਜਿਪਟੀ ਮੱਛਰ ਦੇ ਕੱਟਣ ਨਾਲ ਪੈਦਾ ਹੁੰਦਾ ਹੈ, ਜਿਸ ਦੇ ਲੱਛਣ ਤੇਜ਼ ਸਿਰਦਰਦ, ਤੇਜ਼ ਬੁਖਾਰ, ਮਾਸ਼-ਪੇਸ਼ੀਆਂ, ਜੋੜਾਂ ਆਦਿ ਦਾ ਦਰਦ, ਅੱਖਾਂ ਦੇ ਪਿਛਲੇ ਹਿਸੇ ਵਿਚ ਦਰਦ, ਉਲਟੀਆਂ, ਨੱਕ, ਮੂੰਹ ਅਤੇ ਮਸੂੜਿਆਂ ਵਿਚ ਖੂਨ ਵਗਣਾ ਆਦਿ ਹੁੰਦਾ ਹੈ। ਡੇਂਗੂ ਬੁਖਾਰ ਦਾ ਸ਼ੱਕ ਹੋਣ ਦੀ ਸੂਰਤ ਵਿਚ ਤੁਰੰਤ ਸਰਕਾਰੀ ਹਸਪਤਾਲ ਤੋਂ ਮੁਫਤ ਚੈਕਅੱਪ ਅਤੇ ਇਲਾਜ ਕਰਵਾਓ।