- ਮੀਟਿੰਗ ਦਾ ਮੁੱਖ ਮਕਸਦ ਸਕੂਲਾਂ ਦੀਆਂ ਬੁਨਿਆਦੀ ਸਹੂਲਤਾਂ ਅਤੇ ਪੇਸ਼ ਆ ਰਹੀਆਂ ਮੁਸ਼ਕਿਲਾਂ ਦੀ ਜਾਣਕਾਰੀ ਪ੍ਰਾਪਤ ਕਰ ਉਨ੍ਹਾਂ ਨੂੰ ਪੱਧਰ ਅਨੁਸਾਰ ਦੂਰ ਕਰਨਾ: ਕਮਲਦੀਪ ਕੌਰ
- ਸਿੱਖਿਆ ਵਿਭਾਗ ਹਰ ਬੱਚੇ ਨੂੰ ਮਿਆਰੀ ਸਿੱਖਿਆ ਦੇਣ ਲਈ ਵਚਨਬੱਧ ਹੈ:- ਡੀ.ਜੀ. ਸਿੰਘ।
ਪਠਾਨਕੋਟ, 17 ਅਗਸਤ : ਮਾਣਯੋਗ ਮੁੱਖ ਮੰਤਰੀ ਪੰਜਾਬ, ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਅਤੇ ਡਿਪਟੀ ਕਮਿਸ਼ਨਰ ਸ. ਹਰਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਅਤੇ ਅਧਿਆਪਕਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ ਵੱਲੋਂ ਜ਼ਿਲ੍ਹੇ ਦੇ ਸਮੂਹ ਬੀਪੀਈਓ ਅਤੇ ਸੈਂਟਰ ਹੈਡ ਅਧਿਆਪਕਾਂ ਨਾਲ ਰਿਵਿਊ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸਮੂਹ ਸਕੂਲਾਂ ਦੀ ਪੂਰੀ ਰਿਪੋਰਟ ਪ੍ਰਾਪਤ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਨੇ ਕਿਹਾ ਕਿ ਅੱਜ ਦੀ ਮੀਟਿੰਗ ਦਾ ਮੁੱਖ ਮੰਤਵ ਸਕੂਲਾਂ ਦੀਆਂ ਬੁਨਿਆਦੀ ਸਹੂਲਤਾਂ ਅਤੇ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਦੇਖ ਕੇ ਉਨ੍ਹਾਂ ਮੁਸ਼ਕਿਲਾਂ ਦਾ ਪੱਧਰ ਅਨੁਸਾਰ ਹੱਲ ਕਰਨਾ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਮੁਸ਼ਕਿਲਾਂ ਨੂੰ ਪਿੰਡ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਦੂਰ ਕੀਤਾ ਜਾ ਸਕਦਾ ਹੈ ਉਨ੍ਹਾਂ ਮੁਸ਼ਕਿਲਾਂ ਨੂੰ ਪੰਚਾਇਤ ਦੇ ਸਹਿਯੋਗ ਨਾਲ ਦੂਰ ਕੀਤਾ ਜਾਵੇਗਾ ਅਤੇ ਜੋ ਮੁਸ਼ਿਕਲਾਂ ਬਲਾਕ ਜਾਂ ਜ਼ਿਲ੍ਹਾ ਪੱਧਰ ਤੇ ਹੱਲ ਹੋਣ ਵਾਲੀਆਂ ਹੋਣਗੀਆਂ ਉਨ੍ਹਾਂ ਨੂੰ ਉਸੇ ਪੱਧਰ ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਬੀਪੀਈਓ ਅਤੇ ਸੈਂਟਰ ਹੈਡ ਅਧਿਆਪਕਾਂ ਨੂੰ ਸਕੂਲਾਂ ਵਿੱਚ ਅਧਿਆਪਕ, ਵਿਦਿਆਰਥੀ ਅਤੇ ਕੁੱਕਾਂ ਦੀ ਹਾਜ਼ਰੀ, ਸਵੇਰ ਦੀ ਸਭਾ, ਬੱਚਿਆਂ ਦੀ ਸਾਫ਼ ਸਫ਼ਾਈ ਅਤੇ ਵਰਦੀ, ਸਵੇਰ ਦੀ ਸਭਾ ਵਿੱਚ ਅਧਿਆਪਕਾਂ ਦੀ ਸ਼ਮੂਲੀਅਤ, ਪ੍ਰੀ- ਪ੍ਰਾਇਮਰੀ ਜਮਾਤਾਂ ਦੇ ਕਾਰਨਰ, ਪ੍ਰੀ-ਪ੍ਰਾਇਮਰੀ ਜਮਾਤਾਂ ਨੂੰ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ, ਐਲ.ਆਰ.ਪੀ ਅਧੀਨ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ, ਕਿਤਾਬਾਂ ਦੀ ਵੰਡ, ਮਿਡ ਡੇ ਮੀਲ, ਮਿਡ ਡੇ ਮੀਲ ਸਟਾਕ ਰਜਿਸਟਰ, ਮਿਡ ਡੇ ਮੀਲ ਕੈਸ਼ ਬੁੱਕ, ਕਿਚਨ ਦੀ ਸਾਫ਼ ਸਫ਼ਾਈ, ਅਨਾਜ ਦੀ ਸਾਂਭ ਸੰਭਾਲ, ਮਿਡ ਡੇ ਮੀਲ ਟੇਸਟ ਰਜਿਸਟਰ, ਰੀਡਿੰਗ ਸੈਲ, ਰੀਡਿੰਗ ਸੈਲ ਵਿੱਚੋਂ ਜਾਰੀ ਕੀਤੀਆਂ ਕਿਤਾਬਾਂ, ਕਿਤਾਬਾਂ ਦੀ ਸਾਂਭ ਸੰਭਾਲ, ਬੱਚਿਆਂ ਦੇ ਪੀਣ ਵਾਲੇ ਪਾਣੀ ਦਾ ਪ੍ਰਬੰਧ, ਬੱਚਿਆਂ ਦੀ ਪੜ੍ਹਾਈ ਦਾ ਪੱਧਰ ਸਮੇਤ ਸਕੂਲ ਦੇ ਸਮੂਚੇ ਰਿਕਾਰਡ ਅਤੇ ਪੱਖਾਂ ਦਾ ਨਿਰੀਖਣ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਆਪਣੀ ਵਿਜਟ ਦੌਰਾਨ ਜਿਥੇ ਅਧਿਆਪਕਾਂ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ ਜਾਵੇ ਉੱਥੇ ਹੀ ਪਿੰਡ ਦੇ ਮੋਹਤਬਰਾਂ ਅਤੇ ਆਂਗਣਵਾੜੀ ਵਰਕਰਾਂ ਨੂੰ ਮਿਲ ਕੇ ਸਕੂਲ ਨੂੰ ਪੂਰਨ ਸਹਿਯੋਗ ਦੇਣ ਲਈ ਉਤਸ਼ਾਹਿਤ ਕੀਤਾ ਜਾਵੇ । ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਪਠਾਨਕੋਟ ਜ਼ਿਲ੍ਹੇ ਦੇ ਹਰ ਇੱਕ ਬੱਚੇ ਨੂੰ ਮਾਣਯੋਗ ਡਿਪਟੀ ਕਮਿਸ਼ਨਰ ਪਠਾਨਕੋਟ ਦੀ ਰਹਿਨੁਮਾਈ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਅਗਵਾਈ ਹੇਠ ਮਿਆਰੀ ਸਿੱਖਿਆ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਬੀਪੀਈਓਜ਼ ਨੂੰ ਆਪਣੇ ਬਲਾਕ ਅਤੇ ਸੈਂਟਰ ਹੈਡ ਅਧਿਆਪਕਾਂ ਆਪਣੇ ਸੈਂਟਰ ਦੇ ਸਕੂਲਾਂ ਦੀ ਰੈਗੂਲਰ ਵਿਜਟ ਕਰਨ ਅਤੇ ਅਧਿਆਪਕਾਂ ਨੂੰ ਨਿਸ਼ਚਿਤ ਸਮੇਂ ਅੰਦਰ ਗ੍ਰਾਂਟਾਂ ਖ਼ਰਚ ਕਰਨ ਅਤੇ ਸਮਾਰਟ ਸਕੂਲ ਦੇ ਸਾਰੇ ਪੈਰਾਮੀਟਰ ਪੂਰੇ ਕਰਨ ਲਈ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਲੋੜਵੰਦ ਸਕੂਲਾਂ ਨੂੰ ਨਵੀਂ ਚਾਰਦੀਵਾਰੀ ਅਤੇ ਚਾਰਦੀਵਾਰੀ ਦੀ ਰਿਪੇਅਰ ਲਈ ਗ੍ਰਾਂਟ ਭੇਜੀ ਗਈ ਹੈ, ਸਕੂਲ ਮੁਖੀ ਇਸ ਗ੍ਰਾਂਟ ਨੂੰ ਵਿਭਾਗੀ ਨਿਯਮਾਂ ਅਨੁਸਾਰ ਨਿਸ਼ਚਿਤ ਸਮੇਂ ਅੰਦਰ ਖ਼ਰਚ ਕਰਨ। ਇਸ ਮੌਕੇ ਤੇ ਬੀਪੀਈਓ ਨਰੇਸ਼ ਪਨਿਆੜ, ਬੀਪੀਈਓ ਪੰਕਜ ਅਰੋੜਾ, ਬੀਪੀਈਓ ਕੁਲਦੀਪ ਸਿੰਘ, ਬੀਪੀਈਓ ਰਾਕੇਸ਼ ਠਾਕੁਰ, ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ ਅਤੇ ਸਮੂਹ ਸੀਐਚਟੀ ਹਾਜ਼ਰ ਸਨ।