ਗੁਰਦਾਸਪੁਰ, 28 ਜਨਵਰੀ : ਸੂਬੇ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਵੱਲੋਂ ਅੱਜ ਬਟਾਲਾ ਸਥਿਤ ਪਨਗਰੇਨ ਅਤੇ ਵੇਅਰਹਾਊਸ ਦੇ ਗੁਦਾਮਾਂ ’ਤੇ ਅਚਨਚੇਤ ਛਾਪੇਮਾਰੀ ਕਰਕੇ ਓਥੇ ਕਣਕ ਦੇ ਸਟਾਕ ਦਾ ਜਾਇਜਾ ਲਿਆ ਗਿਆ। ਇਸ ਮੌਕੇ ਪਨਗਰੇਨ ਦੇ ਗੁਦਾਮ ਅੰਦਰ ਕਣਕ ਦੀ ਸੰਭਾਲ ਤੇ ਸਟਾਕ ਨੂੰ ਲੈ ਕੇ ਕਾਫੀ ਬੇਨਿਯਮੀਆਂ ਦੇਖਣ ਨੂੰ ਮਿਲੀਆਂ ਅਤੇ ਗੁਦਾਮਾਂ ਅੰਦਰ ਕਣਕ ਦੀਆਂ ਬੋਰੀਆਂ ਫਟੀਆਂ ਹੋਈਆਂ ਸਨ ਅਤੇ ਖੁੱਲੀ ਕਣਕ ਦੇ ਕਈ ਵੱਡੇ ਢੇਰ ਲੱਗੇ ਹੋਏ ਸਨ। ਗੁਦਾਮਾਂ ਅੰਦਰ ਇਨ੍ਹਾਂ ਬੇਨਿਯਮੀਆਂ ਅਤੇ ਬਦ-ਇੰਤਜ਼ਾਮੀ ਦਾ ਗੰਭੀਰ ਨੋਟਿਸ ਲੈਂਦਿਆਂ ਕੈਬਨਿਟ ਮੰਤਰੀ ਸ੍ਰੀ ਕਟਾਰੂਚੱਕ ਨੇ ਕਿਹਾ ਕਿ ਅਜਿਹੀਆਂ ਬੇਨਿਯਮੀਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਵਿਭਾਗੀ ਜਾਂਚ ਦੇ ਹੁਕਮ ਦਿੰਦਿਆਂ ਮੌਕੇ ’ਤੇ ਹਾਜ਼ਰ ਜ਼ਿਲ੍ਹਾ ਫੂਡ ਸਪਲਾਈ ਅਫ਼ਸਰ ਗੁਰਦਾਸਪੁਰ ਮੈਡਮ ਨਵਨੀਤ ਕੌਰ ਨੂੰ ਨਿਰਦੇਸ਼ ਦਿੱਤੇ ਕਿ ਇੱਕ ਹਫ਼ਤੇ ਦੇ ਅੰਦਰ-ਅੰਦਰ ਇਸਦੀ ਪੜਤਾਲ ਕਰਕੇ ਰੀਪੋਰਟ ਉਨ੍ਹਾਂ ਨੂੰ ਸੌਂਪੀ ਜਾਵੇ ਤਾਂ ਜੋ ਇਸ ਬਦ-ਇੰਤਜ਼ਾਮੀ ਲਈ ਜਿੰਮੇਵਾਰ ਅਧਿਕਾਰੀਆਂ ਤੇ ਕਰਮਚਾਰੀਆਂ ਖਿਲਾਫ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵੱਲੋਂ ਖੂਨ-ਪਸੀਨਾ ਵਹਾ ਕੇ ਪੈਦਾ ਕੀਤੀ ਫਸਲ ਦੀ ਸੰਭਾਲ ਅਤੇ ਇਸਨੂੰ ਗਰੀਬ ਤੇ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਉਣਾ ਲਈ ਸਰਕਾਰ ਦੀ ਜਿੰਮੇਵਾਰੀ ਹੈ ਅਤੇ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਇਸ ਵਿੱਚ ਕੋਈ ਹੇਰਾ-ਫੇਰੀ ਜਾਂ ਲੁੱਟ-ਖਸੁੱਟ ਕਰੇਗਾ ਤਾਂ ਉਸਨੂੰ ਬਖਸ਼ਿਆ ਨਹੀਂ ਜਾਵੇਗਾ। ਕੈਬਨਿਟ ਮੰਤਰੀ ਸ੍ਰੀ ਕਟਾਰੂਚੱਕ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੇ ਇਹ ਸਪੱਸ਼ਟ ਨਿਰਦੇਸ਼ ਹਨ ਕਿ ਕਿਸੇ ਵੀ ਸਰਕਾਰੀ ਮਹਿਕਮੇ ਵਿੱਚ ਕਿਸੇ ਤਰਾਂ ਦੀ ਕੋਈ ਬੇਨਿਯਮੀ ਜਾਂ ਬਦ-ਇੰਤਜ਼ਾਮੀ ਬਿਲਕੁਲ ਸਹਿਣ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੁੱਟ-ਖਸੁੱਟ ਦਾ ਸਮਾਂ ਹੁਣ ਲੰਘ ਗਿਆ ਹੈ ਅਤੇ ਸੂਬੇ ਦੇ ਲੋਕਾਂ ਨੇ ਬਦਲਾਅ ਲਿਆ ਕੇ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇੱਕ ਇਮਾਨਦਾਰ ਸਰਕਾਰ ਚੁਣੀ ਹੈ। ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਭਵਿੱਖ ਵਿੱਚ ਵੀ ਛਾਪੇਮਾਰੀ ਦੀਆਂ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ।