- 18 ਕਿਲੋ ਹੀਰੋਇਨ ਬਰਾਮਦਗੀ ਮਾਮਲੇ ਵਿੱਚ 5 ਹੋਰ ਗ੍ਰਿਫਤਾਰੀਆਂ, ਹਥਿਆਰ ਅਤੇ ਲੱਖਾਂ ਦੀ ਨਗਦੀ ਵੀ ਬਰਾਮਦ
ਗੁਰਦਾਸਪੁਰ 9 ਅਗਸਤ : ਜ਼ਿਲ੍ਹਾ ਗੁਰਦਾਸਪੁਰ ਪੁਲਿਸ ਨੇ ਆਪਣੀ ਕਾਬਲੀਅਤ ਸਾਬਤ ਕਰਨ ਵਾਲੀ ਹੋਰ ਉਦਾਹਰਣ ਪੇਸ਼ ਕਰ ਦਿੱਤੀ ਹੈ। ਅਮਰੀਕਾ ਦੇ ਰਹਿਣ ਵਾਲੇ ਇੱਕ ਵਿਅਕਤੀ ਦੇ ਇਸ਼ਾਰੇ ਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਸਪਲਾਈ ਕਰਨ ਲਈ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਤੋਂ ਲਿਆਈ ਜਾ ਰਹੀ 18 ਕਿਲੋ ਹੈਰੋਇਨ ਬਰਾਮਦਗੀ ਮਾਮਲੇ ਵਿੱਚ ਦੀਨਾਨਗਰ ਪੁਲਿਸ ਦੇ ਅਧਿਕਾਰੀਆਂ ਨੇ ਪੰਜ ਹੋਰ ਗ੍ਰਿਫਤਾਰੀਆਂ ਕਰਕੇ ਅੱਤਵਾਦੀਆਂ ਅਤੇ ਡਰਗ ਸਮਗਲਰਾਂ ਦੇ ਇੱਕ ਵੱਡੇ ਨੈੱਟਵਰਕ ਨੂੰ ਤੋੜਿਆ ਹੈ। ਗ੍ਰਿਫਤਾਰ ਕੀਤੇ ਗਏ ਪੰਜ ਦੇ ਪੰਜ ਵਿਅਕਤੀ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਪਾਸੋਂ ਹਥਿਆਰ ਅਤੇ ਲੱਖਾਂ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ। ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਇਹਨਾਂ ਵਿੱਚੋਂ ਤਿੰਨ ਸਗੇ ਭਰਾ ਹਨ ਅਤੇ ਬਾਕੀ ਦੋ ਵੀ ਇਹਨਾਂ ਦੇ ਰਿਸ਼ਤੇਦਾਰਾਂ ਵਿੱਚੋਂ ਹੀ ਹਨ। ਦੱਸ ਦਈਏ ਕਿ 27 ਜੁਲਾਈ ਨੂੰ ਏ ਸੀ.ਪੀ ਦੀਨਾਨਗਰ, ਅਦਿੱਤਿਆ ਵਾਰੀਅਰ ਆਈ.ਪੀ.ਐਸ,ਐਸ.ਐਚ.ਓ ਦੀਨਾਨਗਰ ਇੰਸਪੈਕਟਰ ਜਤਿੰਦਰਪਾਲ ਅਤੇ ਸੀ.ਆਈ ਗੁਰਦਾਸਪੁਰ ਇੰਚਾਰਜ ਕਪਿਲ ਕੌਂਸਲ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਟੀਮ ਵੱਲੋਂ ਥਾਣਾ ਦੀਨਾਨਗਰ ਦੇ ਤਹਿਤ ਪਨਿਆਰ ਨਾਕੇ ਤੋਂ ਸ਼੍ਰੀਨਗਰ ਤੋਂ ਲਿਆਈ ਜਾ ਰਹੀ18 ਕਿਲੋ ਹੈਰੋਇਨ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਿਲ ਸੀ। ਪੁਲਿਸ ਪੜਤਾਲ ਦੌਰਾਨ ਸਾਹਮਣੇ ਕਿ ਹੈਰੋਇਨ ਦੀ ਇਸ ਵੱਡੀ ਖੇਪ ਦਾ ਲਿੰਕ ਬਾਰਾਂਮੁੱਲਾ ਨਾ ਜੁੜਿਆ ਹੈ ਅਤੇ ਗਹਿਰਾਈ ਨਾਲ ਮਾਮਲੇ ਦੀਆਂ ਪਰਤਾਂ ਨੂੰ ਖੋਲਦੇ ਹੋਏ ਦੀਨਾਨਗਰ ਪੁਲਸ ਉਨ੍ਹਾਂ ਪੰਜ ਵਿਅਕਤੀਆਂ ਤੱਕ ਪਹੁੰਚੀ ਜਿਨ੍ਹਾਂ ਕੋਲੋਂ 27 ਜੁਲਾਈ ਨੂੰ ਫੜੇ ਗਏ ਪੰਜਾਬ ਦੇ ਤਿੰਨ ਵਿਅਕਤੀਆਂ ਵਲੋਂ 18 ਕਿਲੋ ਹੈਰੋਇਨ ਦੀ ਖੇਪ ਪ੍ਰਾਪਤ ਕੀਤੀ ਗਈ ਸੀ। ਮਾਮਲੇ ਦੀ ਪੜਤਾਲ ਦੌਰਾਨ ਉੜੀ ਦੇ ਰਹਿਣ ਵਾਲੇ ਮੁਹੰਮਦ ਰਵੀਲ ਅਤੇ ਮੁਖਤਿਆਰ ਅਹਿਮਦ,ਫਿਆਜ਼ ਅਹਿਮਦ ਇਮਤਯਾਜ਼ ਅਹਿਮਦ(ਤਿੰਨੋਂ ਭਰਾ) ਅਤੇ ਨਫੀਜ਼ ਪੁੱਤਰ ਮੁਹੰਮਦ ਲਤੀਫ ਦੀਨਾਨਗਰ ਪੁਲਿਸ ਦੇ ਕਾਬੂ ਆਏ ਹਨ। ਇਹਨਾਂ ਪਾਸੋਂ 11ਲੱਖ 20 ਹਜ਼ਾਰ ਨਗਦੀ,1 ਪਿਸਤੌਲ ਗਲਾਕ,2 ਮੈਗਜ਼ੀਨ ਅਤੇ 46 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਇਹ ਸਾਰੇ ਬਕਰੀ ਪਾਲਣ ਦਾ ਧੰਦਾ ਕਰਦੇ ਸਨ ਪਰ ਆਪਣੇ ਇੱਕ ਪਾਕਿਸਤਾਨੀ ਰਿਸ਼ਤੇਦਾਰ ਦੀ ਬਦੌਲਤ ਜਿਆਦਾ ਪੈਸੇ ਕਮਾਉਣ ਦੇ ਲਾਲਚ ਵਿੱਚ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਲੱਗ ਗਏ। ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਉਪਰੋਕਤ ਪਿਸਤੌਲ ਕਸ਼ਮੀਰ ਵਿਚ ਅੱਤਵਾਦੀ ਗਤੀਵਿਧੀਆਂ ਲਈ ਵਰਤੇ ਜਾਣੇ ਸਨ ਅਤੇ ਉਹ ਨਸ਼ੀਲੇ ਪਦਾਰਥ ਇਸ ਤੋਂ ਪਹਿਲਾਂ ਸ੍ਰੀਨਗਰ ਵਿੱਚ ਹੀ ਸਪਲਾਈ ਕਰ ਰਹੇ ਸਨ। ਗ੍ਰਿਫਤਾਰ ਕੀਤੇ ਗਏ ਤਸਕਰਾਂ ਨੇ ਇਹ ਵੀ ਮੰਨਿਆ ਹੈ ਕਿ ਉਹ ਐਲਓਸੀ ਸ੍ਰੀਨਗਰ ਤੋਂ ਵੱਖ-ਵੱਖ ਮਿਤੀਆਂ 'ਤੇ ਨਸ਼ੀਲੇ ਪਦਾਰਥ ਅਤੇ ਹਥਿਆਰ ਲੈ ਕੇ ਆਏ ਸੀ। ਮਾਮਲੇ ਵਿੱਚ ਹੋਰ ਵੀ ਗ੍ਰਿਫਤਾਰੀਆਂ ਹੋਣ ਦੀ ਉਮੀਦ ਹੈ।