ਪੰਜਾਬ ਸਰਕਾਰ ਨੇ ਅਸਲਾ ਲਾਇਸੰਸ ਧਾਰਕਾਂ ਲਈ ਪੋਰਟਲ ਉੱਪਰ ਅਪਲਾਈ ਕਰਨ ਦੀ ਤਰੀਕ 31 ਜਨਵਰੀ 2025 ਕੀਤੀ- ਵਧੀਕ ਜ਼ਿਲ੍ਹਾ ਮੈਜਿਸਟਰੇਟ, ਹਰਜਿੰਦਰ ਸਿੰਘ ਬੇਦੀ

ਬਟਾਲਾ, 17 ਜਨਵਰੀ 2025 : ਸ੍ਰੀ ਹਰਜਿੰਦਰ ਸਿੰਘ ਬੇਦੀ, ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਰਾਜ ਵਿੱਚ ਅਸਲਾ ਲਾਇਸੰਸ ਸਬੰਧੀ ਸਰਵਿਸਾਂ ਈ-ਸੇਵਾ ਪੋਰਟਲ ਰਾਹੀਂ ਸੇਵਾ ਕੇਂਦਰ ਰਾਹੀਂ ਦਿੱਤੀਆਂ ਜਾਂਦੀਆਂ ਹਨ। ਈ-ਗਵਰਨਸ ਸੋਸਾਇਟੀ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਮੋਹਾਲੀ ਵੱਲੋਂ ਜਾਰੀ ਪੱਤਰ ਅਨੁਸਾਰ ਜਿਨ੍ਹਾਂ ਲਾਇਸੰਸਧਾਰਕ ਨੇ ਸਤੰਬਰ 2019 ਤੋਂ ਬਾਅਦ ਆਪਣੇ ਅਸਲਾ ਲਾਇਸੰਸ ਸਬੰਧੀ ਈ-ਸੇਵਾ ਪੋਰਟਲ ਵਿੱਚ ਕੋਈ ਸਰਵਿਸ ਅਪਲਾਈ ਨਹੀਂ ਕੀਤੀ ਹੈ, ਉਹਨਾਂ ਵਿਅਕਤੀਆਂ ਨੂੰ 31 ਜਨਵਰੀ 2025 ਤੋਂ ਬਾਅਦ ਅਸਲਾ ਲਾਇਸੰਸ ਸਬੰਧੀ ਈ-ਸੇਵਾ ਵਿੱਚ ਕੋਈ ਸਰਵਿਸ ਨਹੀਂ ਦਿੱਤੀ ਜਾਵੇਗੀ। ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਜਿਲ੍ਹਾ ਗੁਰਦਾਸਪੁਰ ਦੇ ਵਾਸੀ ਜੋ ਅਸਲਾ ਧਾਰਕ ਹਨ, ਨੂੰ ਹਦਾਇਤ ਕੀਤੀ ਹੈ ਕਿ ਜਿਹਨਾਂ ਅਸਲਾ ਲਾਇਸੰਸਧਾਰਕਾਂ ਵੱਲੋਂ ਸੇਵਾ ਕੇਂਦਰ ਵਿੱਚ ਚਲਦੇ ਈ-ਸੇਵਾ ਪੋਰਟਲ ਵਿੱਚ ਸਤੰਬਰ 2019 ਤੋਂ ਬਾਅਦ ਕੋਈ ਸਰਵਿਸ ਅਪਲਾਈ ਨਹੀਂ ਕੀਤੀ ਗਈ ਹੈ ਉਹ ਤੁਰੰਤ ਆਪਣੇ ਅਸਲਾ ਲਾਇਸੰਸ ਰੀਨਿਊ ਕਰਨ ਅਤੇ ਹੋਰ ਕੋਈ ਸਰਵਿਸ ਲਈ ਮਿਤੀ 31 ਜਨਵਰੀ 2025 ਤੋਂ ਪਹਿਲਾਂ-ਪਹਿਲਾਂ ਹਰ ਹਾਲਤ ਵਿੱਚ ਅਪਲਾਈ ਕਰਨ ਲਈ ਨਜ਼ਦਕੀ ਸੇਵਾ ਕੇਂਦਰ ਪਾਸ ਲੋੜੀਦੇ ਦਸਤਾਵੇਜ ਜਮ੍ਹਾ ਕਰਵਾਉਣ। ਉਨ੍ਹਾਂ ਦੱਸਿਆ ਕਿ ਪਹਿਲਾਂ ਅਪਲਾਈ ਕਰਨ ਦੀ ਮਿਤੀ 31 ਦਸੰਬਰ 2024 ਦੀ ਸੀ ਜੋ ਹੁਣ ਪੰਜਾਬ ਸਰਕਾਰ ਵੱਲੋਂ ਇਹਨਾਂ ਲਾਇਸੰਸਾਂ ਨੂੰ ਅਪਲਾਈ ਕਰਨ ਲਈ ਸਮਾਂ ਸੀਮਾ ਮਿਤੀ 31 ਜਨਵਰੀ 2025 ਨਿਰਧਾਰਿਤ ਕੀਤੀ ਗਈ ਹੈ। ਇਸ ਲਈ ਸਬੰਧੀ ਅਸਲਾ ਧਾਰਕਾਂ ਦੀ ਲਿਸਟ ਵੈਬ ਸਾਈਟ https://gurdaspur.nic.in/ ’ਤੇ ਅੱਪਲੋਡ ਕਰ ਦਿੱਤੀ ਗਈ ਹੈ।