ਮਾਹਿਲਪੁਰ : ਕੌਣ ਬਣੇਗਾ ਕਰੋੜਪਤੀ' ਖ਼ੇਡਣ ਦਾ ਸੁਪਨਾ ਦੇਖ਼ਦੇ ਪੈਂਚਰ ਲਗਾਉਣ ਵਾਲਾ ਪਰਮਿੰਦਰ ਬਣਿਆ ਕਰੋੜਪਤੀ। ਮਾਹਿਲਪੁਰ ਸ਼ਹਿਰ ਦਾ ਇੱਕ ਗਰੀਬ ਸਕੂਟਰਾਂ, ਮੋਟਰਾਂ ਸਾਈਕਲਾਂ ਅਤੇ ਗੱਡੀਆਂ ਨੂੰ ਪੈਂਚਰ ਲਗਾਉਣ ਵਾਲਾ ਇੱਕ ਮਜ਼ਦੂਰ ਦੁਕਾਨਦਾਰ ਲਾਟਰੀ ਦੀ ਇੱਕ ਟਿਕਟ ਨਾਲ ਹੀ ਕਰੋੜਪਤੀ ਬਣ ਗਿਆ। ਉਸ ਨੇ ਨਾਗਾਲੈਂਡ ਦੀ ਪੂਜਾ ਸਪੈਸ਼ਲ ਬੰਪਰ ਦੀ ਅਕਤੂਬਰ ਦੇ ਪਹਿਲੇ ਹਫ਼ਤੇ ਖ਼ਰੀਦੀ ਟਿਕਟ ਦਾ ਉਸ ਨੂੰ ਤਿੰਨ ਕਰੋੜ ਰੁਪਏ ਦਾ ਇਨਾਮ ਨਿੱਕਲਿਆ ਜਿਸ ਕਾਰਨ ਉਸ ਦੀ ਕਾਇਆ ਹੀ ਪਲਟ ਗਈ, ਮਾਹਿਲਪੁਰ ਵਿਖ਼ੇ ਟਾਇਰਾਂ ਨੂੰ ਪੈਂਚਰ ਲਗਾਉਣ ਵਾਲੇ ਪਰਮਿੰਦਰ ਸਿੰਘ ਪਿੰਦਾ ਪੁੱਤਰ ਰਾਮ ਲਾਲ ਸਿੰਘ ਵਾਸੀ ਮਾਹਿਪੁਰ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਗੜ੍ਹਸ਼ੰਕਰ ਰੋਡ 'ਤੇ ਸਕੂਟਰਾਂ ਕਾਰਾਂ ਨੂੰ ਪੈਂਚਰ ਲਗਾਉਣ ਦਾ ਕੰਮ ਕਰਦਾ ਹੈ | ਉਸ ਨੇ ਦੱਸਿਆ ਕਿ ਉਹ ਅਕਸਰ ਦੁਕਾਨ ਤੋਂ ਘਰ ਜਾ ਕੇ ਟੀ ਵੀ 'ਤੇ 'ਕੌਣ ਬਣੇਗਾ ਕਰੋੜਪਤੀ' ਦੇਖ਼ਦਾ ਹੁੰਦਾ ਸੀ ਅਤੇ ਇਸ ਪ੍ਰੋਗਰਾਮ ਵਿਚ ਭਾਗ ਲੈ ਕੇ ਆਪ ਵੀ ਕਰੋੜਪਤੀ ਬਣਨਾ ਚਾਹੁੰਦਾ ਸੀ ਜਿਸ ਕਾਰਨ ਉਹ ਆਮ ਗਿਆਨ ਵਧਾਉਣ ਲਈ ਅਕਸਰ ਅਖ਼ਬਾਰਾਂ ਵੀ ਪੜ੍ਹਦਾ ਰਹਿੰਦਾ ਸੀ | ਉਸ ਨੇ ਦੱਸਿਆ ਕਿ ਕਈ ਵਾਰ ਉਹ ਅਮੀਰ ਹੋਣ ਲਈ ਪੰਜਾਬ ਅਤੇ ਵੱਖ਼ ਵੱਖ਼ ਸੂਬਿਆਂ ਦੀਆਂ ਸਰਕਾਰਾਂ ਵਲੋਂ ਸ਼ੁਰੂ ਕੀਤੀਆਂ ਕਰੋੜਾ ਰੁਪਏ ਦੀ ਲਾਟਰੀਆਂ ਸਿਰਫ਼ ਦਿਨ ਤਿਓਹਾਰ ਵਾਲੇ ਦਿਨ ਹੀ ਖ਼ਰੀਦਦਾ ਸੀ, ਉਸ ਨੇ ਦੱਸਿਆ ਕਿ ਇਸ ਵਾਰ ਵਾਰ ਜਦੋਂ ਲਾਟਰੀ ਵੇਚਣ ਆਏ ਪਰਮਜੀਤ ਅਗਨੀਹੋਤਰੀ ਨੇ ਉਸ ਨੂੰ ਲਾਟਰੀ ਖ਼ਰੀਦਣ ਲਈ ਕਿਹਾ ਤਾਂ ਉਸ ਨੇ ਪੰਜਾਬ ਹਰਿਆਣਾ ਅਤੇ ਨਜ਼ਦੀਕੀ ਰਾਜਾਂ ਦੀਆਂ ਲਾਟਰੀਆਂ ਛੱਡ ਹੋਰ ਰਾਜ ਦੀ ਲਾਟਰੀ ਖ਼ਰੀਦਣ ਲਈ ਕਿਹਾ ਤਾਂ ਉਸ ਨੇ ਨਾਗਾਲੈਂਡ ਰਾਜ ਦੀ ਪੂਜਾ ਬੰਪਰ ਖ਼ਰੀਦ ਲਈ। ਉਸ ਨੇ ਦੱਸਿਆ ਕਿ ਅੱਜ ਜਦੋਂ ਪਰਮਜੀਤ ਅਗਨੀਹੋਤਰੀ ਨੇ ਉਸ ਨੂੰ ਆ ਕੇ ਦੱਸਿਆ ਤਾਂ ਪਹਿਲਾਂ ਉਸ ਨੂੰ ਯਕੀਨ ਨਹੀਂ ਆਇਆ ਪਰ ਜਦੋਂ ਨੰਬਰ ਮੇਲ ਕੀਤੇ ਤਾਂ ਉਸ ਦੇ ਸਾਰੇ ਸੁਪਨੇ ਪੂਰੇ ਹੁੰਦੇ ਦਿਸੇ | ਪਰਮਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਜੱਦੀ ਪੈਂਚਰਾਂ ਵਾਲੇ ਕੰਮ ਨੂੰ ਨਹੀਂ ਛੱਡੇਗਾ ਬਲਕਿ ਮਿਲੇ ਪੈਸਿਆਂ ਵਿੱਚੋਂ ਹੁਣ ਲੋੜਬੰਦ ਪਰਿਵਾਰਾਂ ਦੀ ਮਦਦ ਜਰੂਰ ਕਰੇਗਾ |