ਬੰਦੀ ਛੋੜ ਦਿਵਸ ਤੇ ਜੇਲ੍ਹਾਂ ਅੰਦਰ ਬੰਦ ਬੰਦੀ ਸਿੰਘਾਂ ਦੀ ਰਿਹਾਈ ਦਾ ਪ੍ਰਧਾਨ ਮੰਤਰੀ ਕਰਨ ਐਲਾਨ: ਬਾਬਾ ਅਕਾਲੀ

ਅੰਮ੍ਰਿਤਸਰ : ਬੰਦੀ ਛੋੜ ਦਿਵਸ, ਦਿਵਾਲੀ ਸਿੱਖਾਂ ਲਈ ਖਾਸ ਮਹੱਤਤਾ ਰੱਖਦਾ ਹੈ। ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲੇ ਤੋਂ ਰਿਹਾ ਹੋਣ ਵੇਲੇ 52 ਪਹਾੜੀ ਰਾਜਿਆਂ ਨੂੰ ਵੀ ਰਿਹਾ ਕਰਾਇਆ ਸੀ। ਤੇ ਇਸ ਸ਼ੁਭ ਦਿਹਾੜੇ ਤੇ ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਵਧਾਈ ਦਿਦਿਆ ਕਿਹਾ ਕਿ ਆਪਣੀ ਉਮਰ ਦਾ ਬੇਤਰੀਨ ਹਿੱਸਾ ਜੇਲ੍ਹਾਂ ਅੰਦਰ ਬਤੀਤ ਕਰਨ ਵਾਲੇ ਸਿੱਖ ਬੰਦੀਆਂ ਨੂੰ ਅਦਾਲਤਾਂ ਕਨੂੰਨੀ ਨਜ਼ਰ 'ਚ ਬਰੀ ਕਰ ਚੁੱਕੀਆਂ ਹਨ। ਉਹ ਆਪਣੀ ਸਜਾ ਦਾ ਦੁਹਰਾ ਸਮਾਂ ਜੇਲ੍ਹ ਅੰਦਰ ਬਤਾ ਚੁਕੇ ਹਨ ਫਿਰ ਵੀ ਉਨ੍ਹਾਂ ਸਿੱਖ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਦੇਰੀ ਹੋਣੀ ਇਨਸਾਫ ਨਾਲ ਕੋਰਾ ਮਜਾਕ ਤੇ ਕਨੂੰਨ ਨੂੰ ਅਗੂੰਠਾ ਦਿਖਾਉਣ ਵਾਲੀ ਗੱਲ ਹੈ। ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵਲੋਂ ਜਾਰੀ ਇਕ ਲਿਖਤੀ ਬਿਆਨ ਵਿੱਚ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਕਾਨੂੰਨੀ ਜ਼ਾਬਤੇ ਵਿੱਚ ਰਹਿ ਕੇ ਆਪਣੀਆਂ ਸਜਾਵਾਂ ਭੁਗਤ ਚੁਕੇ ਸਿੰਘਾਂ ਨੂੰ ਨਜਾਇਜ਼ ਤੌਰ ਤੇ ਜੇਲਾਂ ਵਿੱਚ ਡੱਕਿਆ ਹੋਇਆ ਦੀ ਰਿਹਾਈ ਲਾਜਮੀ ਹੋਣੀ ਚਾਹੀਦੀ ਹੈ।  ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੰਦੀ ਛੋੜ ਦਿਵਸ ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕਰਨਾ ਚਾਹੀਦਾ ਹੈ। ਜਿਸ ਕਨੂੰਨ ਦੇ ਸਹਾਰੇ ਸਮੁੱਚਾ ਦੇਸ ਚੱਲ ਰਿਹਾ ਹੈ, ਉਸ ਕਾਨੂੰਨ ਦੀਆਂ ਅੱਖਾਂ ਤੇ ਪੱਟੀ ਕਿਉਂ ਬੰਨੀ ਜਾ ਰਹੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਸਜਾਵਾਂ ਪੂਰੀਆਂ ਕਰ ਚੁਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਨਾਇਨਸਾਫੀ ਵਿਚੋਂ ਹੀ ਵਿਰੋਧ ਕਰੋਧ ਤੇ ਅਤਿਵਾਦ, ਵੱਖਵਾਦ ਬੇਚੈਨੀ, ਬਦਅਮਨੀ ਪੈਦਾ ਹੁੰਦੀ ਹੈ। ਇਸ ਤਰ੍ਹਾਂ ਦਾ ਮਾਹੌਲ ਨਾ ਪੈਦਾ ਹੋਏ ਪੰਜਾਬ ਸਰਕਾਰ, ਕੇਂਦਰ ਸਰਕਾਰ ਤੇ ਆਪਣਾ ਪੱਖ ਤੇ ਦਬਾਅ ਪੈਦਾ ਕਰੇ ਤੇ ਇਨ੍ਹਾਂ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕਰਵਾਏ। ਨਿਹੰਗ ਮੁੱਖੀ ਨੇ ਨਾਲ ਹੀ ਪੰਜਾਬ ਸਰਕਾਰ ਨੂੰ ਕਿਹਾ ਕਿ ਜੋ ਕਿਸਾਨ ਆਪਣੀ ਮੰਗਾਂ ਲਈ ਧਰਨਿਆਂ ਤੇ ਬੈਠੇ ਹਨ ਉਨ੍ਹਾਂ ਦੀਆਂ ਮੰਗਾਂ ਨੂੰ ਧੀਰਜ ਤੇ ਹੋਸਲੇ ਨਾਲ ਵਿਚਾਰ ਕੇ ਪੁਰੀਆਂ ਕਰਨੀਆਂ ਚਾਹੀਦੀਆਂ ਹਨ। ਆਪਣੀਆਂ ਹੱਕੀ ਮੰਗਾਂ ਲਈ ਕਿਸੇ ਵੀ ਵਰਗ ਨੂੰ ਸੜਕਾਂ ਤੇ ਉਤਰਨ ਦੀ ਨੋਬਤ ਨਹੀਂ ਆਉਣ ਦੇਣੀ ਚਾਹੀਦੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀਆਂ ਜੁਬਾਨੀ ਤੌਰ ਤੇ ਮੰਗਾਂ ਪ੍ਰਵਾਨ ਕਰਨ ਦਾ ਦਿਤੇ ਭਰੋਸੇ ਨੂੰ ਕਾਨੂੰਨੀ ਅਮਲੀ ਜਾਮਾ ਪਹਿਚਾਉਣਾ ਚਾਹੀਦਾ ਹੈ ਤਾਂ ਜੋ ਧਰਨਿਆਂ ਤੇ ਬੈਠੇ ਕਿਸਾਨ ਖੁਸ਼ਹਾਲ ਤੇ ਅਮਨ ਪੂਰਵਕ ਜੀਵਨ ਬਤੀਤ ਕਰਨ।