- ਪੰਜਾਬ ਦੀ ਇਤਹਾਸਕ ਇਮਾਰਤਾਂ ਵਾਂਗ ਮਾਲ ਦੀ ਇਮਾਰਤ ਨੂੰ ਦਿੱਤੀ ਜਾਵੇ ਦਿੱਖ : ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 26 ਮਈ : ਸਰਕਾਰ ‘ਮੇਡ ਇਨ ਇੰਡੀਆ’ ਮੁਹਿੰਮ ਨੂੰ ਉਤਸ਼ਹਿਤ ਕਰਨ ਲਈ ਅੰਮ੍ਰਿਤਸਰ ਵਿਚ ਦੇਸ਼ ਭਰ ਦੀਆਂ ਕਲਾ-ਕਿਰਤਾਂ ਨੂੰ ਇਕ ਛੱਤ ਹੇਠ ਵੇਚਣ ਲਈ ਵੱਡਾ ਸ਼ਾਪਿੰਗ ਮਾਲ ਬਨਾਉਣ ਜਾ ਰਹੀ ਹੈ, ਜਿਸ ਨੂੰ ਯੂਨੀਟੀ ਮਾਲ ਦਾ ਨਾਮ ਦਿੱਤਾ ਜਾਵੇਗਾ। ਅੱਜ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਨੇ ਅਹੁਦਾ ਸੰਭਾਲਣ ਤੋਂ ਬਾਅਦ ਆਪਣੀ ਪਲੇਠੀ ਮੀਟਿੰਗ ਵਿਚ ਕੇਂਦਰ ਤੇ ਰਾਜ ਸਰਕਾਰ ਦੇ ਅਧਿਕਾਰੀਆਂ ਤੋਂ ਇਲਾਵਾ ਗੁਰੂ ਨਾਨਕ ਯੂਨੀਵਰਸਿਟੀ ਦੇ ਆਰਕੀਟੈਕਟ ਵਿਭਾਗ ਦੇ ਪ੍ਰੋਫੈਸਰ ਸਾਹਿਬਾਨ ਨਾਲ ਇਸ ਵਿਸ਼ੇ ਉਤੇ ਵਿਚਾਰ ਚਰਚਾ ਕਰਦੇ ਕਿਹਾ ਕਿ ਇਸ ਦੀ ਬਾਹਰੀ ਦਿੱਖ ਪੰਜਾਬ ਦੀਆਂ ਇਤਹਾਸਕ ਇਮਾਰਤਾਂ ਨਾਲ ਮੇਲ ਖਾਂਦੀ ਹੋਵੇ ਅਤੇ ਇਸਦਾ ਕੰਪਲੈਕਸ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇ। ਉਨਾਂ ਕਿਹਾ ਕਿ ਇਸ ਵਿਚ ਦੇਸ਼ ਦੇ 36 ਰਾਜ ਤੇ ਕੇਂਦਰ ਸਾਸ਼ਤ ਪ੍ਰਦੇਸ਼ਾਂ ਨੂੰ ਇਕ-ਇਕ ਵੱਡਾ ਹਾਲ ਵਿਕਰੀ ਕੇਂਦਰ ਵਜੋਂ ਦਿੱਤਾ ਜਾਵੇ ਅਤੇ ਇਸੇ ਤਰਾਂ ਪੰਜਾਬ ਦੇ 23 ਜਿਲਿਆਂ ਨੂੰ ਇਕ-ਇਕ ਸਟਾਲ ਪੱਕੇ ਤੌਰ ਉਤੇ ਦਿੱਤਾ ਜਾਵੇ, ਜਿੱਥੇ ਉਹ ਆਪਣੇ ਆਪਣੇ ਸੂਬੇ ਤੇ ਜਿਲ੍ਹੇ ਦੇ ਉਤਪਾਦਾਂ ਦੀ ਵਿਕਰੀ ਕਰ ਸਕਣ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਵੱਡਾ ਕਨਵੈਸ਼ਨ ਹਾਲ ਵੀ ਇਸ ਕੰਪਲੈਕਸ ਵਿਚ ਬਣਾਇਆ ਜਾਵੇ ਅਤੇ ਅੰਮ੍ਰਿਤਸਰ ਦੇ ਲਜੀਜ਼ ਪਕਵਾਨਾਂ ਦਾ ਸੁਆਦ ਦੇਣ ਲਈ ਇਸ ਕੰਪੈਲਕਸ ਵਿਚ ਫੂਡ ਕੋਰਟ ਜ਼ਰੂਰ ਬਣਾਇਆ ਜਾਵੇ। ਉਨਾਂ ਦੱਸਿਆ ਕਿ ਨਗਰ ਸੁਧਾਰ ਟਰੱਸਟ ਇਸ ਲਈ ਘੱਟੋ-ਘੱਟ 10 ਏਕੜ ਜਮੀਨ ਦੇਵੇਗਾ ਅਤੇ ਇਸ ਉਤੇ ਅੰਦਾਜ਼ਨ 200 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੰਮ ਇੰਨੀ ਤਨਦੇਹੀ ਨਾਲ ਕੀਤਾ ਜਾਵੇਗਾ ਕਿ 26 ਜਨਵਰੀ 2024 ਤੱਕ ਇਸ ਪ੍ਰਾਜੈਕਟ ਦਾ ਇਕ ਹਿੱਸਾ ਜਰੂਰ ਖੋਲ ਦਿੱਤਾ ਜਾਵੇ। ਅੱਜ ਦੀ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਦੀਪ ਕੌਰ, ਇਕ ਜਿਲ੍ਹਾ ਇਕ ਉਤਪਾਦ ਪ੍ਰੋਜੈਕਟ ਦੇ ਕੋਰ ਟੀਮ ਮੈਂਬਰ ਸ ਇਸ਼ਦੀਪ ਸਿੰਘ, ਕੈਬਨਿਟ ਮੰਤਰੀ ਸ. ਇੰਦਰਬੀਰ ਸਿੰਘ ਨਿਜ਼ਰ ਦੇ ਓ ਐਸ ਡੀ ਸ. ਮਨਪ੍ਰੀਤ ਸਿੰਘ ਨਿੱਜਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਰਕੀਟੈਕਟ ਵਿਭਾਗ ਦੇ ਮੁਖੀ ਡਾ. ਸਰਬਜੋਤ ਸਿੰਘ ਬਹਿਲ, ਪ੍ਰੋ ਕਰਮਜੀਤ ਸਿੰਘ ਚਾਹਲ, ਜਨਰਲ ਮੈਨਜਰ ਇੰਡਸਟਰੀ ਮਾਨਵਪ੍ਰੀਤ ਸਿੰਘ, ਡੀ ਡੀ ਐਫ ਸ੍ਰੀ ਆਰੀਅਨ ਸ਼ਾਹੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ।