- ਸਵੈ ਨਿਧੀ ਸਕੀਮ ਦੇ ਯੋਗ ਪਾਤਰੀਆਂ ਨੂੰ ਤੁਰੰਤ ਕਰਜਾ ਦੇਣ ਦੀ ਹਦਾਇਤ
ਅੰਮ੍ਰਿਤਸਰ 21 ਜੂਨ : ਜਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਨੇ ਜਿਲ੍ਹੇ ਵਿੱਚ ਕੰਮ ਕਰ ਰਹੇ ਸਾਰੇ ਬੈਂਕਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅੰਮ੍ਰਿਤਸਰ ਜਿਲ੍ਹੇ ਦੇ ਸਾਰੇ ਪਿੰਡਾਂ ਨੂੰ ਅਗਲੇ ਤਿੰਨ ਮਹੀਨਿਆਂ ਦੌਰਾਨ ਬੈਂਕਿੰਗ ਖੇਤਰ ਨਾਲ ਸਿੱਧੇ ਤੌਰ ਤੇ ਜੋੜਿਆ ਜਾਵੇ। ਉਨਾਂ ਕਿਹਾ ਕਿ ਜਿਲ੍ਹੇ ਵਿੱਚ 800 ਦੇ ਕਰੀਬ ਪਿੰਡ ਹਨ ਜਦਕਿ ਪੇਂਡੂ ਅਤੇ ਅਰਧ ਸ਼ਹਿਰੀ ਖੇਤਰਾਂ ਵਿੱਚ ਬੈਂਕਾਂ ਦੀਆਂ 263 ਬ੍ਰਾਂਚਾਂ ਹਨ ਜਿਸ ਤੋਂ ਸਪੱਸ਼ਟ ਹੈ ਕਿ ਕਈ ਪਿੰਡ ਬੈਂਕਿੰਗ ਸੇਵਾਵਾਂ ਤੋਂ ਵਾਂਝੇ ਹਨ। ਉਨਾਂ ਕਿਹਾ ਕਿ ਲੋੜਵੰਦ ਲੋਕਾਂ ਨੂੰ ਕਰਜਾ ਦੇਣਾ ਅਤੇ ਉਨਾਂ ਦੀਆਂ ਵਿੱਤੀ ਲੋੜਾਂ ਦੀ ਪੂਰਤੀ ਕਰਨਾ ਬੈਂਕਾ ਦਾ ਮੁੱਢਲਾ ਫਰਜ ਹੈ ਅਤੇ ਇਸ ਵੱਲ ਧਿਆਨ ਦਿੱਤਾ ਜਾਵੇ। ਉਨਾਂ ਬੈਂਕਾਂ ਨੂੰ ਆਪਣੀ ਸਮਾਜਿਕ ਜਿੰਮੇਵਾਰੀ ਨਿਭਾਉਣ, ਛੋਟੇ ਕਿਰਸਾਨਾਂ, ਛੋਟੇ ਵਪਾਰੀਆਂ, ਕਿਰਤੀਆਂ, ਮਜ਼ਦੂਰਾਂ ਅਤੇ ਗਰੁਪ ਫਾਈਨਾਂਨਸ ਨੂੰ ਤਰਜੀਹ ਦੇਣ ਲਈ ਹਦਾਇਤ ਵੀ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੱਡੇ ਕਾਰੋਬਾਰੀਆਂ, ਵੱਡੇ ਕਿਰਸਾਨਾਂ ਅਤੇ ਵਪਾਰੀਆਂ ਕੋਲ ਕਰਜਾ ਲੈਣ ਲਈ ਬਹੁਤ ਸਾਧਨ ਹੁੰਦੇ ਹਨ, ਜਦਕਿ ਆਮ ਲੋਕਾਂ ਜਿਨ੍ਹਾਂ ਨੂੰ ਕਰਜੇ ਦੀ ਵੱਧ ਲੋੜ ਹੁੰਦੀ ਹੈ ਕੋਲ ਕਰਜਾ ਲੈਣ ਦੇ ਸੀਮਿਤ ਸਾਧਨ ਹੁੰਦੇ ਹਨ। ਇਸ ਲਈ ਅਜਿਹੇ ਲੋਕਾਂ ਦੀਆਂ ਲੋੜਾਂ ਦੀ ਪੂਰਤੀ ਲਈ ਬੈਂਕ ਵਿਸ਼ੇਸ਼ ਧਿਆਨ ਦੇਣ। ਉਨਾਂ ਨੇ ਕੋਰੋਨਾ ਤੋਂ ਬਾਅਦ ਬੈਂਕਿੰਗ ਖੇਤਰ ਦੀ ਕਾਰਗੁਜਾਰੀ ਵਿਚ ਹੋਏ ਵਾਧੇ ’ਤੇ ਖੁਸ਼ੀ ਪ੍ਰਗਟ ਕਰਦਿਆਂ ਬੈਂਕਰਾਂ ਨੂੰ ਕਿਹਾ ਕਿ ਉਹ ਇਸ ਤਰੱਕੀ ਦਾ ਲਾਭ ਆਪਣੇ ਕੰਮ ਵਿੱਚ ਵਿਸਥਾਰ ਕਰਕੇ ਹੋਰ ਲੋਕਾਂ ਨੂੰ ਦੇਣ। ਸ੍ਰੀ ਤਲਵਾੜ ਨੇ ਕਿਹਾ ਕਿ ਸਰਕਾਰ ਦੇ ਤਰਜੀਹੀ ਖੇਤਰਾਂ ਵਿੱਚ ਬੈਂਕਾਂ ਨੂੰ ਕੰਮ ਕਰਨ ਦੀ ਲੋੜ ਹੈ ਤਾਂ ਜੋ ਰੋਜ਼ਗਾਰ ਦੇ ਵੱਧ ਮੌਕੇ ਪੈਦਾ ਕੀਤੇ ਜਾ ਸਕਣ। ਸ੍ਰੀ ਤਲਵਾੜ ਨੇ ਸਾਰੇ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਗਾਹਕਾਂ ਨੂੰ ਡਿਜੀਟਲ ਬੈਂਕਿੰਗ ਨਾਲ ਜੋੜਨ ਲਈ ਇਸਦੀ ਵਿਸ਼ੇਸ ਸਿਖਲਾਈ ਦੇਣ ਤਾਂ ਜੋ ਜਿਥੇ ਲੋਕ ਇਸਦਾ ਲਾਹਾ ਲੈ ਸਕਣ ਉਥੇ ਆਨਲਾਈਨ ਹੁੰਦੀ ਧੋਖੇਬਾਜੀ ਤੋਂ ਵੀ ਬਚ ਸਕਣ। ਉਨਾਂ ਕਿਹਾ ਕਿ ਜਵਾਨ ਹੋ ਰਹੇ ਬੱਚੇ ਜਿਨਾਂ ਨੇ ਬਾਲਗ ਹੋਣਾ ਹੈ ਜਾਂ ਹੋ ਚੁਕੇ ਹਨ ਨੂੰ ਵੀ ਬੈਂਕਾਂ ਦੀਆਂ ਸੇਵਾਵਾਂ ਅਤੇ ਡਿਜੀਟਲ ਬੈਂਕਿੰਗ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਜਾਵੇ। ਇਸ ਮੌਕੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਅਧਿਕਾਰੀ ਸ੍ਰੀਮਤੀ ਗਰਿਮਾ, ਲੀਡ ਬੈਂਕ ਮੈਨੇਜਰ ਪ੍ਰੀਤਮ ਸਿੰਘ, ਨਾਬਾਰਡ ਦੇ ਡੀ.ਐਮ. ਸ: ਜਸਕੀਰਤ ਸਿੰਘ ਅਤੇ ਹੋਰ ਬੈਂਕਾਂ ਦੇ ਜਿਲ੍ਹਾ ਮੈਨੇਜ਼ਰ ਹਾਜ਼ਰ ਸਨ।