- ਹਰ ਹਫ਼ਤੇ ਦੇ ਸ਼ੁਕਰਵਾਰ ਨੂੰ ਮਨਾਇਆ ਜਾਵੇ ‘ਡਰਾਈ ਡੇਅ’
ਗੁਰਦਾਸਪੁਰ, 19 ਜੂਨ : ਸਿਹਤ ਵਿਭਾਗ ਵਿੱਚ ਮੈਡੀਸਨ ਮਾਹਿਰ ਵਜੋਂ ਸੇਵਾਵਾਂ ਨਿਭਾ ਰਹੇ ਡਾ. ਸੁਖਦੀਪ ਸਿੰਘ ਭਾਗੋਵਾਲੀਆ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਮਲੇਰੀਆ ਤੇ ਡੇਂਗੂ ਦੀ ਬਿਮਾਰੀ ਤੋਂ ਬਚਣ ਲਈ ਆਪਣੇ ਘਰਾਂ ਵਿੱਚ ਤੇ ਆਸ-ਪਾਸ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਕੱਠਾ ਹੋਇਆ ਹੀ ਪਾਣੀ ਮਲੇਰੀਆ ਤੇ ਡੇਂਗੂ ਵਰਗੇ ਮੱਛਰਾਂ ਦਾ ਕਾਰਨ ਬਣਦਾ ਹੈ, ਇਸ ਲਈ ਸਾਵਧਾਨੀ ਵਰਤਣ ਦੀ ਲੋੜ ਹੈ। ਡਾ. ਸੁਖਦੀਪ ਸਿੰਘ ਭਾਗੋਵਾਲੀਆ ਨੇ ਕਿਹਾ ਕਿ ਹਫ਼ਤੇ ਦੇ ਹਰ ਸ਼ੁਕਰਵਾਰ ਨੂੰ ‘ਡਰਾਈ ਡੇ’ ਵਜੋਂ ਮਨਾਉਂਦੇ ਹੋਏ ਆਪਣੇ ਘਰਾਂ ਵਿੱਚਲੇ ਕੂਲਰ, ਗਮਲਿਆਂ, ਫਰਿੱਜਾਂ ਦੀਆਂ ਟਰੇਆਂ ਆਦਿ ਵਿਚੋਂ ਪਾਣੀ ਸੁਕਾਇਆ ਜਾਵੇ ਤਾਂ ਜੋ ਪਾਣੀ ਦੇ ਕਾਰਨ ਮੱਛਰ ਪੈਦਾ ਨਾ ਹੋ ਸਕਣ। ਉਨਾਂ ਕਿਹਾ ਕਿ ਟਾਇਰ-ਟਿਊਬਾਂ, ਕੂਲਰਾਂ, ਟੁੱਟੇ ਭਾਂਡਿਆਂ, ਕੂਲਰਾਂ ਆਦਿ ਵਿੱਚ ਵੀ ਪਾਣੀ ਨਾ ਖੜਾ ਹੋਣ ਦਿੱਤਾ ਜਾਵੇ। ਉਨਾਂ ਕਿਹਾ ਕਿ ਡੇਂਗੂ, ਮਲੇਰੀਆ ਤੋਂ ਬਚਣ ਲਈ ਮੱਛਰਾਂ ਕੋਲੋਂ ਆਪਣਾ ਬਚਾਅ ਕੀਤਾ ਜਾਵੇ ਅਤੇ ਰਾਤ ਨੂੰ ਸੌਣ ਸਮੇਂ ਸਰੀਰ ਨੂੰ ਢੱਕਿਆ ਜਾਵੇ। ਉਨਾਂ ਕਿਹਾ ਕਿ ਮੱਛਰਦਾਰੀ ਜਾਂ ਮੱਛਰ ਭਜਾਊ ਕਰੀਮਾਂ ਆਦਿ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਡਾ. ਭਾਗੋਵਾਲੀਆ ਨੇ ਦੱਸਿਆ ਕਿ ਸਿਵਲ ਹਸਪਤਾਲ ਗੁਰਦਾਸਪੁਰ, ਬਟਾਲਾ ਵਿਚ ਮਲੇਰੀਆ, ਡੇਂਗੂ ਦੇ ਸਾਰੇ ਟੈਸਟ ਫ੍ਰੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਮਰੀਜ਼ ਨੂੰ ਡੇਂਗੂ ਜਾਂ ਮਲੇਰੀਆ ਦੀ ਬਿਮਾਰੀ ਦੇ ਲੱਛਣ ਦਿਖਾਈ ਦੇਣ ਤਾਂ ਉਸ ਨੂੰ ਇਲਾਜ ਲਈ ਤੁਰੰਤ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿਖੇ ਲਿਆਂਦਾ ਜਾਵੇ।