ਗੁਰਦਾਸਪੁਰ, 3 ਅਕਤੂਬਰ 2024 : ਡਿਪਟੀ ਕਮਿਸ਼ਨਰ, ਸ੍ਰੀ ਉਮਾ ਸ਼ੰਕਰ ਗੁਪਤਾ ਦੀ ਅਗਵਾਈ ਹੇਠ ਜ਼ਿਲਾ ਪ੍ਰਸ਼ਾਸਨ ਵਲੋਂ ਝੋਨੇ ਦੇ ਨਾੜ ਦੇ ਯੋਗ ਪ੍ਰਬੰਧਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦੇ ਚੱਲਦਿਆਂ ਵੱਖ-ਵੱਖ ਪਿੰਡਾਂ ਵਿਚੋਂ ਯੋਗ ਢੰਗ ਨਾਲ ਨਾੜ/ਪਰਾਲੀ ਇਕੱਠੀ (ਗੱਠਾਂ) ਕੀਤੀ ਜਾ ਚੁੱਕੀ ਹੈ। ਪਰਾਲੀ ਦੇ ਪ੍ਰਬੰਧਨ ਬਾਰੇ ਗੱਲ ਵਧੀਕ ਡਿਪਟੀ ਕਮਿਸ਼ਨਰ (ਜ), ਸੁਰਿੰਦਰ ਸਿੰਘ ਨੇ ਦੱਸਿਆ ਕਿ ਛੋਟੇ ਕਿਸਾਨ ਜੋ ਟਰੈਕਟਰ ਜਾਂ ਸੁਪਰਸੀਡਰ ਲੈਣ ਤੋਂ ਅਸਮਰੱਥ ਹਨ, ਉਨਾਂ ਕਿਸਾਨਾਂ ਲਈ ਬੇਲਰ ਨਾਲ ਪਰਾਲੀ ਸੰਭਾਲਣੀ ਬਹੁਤ ਵਧੀਆ ਰਸਤਾ ਹੈ। ਉਨਾਂ ਦੱਸਿਆ ਕਿ ਬੇਲਰ ਮਾਲਕ ਵਲੋਂ ਖੇਤਾਂ ਵਿਚੋ ਪਰਾਲੀ ਇਕੱਠੀ ਕੀਤੀ ਜਾ ਰਹੀ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਡੇਰਾ ਬਾਬਾ ਨਾਨਕ ਬਲਾਕ ਵਿੱਚੋ ਬੇਲਰਾਂ ਰਾਹੀਂ ਪਿੰਡ ਦਬੁਰਜੀ ਤੋਂ 5 ਏਕੜ, ਪਿੰਡ ਅਕਰਪੁਰਾ ਤੋਂ 10.5 ਏਕੜ ਅਤੇ ਉਦੋਵਾਲੀ ਕਲਾਂ ਤੋਂ 12 ਏਕ ਵਿਚੋਂ ਪਰਾਲੀ ਇਕੱਠੀ ਕੀਤੀ ਗਈ। ਵਧੀਕ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ/ਨਾੜ ਨੂੰ ਅੱਗ ਨਾ ਲਗਾਉਣ। ਖੇਤੀਬਾੜੀ ਵਿਭਾਗ ਵਲੋਂ ਪਰਾਲੀ ਦੇ ਪ੍ਰਬੰਧਨ ਲਈ ਯੋਗ ਪ੍ਰਬੰਧ ਕੀਤੇ ਹਨ ਅਤੇ ਜੇਕਰ ਕਿਸੇ ਕਿਸਾਨ ਨੂੰ ਪਰਾਲੀ ਦੇ ਪ੍ਰਬੰਧਨ ਸਬੰਧੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਨੇੜਲੇ ਖੇਤੀਬਾੜੀ ਵਿਭਾਗ ਦੇ ਦਫਤਰ ਨਾਲ ਸੰਪਰਕ ਕਰ ਸਕਦੇ ਹਨ ਜਾਂ ਹੈਲਪ ਲਾਈਨ ਨੰਬਰ 1800-180-1852 'ਤੇ ਸੰਪਰਕ ਕੀਤਾ ਜਾ ਸਕਦਾ ਹੈl