ਪੱਟੀ, 13 ਅਪ੍ਰੈਲ : ਲੋਕ ਸਭਾ ਹਲਕਾ ਸ੍ਰੀ ਖੰਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੇ ਪੱਟੀ ਵਿਖੇ ਇੱਕ ਚੋਣ ਰੈਲੀ ‘ਚ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਬਾਰੇ ਕੀਤੀਆਂ ਇਤਰਾਜਯੋਗ ਟਿੱਪਣੀਆਂ ਤੋਂ ਬਾਅਦ ਸੂਬੇ ਭਰ ਵਿੱਚ ਇਸ ਗੱਲ ਦਾ ਵਿਰੋਧ ਹੋਣਾਂ ਸ਼ੁਰੂ ਗਿਆ, ਜਿਸ ਦਾ ਇੱਕ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਲਾਲਜੀਤ ਸਿੰਘ ਭੁੱਲਰ ਵੱਲੋਂ ਕੀਤੀਆਂ ਇੰਨ੍ਹਾਂ ਟਿੱਪਣੀਆਂ ਦੀ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੋਂ ਮੁਆਫੀ ਮੰਗੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਭਾਈਚਾਰੇ ਬਾਰੇ ਨਹੀਂ ਬੋਲ ਰਹੇ, ਸਾਰੀਆਂ ਬਰਾਦਰੀਆਂ ਉਨ੍ਹਾਂ ਦੇ ਪਰਿਵਾਰਾਂ ਵਾਂਗ ਹਨ, ਉਨ੍ਹਾਂ ਦੇ ਸ਼ਬਦ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਲਈ ਹੀ ਸਨ। ਉਨ੍ਹਾਂ ਕਿਹਾ ਇਹ ਸਾਬਕਾ ਐੱਮ.ਐੱਲ.ਏ. ਮੇਰੇ ਬਾਰੇ ਤੇ ਮੇਰੇ ਬੱਚਿਆਂ ਬਾਰੇ ਨਾਜਾਇਜ਼ ਗੱਲਾਂ ਕਰਦਾ ਹੈ ਤਾਂ ਮੇਰੇ ਕੋਲੋਂ ਜਜ਼ਬਾਤੀ ਹੋ ਕੇ ਉਹ ਗੱਲਾਂ ਮੂੰਹੋਂ ਨਿਕਲ ਗਈਆਂ। ਮੈਂ ਹੱਥ ਜੋੜ ਕੇ ਆਪਣੇ ਭਰਾਵਾਂ ਤੋਂ ਮਾਫੀ ਮੰਗਦਾਂ ਹਾਂ। ਸਾਰੇ ਭਾਈਚਾਰਿਆਂ ਦੇ ਲੋਕ ਮੇਰੇ ਪਰਿਵਾਰਾਂ ਵਾਂਗ ਹਨ ਜੇ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਸਿਰ ਝੁਕਾ ਕੇ ਮਾਫੀ ਮੰਗਦਾ ਹਾਂ।