ਬਟਾਲਾ, 4 ਸਤੰਬਰ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੇਤਰੀ ਕੇਂਦਰ, ਗੁਰਦਾਸਪੁਰ ਵਿਖੇ 12 ਸਤੰਬਰ, 2023 ਨੂੰ ‘ਖੇਤਰੀ ਕਿਸਾਨ ਮੇਲਾ’ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੇਤਰੀ ਕੇਂਦਰ ਦੇ ਨਿਰਦੇਸ਼ਕ ਡਾ ਭੁਪਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਮੇਲੇ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਕੀਤੀਆਂ ਨਵੀਆਂ ਸਿਫਾਰਿਸ਼ਾ ਅਤੇ ਤਕਨੀਕਾਂ ਦੀ ਜਾਣਕਾਰੀ ਦਿੱਤੀ ਜਾਵੇਗੀ। ਉਨਾਂ ਅੱਗੇ ਦੱਸਿਆ ਕਿ ਮੇਲੇ ਵਿਚ ਮਾਹਿਰਾਂ ਵੱਲੋਂ ਖੇਤੀ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ ਅਤੇ ਖੇਤੀ ਸੰਬੰਧੀ ਵਿਸ਼ਿਆਂ ਤੇ ਮਾਹਿਰਾਂ ਨਾਲ ਗੋਸ਼ਟੀ ਦਾ ਪ੍ਰਬੰਧ ਕੀਤਾ ਜਾਵੇਗਾ।ਕਿਸਾਨ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਮਾਹਿਰਾਂ ਨਾਲ ਵਿਚਾਰ ਵਿਟਾਦਰਾ ਕਰ ਸਕਣਗੇ। ਉਨ੍ਹਾਂ ਅੱਗੇ ਦੱਸਿਆ ਕਿ ਕਿਸਾਨ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ, ਸ੍ਰੀ ਲਾਲ ਚੰਦ ਕਟਾਰੂਚੱਕ ਸ਼ਾਮਲ ਹੋਣਗੇ। ਡਾ. ਸਤਬੀਰ ਸਿੰਘ ਗੋਸਲ ਉਪ ਕੁਲਪਤੀ,ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੇਲੇ ਦੀ ਪ੍ਰਧਾਨਗੀ ਕਰਨਗੇ। ਡਾ ਭੁਪਿੰਦਰ ਸਿੰਘ ਢਿੱਲੋਂ ਵੱਲੋਂ ਕਿਸਾਨਾਂ ਨੂੰ ਮੇਲੇ ਤੋਂ ਭਰਪੂਰ ਫਾਇਦਾ ਲੈਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੇਤਰੀ ਕੇਂਦਰ, ਗੁਰਦਾਸਪੁਰ ਵਿਖੇ 12 ਸਤੰਬਰ ਨੂੰ ਹੁੰਮ ਹੁੰਮਾਂ ਕੇ ਪਹੁੰਚਣ ਦੀ ਅਪੀਲ ਕੀਤੀ ਹੈ।