- ਨੇਚਰ ਟਰਾਇਲ, ਪੈਡਲ ਬੋਟਿੰਗ ਅਤੇ ਪ੍ਰਵਾਸੀ ਪੰਛੀਆਂ ਬਾਰੇ ਜਾਣਕਾਰੀ ਦੇਣ ਵਾਲੇ ਬੋਰਡ ਹੋਣਗੇ ਖਿੱਚ ਦਾ ਕੇਂਦਰ
- ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਜੰਗਲ਼ੀ-ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀ ਦੇ ਨਾਲ ਕੇਸ਼ੋਪੁਰ ਛੰਬ ਦਾ ਦੌਰਾ ਕੀਤਾ
ਗੁਰਦਾਸਪੁਰ, 19 ਜੂਨ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੇਸ਼ ਦੇ ਸਭ ਤੋਂ ਪਹਿਲੇ ਕਮਿਊਨਿਟੀ ਰਿਜ਼ਰਵ ਕੇਸ਼ੋਪੁਰ ਛੰਬ ਨੂੰ ਪ੍ਰਮੁੱਖ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰਨ ਲਈ ਉਪਰਾਲੇ ਅਰੰਭੇ ਗਏ ਹਨ। ਕੇਸ਼ੋਪੁਰ ਛੰਬ ਨੂੰ ਵਿਕਸਤ ਕਰਨ ਲਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਜੰਗਲੀ-ਜੀਵ ਤੇ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਰਾਮਸਰ ਸਾਈਟ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਕੇਸ਼ੋਪੁਰ ਛੰਬ ਦਾ ਨਿਰੀਖਣ ਕਰਨ ਉਪਰੰਤ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਇਸ ਸਾਲ ਨਵੰਬਰ ਤੱਕ ਕੇਸ਼ੋਪੁਰ ਛੰਬ ਨੂੰ ਪ੍ਰਮੁੱਖ ਟੂਰਿਸਟ ਡੈਸਟੀਨੇਸ਼ਨ ਵਜੋਂ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ-ਪਹਿਲਾਂ ਏਥੇ ਨੇਚਰ ਟਰਾਇਲ, ਪੈਡਲ ਬੋਟਿੰਗ ਅਤੇ ਪ੍ਰਵਾਸੀ ਪੰਛੀਆਂ ਬਾਰੇ ਜਾਣਕਾਰੀ ਦੇਣ ਵਾਲੇ ਬੋਰਡ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਕੇਸ਼ੋਪੁਰ ਛੰਬ ਦੇ ਵਿਆਖਿਆ ਕੇਂਦਰ ਨੂੰ ਵੀ ਹੋਰ ਵਿਕਸਤ ਕੀਤਾ ਜਾਵੇਗਾ ਤਾਂ ਜੋ ਏਥੇ ਕੁਦਰਤ ਅਤੇ ਪਰਵਾਸੀ ਪੰਛੀਆਂ ਦਾ ਅਨੰਦ ਮਾਨਣ ਆਉਣ ਵਾਲੇ ਵਿਅਕਤੀਆਂ ਨੂੰ ਕੇਸ਼ੋਪੁਰ ਛੰਬ ਅਤੇ ਏਥੇ ਆਉਣ ਵਾਲੇ ਪੰਛੀਆਂ ਬਾਰੇ ਮੁਕੰਮਲ ਜਾਣਕਾਰੀ ਮਿਲ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੇਸ਼ੋਪੁਰ ਛੰਬ, ਗੁਰਦਾਸਪੁਰ ਸ਼ਹਿਰ ਤੋਂ 5 ਕਿਲੋਮੀਟਰ ਦੂਰ ਬਹਿਰਾਮਪੁਰ ਸੜਕ ’ਤੇ ਸਥਿਤ ਹੈ ਅਤੇ ਇਹ ਕੇਸ਼ੋਪੁਰ, ਮਿਆਣੀ, ਡੱਲਾ, ਮੱਟਮ ਤੇ ਮਗਰ ਮੂੰਧੀਆਂ ਨਾਂਅ ਦੇ ਪਿੰਡਾਂ ਤੱਕ 850 ਏਕੜ ਰਕਬੇ ਵਿੱਚ ਇਹ ਛੰਬ ਫੈਲੀ ਹੋਈ ਹੈ। ਇੱਥੇ ਛੋਟੇ ਤੇ ਵੱਡੇ ਕੁਦਰਤੀ ਤਲਾਬ ਹਨ, ਜਿਨ੍ਹਾਂ ’ਚ ਬਹੁਤਾ ਪਾਣੀ ਨਹੀਂ ਹੁੰਦਾ। ਉਨ੍ਹਾਂ ਦੱਸਿਆ ਕਿ ਕੇਸ਼ੋਪੁਰ ਛੰਬ ਦਾ ਪੂਰਾ ਨਾਂਅ ਮਾਰਚ 2013 ’ਚ ‘ਕੇਸ਼ੋਪੁਰ ਛੰਬ ਕਮਿਊਨਿਟੀ ਰਿਜ਼ਰਵ’ ਰੱਖਿਆ ਗਿਆ ਸੀ ਅਤੇ ਇਹ ਹੁਣ ਰਾਮਸਰ ਸਾਈਟ ਵਿੱਚ ਸ਼ੁਮਾਰ ਹੈ। ਵਣ-ਜੀਵਨ ਵਿਭਾਗ ਨੇ ਇਸ ਨੂੰ ਪੰਛੀਆਂ ਦੀ ਰੱਖ ਵਜੋਂ ਵਿਕਸਤ ਕਰਨ ਦਾ ਫ਼ੈਸਲਾ ਕੀਤਾ ਸੀ। ਪ੍ਰਵਾਸੀ ਪੰਛੀ ਹਰ ਸਾਲ ਠੰਢ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਮੱਧ-ਪੂਰਬੀ ਦੇਸ਼ਾਂ, ਸਾਈਬੇਰੀਆ ਦੇ ਬਰਫ਼ਾਨੀ ਮੈਦਾਨਾਂ, ਅਫ਼ਗ਼ਾਨਿਸਤਾਨ, ਤਿੱਬਤ, ਚੀਨ ਤੇ ਰੂਸ ਜਿਹੇ ਦੇਸ਼ਾਂ ਤੋਂ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤਹਿ ਕਰਕੇ ਕੇਸ਼ੋਪੁਰ ਛੰਬ ਪਹੁੰਚਦੇ ਹਨ। ਇਹ ਪ੍ਰਵਾਸੀ ਪੰਛੀ ਮਾਰਚ ਮਹੀਨੇ ਦੇ ਅੱਧ ਤੱਕ ਇਥੇ ਹੀ ਰਹਿੰਦੇ ਹਨ ਅਤੇ ਗਰਮੀ ਵੱਧਣ ਦੇ ਨਾਲ ਹੀ ਆਪੋ-ਆਪਣੇ ਦੇਸ਼ਾਂ ਨੂੰ ਪਰਤ ਜਾਂਦੇ ਹਨ। ਇੱਥੇ ਕਰੀਬ 60 ਤੋਂ ਵੱਧ ਪ੍ਰਜਾਤੀਆਂ ਦੇ ਪੰਛੀ ਆਉਂਦੇ ਹਨ ਜਿਨ੍ਹਾਂ ਵਿੱਚ ਸਾਰਸ, ਹੰਸ, ਮੁਰਗ਼ਾਬੀਆਂ ਤੇ ਹੋਰ ਬਹੁਤ ਸਾਰੇ ਵਿਦੇਸ਼ੀ ਪੰਛੀ ਸ਼ਾਮਲ ਹਨ। ਦੱਸਣਯੋਗ ਹੈ ਕਿ ਹਰ ਸਾਲ ਸਰਦੀ ਦੇ ਮੌਸਮ ਵਿਚ ਔਸਤਨ 25 ਤੋਂ 30 ਹਜ਼ਾਰ ਪ੍ਰਵਾਸੀ ਪੰਛੀ ਇਥੇ ਆਉਂਦੇ ਹਨ। ‘ਵਰਲਡ ਵਾਈਡ ਫ਼ੰਡ’ ਦੀ ਭਾਰਤੀ ਇਕਾਈ ਵੱਲੋਂ ਹਰ ਸਾਲ ਜਨਵਰੀ-ਫਰਵਰੀ ਦੇ ਮਹੀਨੇ ਪ੍ਰਵਾਸੀ ਪੰਛੀਆਂ ਦੀ ਗਿਣਤੀ ਕੀਤੀ ਜਾਂਦੀ ਹੈ ਅਤੇ ਇਹ ਰਿਕਾਰਡ ਰੱਖਿਆ ਜਾਂਦਾ ਹੈ ਕਿ ਕਿਹੜੀ-ਕਿਹੜੀ ਪ੍ਰਜਾਤੀ ਦੇ ਕਿੰਨੇ ਪ੍ਰਵਾਸੀ ਪੰਛੀਆਂ ਨੇ ਇਥੇ ਪ੍ਰਵਾਸ ਕੀਤਾ ਹੈ। ਕੇਸ਼ੋਪੁਰ ਛੰਬ ਪ੍ਰਵਾਸੀ ਪੰਛੀਆਂ ਲਈ ਕਿਸੇ ਸਵਰਗ ਨਾਲੋਂ ਘੱਟ ਨਹੀਂ ਹੈ। ਇਹੀ ਕਾਰਨ ਹੈ ਕਿ ਸਾਈਬੇਰੀਆ ਦੇ ਬਰਫਾਨੀ ਇਲਾਕੇ ਦੇ ਪੰਛੀ ਸਾਰਸ ਕਰੇਨ ਇਥੇ ਵੱਡੀ ਗਿਣਤੀ ਵਿੱਚ ਪਹੁੰਚਦੇ ਹਨ। ਕੇਸ਼ੋਪੁਰ ਛੰਬ ਵਿਖੇ ਸੈਲਾਨੀਆਂ ਅਤੇ ਪੰਛੀ ਪ੍ਰੇਮੀਆਂ ਦੀ ਸਹੂਲਤ ਸਹਾਇਤਾ ਲਈ ਪੰਜਾਬ ਸਰਕਾਰ ਵੱਲੋਂ 5 ਕਰੋੜ ਰੁਪਏ ਦੀ ਲਾਗਤ ਨਾਲ ਬਹੁਤ ਖੂਬਸੂਰਤ ਵਿਆਖਿਆ ਕੇਂਦਰ ਬਣਾਇਆ ਗਿਆ ਹੈ, ਜਿਥੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਕੇਸ਼ੋਪੁਰ ਛੰਬ ਅਤੇ ਇਥੇ ਆਉਣ ਵਾਲੇ ਪ੍ਰਵਾਸੀ ਪੰਛੀਆਂ ਬਾਰੇ ਵਿਸਥਾਰ ਜਾਣਕਾਰੀ ਦਿੱਤੀ ਜਾਂਦੀ ਹੈ। ਕੇਸ਼ੋਪੁਰ ਛੰਬ ਵਿੱਚ ਸੂਬਾ ਸਰਕਾਰ ਵੱਲੋਂ ਉੱਚੇ ਟਾਵਰ ਵੀ ਬਣਾਏ ਗਏ ਹਨ ਅਤੇ ਦੂਰਬੀਨ ਦੀ ਸਹੂਲਤ ਦਿੱਤੀ ਗਈ ਹੈ ਤਾਂ ਜੋ ਪੰਛੀ ਪ੍ਰੇਮੀ ਪੰਛੀਆਂ ਨੂੰ ਨੇੜੇ ਤੋਂ ਨੀਝ ਨਾਲ ਦੇਖ ਸਕਣ।