- ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਪੁਲਿਸ ਵਿਭਾਗ ਦੇ ਵੱਖ- ਵੱਖ ਅਧਿਕਾਰੀਆਂ ਨਾਲ ਮੀਟਿੰਗ
ਗੁਰਦਾਸਪੁਰ, 25 ਸਤੰਬਰ 2024 : ਝੋਨੇ ਦੀ ਫਸਲ ਦੀ ਕਟਾਈ ਤੋਂ ਪਹਿਲਾਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਪ੍ਰਤੀ ਸੁਚੇਤ ਕਰਨ ਲਈ ਪੁਲਿਸ ਤੇ ਸਿਵਲ ਵਿਭਾਗ ਦੇ ਅਧਿਕਾਰੀਆਂ ਦੀਆਂ ਸਾਂਝੀਆਂ ਟੀਮਾਂ ਪਿੰਡ ਵਿੱਚ ਜਾਣ ਅਤੇ ਕਿਸਾਨਾ ਨੂੰ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਲਈ ਜਾਗਰੂਕ ਕਰਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਉਮਾ ਸ਼ੰਕਰ ਗੁਪਤਾ ਨੇ ਪੁਲਿਸ ਵਿਭਾਗ ਦੇ ਵੱਖ- ਵੱਖ ਅਧਿਕਾਰੀਆਂ ਨਾਲ ਮੀਟਿੰਗ ਕਰਦਿਆ ਕੀਤਾ। ਇਸ ਮੌਕੇ ਐਸ.ਐਸ.ਪੀ. ਗੁਰਦਾਸਪੁਰ ਹਰੀਸ਼ ਦਾਯਮਾ,ਵਧੀਕ ਡਿਪਟੀ ਕਮਿਸ਼ਨਰ (ਜ) ਸੁਰਿੰਦਰ ਸਿੰਘ, ਐਸ.ਡੀ.ਐਮ.ਦੀਨਾਨਗਰ ਜਸਪਿੰਦਰ ਸਿੰਘ,ਐਸ.ਡੀ.ਐਮ.ਕਲਾਨੌਰ ਜਯੋਤਸਨਾ ਸਿੰਘ, ਐਸ.ਪੀ.(ਐਚ) ਬੀ.ਐਸ.ਰੰਧਾਵਾ, ਸੁਰਿੰਦਰਪਾਲ ਮੁੱਖ ਖੇਤੀਬਾੜੀ ਅਫਸਰ, ਸਮੂਹ ਡੀ.ਐਸ.ਪੀਜ਼ ਅਤੇ ਐਸ.ਐਚ.ਓਜ਼. ਆਦਿ ਹਾਜ਼ਰ ਸਨ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਵਲ ਤੇ ਪੁਲਿਸ ਵਿਭਾਗ ਦੀਆਂ ਸਾਂਝੀਆਂ ਟੀਮਾਂ ਵੱਲੋਂ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪੁਲਿਸ ਤੇ ਸਿਵਲ ਵਿਭਾਗ ਦੀਆਂ ਸਾਂਝੀਆਂ ਟੀਮਾਂ ਜਾਣ ਨਾਲ ਪਰਾਲੀ ਸਾੜਨ ਦੇ ਰੁਝਾਨ ਨੂੰ ਠੱਲ ਪਵੇਗੀ ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ, ਪਰਾਲੀ ਨਾ ਸਾੜਨ ਲਈ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਕਿਸਾਨਾਂ ਨਾਲ ਮਿਲਕੇ ਉਨ੍ਹਾਂ ਦੀਆਂ ਮੁਸਕਿਲਾਂ ਸੁਣਕੇ ਹੱਲ਼ ਕੀਤੀਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਰੀਬ ਅਗਲੇ 10 ਦਿਨ੍ਹਾਂ ਬਆਦ ਪੂਰੇ ਜ਼ਿਲੇ ਵਿੱਚ ਝੋਨੇ ਦੀ ਫਸਲ ਦੀ ਕਟਾਈ ਦਾ ਸੀਜਨ ਸਿਖਰਾਂ ਤੇ ਪੁੱਜ ਜਾਵੇਗਾ, ਇਸ ਲਈ ਪ੍ਰੋ-ਐਕਟਿਵ ਅਪਰੋਚ ਨਾਲ ਇਨ੍ਹਾਂ 10 ਦਿਨ੍ਹਾਂ ਵਿੱਚ ਵੱਧ ਤੋ ਵੱਧ ਜ਼ਿਲ੍ਹੇ ਦੇ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ । ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਪਿਛਲੇ ਸਾਲ ਵੀ ਜਿਲ੍ਹਾ ਪ੍ਰਸ਼ਾਸਨ ਵੱਲ਼ੋਂ ਸਾਂਝੇ ਯਤਨਾਂ ਨਾਲ ਪਰਾਲੀ ਨੂੰ ਅੱਗ ਲਗਾਉਣ ਦੇ ਰੁਝਾਨ ਨੂੰ ਠੱਲ ਪਾਈ ਗਈ ਸੀ ਅਤੇ ਹੁਣ ਹੋਰ ਜ਼ਿੰਮੇਵਾਰੀ ਨਾਲ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਿਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਇਹ ਕੋਸ਼ਿਸ਼ ਹੈ ਕਿ ਇਸ ਸਾਲ ਝੋਨੇ ਦੀ ਫਸਲ ਦੀ ਕਟਾਈ ਤੋਂ ਪਹਿਲਾਂ, ਹੋਰ ਤੇਜ਼ੀ ਨਾਲ ਸਰਗਰਮੀ ਵਿਖਾ ਕੇ ਪਰਾਲੀ ਸਾੜਨ ਦੇ ਰੁਝਾਨ ਨੂੰ ਰੋਕਿਆ ਜਾਵੇ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਐਸ.ਡੀ.ਐਮਜ਼, ਡੀ.ਐਸ.ਪੀਜ਼, ਐਸ.ਐਚ.ਓ, ਰੈਵਨਿਓ ਤੇ ਖੇਤੀਬਾੜੀ ਵਿਭਾਗ ਦੀਆ ਸਾਂਝੀਆਂ ਟੀਮਾਂ ਰੋਜਾਨਾ ਘੱਟ ਤੋ ਘੱਟ 6-7 ਪਿੰਡਾਂ ਵਿੱਚ ਜਾਣ, ਮੋਹਤਬਰਾਂ, ਕਿਸਾਨ,ਨੰਬਰਦਾਰਾਂ ਤੇ ਚੋਕੀਦਾਰਾਂ ਨਾਲ ਗੱਲ ਬਾਤ ਕਰਨ ਅਤੇ ਉਨ੍ਹਾਂ ਦੀ ਮੁਸ਼ਕਲਾਂ ਸੁਣੀਆਂ ਜਾਣ ਤਾਂ ਜੋ ਸਮੇਂ ਰਹਿੰਦੇ ਕਿਸਾਨਾਂ ਦੀਆਂ ਮੁਸ਼ਕਿਲਾ ਦੂਰ ਕੀਤੀਆਂ ਜਾ ਸਕਣ। ਇਸ ਮੌਕੇ ਐਸ.ਐਸ.ਪੀ. ਗੁਰਦਾਸਪੁਰ ਹਰੀਸ਼ ਦਾਯਮਾ ਨੇ ਕਿਹਾ ਕਿ ਪੁਲਿਸ ਤੇ ਸਿਵਲ ਵਿਭਾਗ ਦੀਆਂ ਸਾਂਝੀਆਂ ਟੀਮਾਂ ਵੱਲ਼ੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਵਿਜਿਟ ਕਰਨ ਨਾਲ ਜਿਲ਼੍ਹਾ ਪ੍ਰਸ਼ਾਸਨ ਵੱਲ਼ੋਂ ਚਲਾਈ ਜਾ ਰਹੀ ਮੁਹਿੰਮ ਹਾਂ ਪੱਖੀ ਹੁੰਗਾਰਾ ਮਿਲੇਗਾ ਤੇ ਲੋਕਾਂ ਵਿਚ ਸੁਨੇਹਾ ਜਾਵੇਗਾ ਕਿ ਜ਼ਿਲ੍ਹ ਪ੍ਰਸ਼ਾਸਨ ਕਿਸਾਨਾਂ ਦੇ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਦੀ ਕੋਸ਼ਿਸ ਰਹੇਗੀ ਕਿ ਕਿਸਾਨਾਂ ਦੇ ਸਹਿਯੋਗ ਨਾਲ ਪਰਾਲੀ ਨਾ ਸਾੜਨ ਦੀ ਮੁਹਿੰਮ ਨੂੰ ਸਫਲ ਬਣਾਇਆ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸੁਰਿੰਦਰ ਸਿੰਘ ਨੇ ਕਿਹਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨਾਲ ਮੀਟਿੰਗਾਂ ਕੀਤੀਆ ਜਾ ਰਹੀਆਂ ਅਤੇ ਖਾਸ ਕਰਕੇ ਹਾਟ ਸਪਾਟ ਪਿੰਡਾਂ, ਜਿੱਥੇ ਪਿਛਲੇ ਸਾਲ ਜਿਨ੍ਹਾਂ ਕਿਸਾਨਾਂ ਵਲੋਂ ਅੱਗ ਲਗਾਈ ਗਈ ਸੀ, ਉਨ੍ਹਾਂ ਪਿੰਡਾਂ ਵਿੱਚ ਵਿਸ਼ੇਸ ਤੌਰ ਤੇ ਜਾ ਕੇ ਕਿਸਾਨਾਂ ਨਾਲ ਮਿਲ ਕੇ ਉਨ੍ਹਾਂ ਦੀ ਮੁਸ਼ਕਿਲਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਤੇ ਖਾਸ ਕਰਕੇ ਛੋਟੇ ਕਿਸਾਨਾਂ ਨੂੰ ਖੇਤੀ ਮਸੀਨਰੀ ਮੁਹੱਈਆਂ ਕਰਵਾਉਣ ਲਈ ਸਬੰਧਤ ਵਿਭਾਗਾਂ ਨੂੰ ਦਿਸ਼ਾ –ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਇਸ ਮੌਕੇ ਪੁਲਿਸ ਤੇ ਸਿਵਲ ਵਿਭਾਗ ਦੇ ਵੱਖ- ਵੱਖ ਅਧਿਕਾਰੀਆਂ ਵਲੋਂ ਵੀ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਆਪਣੇ ਵਿਚਾਰ ਰੱਖੇ ਗਏ।