- ਹੜ੍ਹ ਪੀੜ੍ਹਤਾਂ ਦੇ ਘਰ-ਘਰ ਜਾ ਕੇ ਇਲਾਜ ਕਰ ਰਹੇ ਹਨ ਸਿਹਤ ਕਾਮੇ
ਗੁਰਦਾਸਪੁਰ, 22 ਅਗਸਤ : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਵਿਭਾਗ ਗੁਰਦਾਸਪੁਰ ਦਾ ਸਮੂਹ ਅਮਲਾ ਲਗਾਤਾਰ ਜੰਗੀ ਪੱਧਰ ਤੇ ਹੜ੍ਹ ਦੀ ਮਾਰ ਹੇਠ ਆਏ ਲੋਕਾਂ ਨੂੰ ਘਰ-ਘਰ ਜਾ ਕੇ ਸਿਹਤ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਸਿਹਤ ਵਿਭਾਗ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਹੜ੍ਹ ਪੀੜਿਤ ਲੋਕਾਂ ਨੂੰ ਹੈਜਾ, ਦਸਤ, ਡੇਂਗੂ, ਮਲੇਰੀਆ, ਚਮੜੀ ਰੋਗ ਅਤੇ ਆਈ ਫਲੂ ਆਦਿ ਤੋਂ ਬਚਾਉਣ ਲਈ ਪਿੰਡਾਂ ਵਿਚ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਵੱਲੋਂ ਮੈਡੀਕਲ ਕੈਂਪ ਲਗਾ ਕੇ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆ ਹਨ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਹੜ੍ਹ ਪ੍ਰਭਾਵਤ ਖੇਤਰ ਵਿੱਚ ਲੱਗੇ ਇਨ੍ਹਾਂ ਕੈਂਪਾਂ ਦਾ ਮੌਕੇ ’ਤੇ ਜਾ ਕੇ ਨਿਰੀਖਣ ਕੀਤਾ ਜਾ ਰਿਹਾ ਹੈ। ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਭਾਂਵੇ ਪਾਣੀ ਉਤਰ ਗਿਆ ਹੈ ਪ੍ਰੰਤੂ ਉਸ ਤੋਂ ਬਾਅਦ ਹੜ੍ਹ ਦੇ ਪਾਣੀ ਕਾਰਨ ਕਈ ਮਾਰੂ ਬਿਮਾਰੀਆਂ ਫੈਲਣ ਦਾ ਖ਼ਤਰਾ ਹੁੰਦਾ ਹੈ ਜਿਸ ਤੋਂ ਬਚਣ ਲਈ ਸਿਹਤ ਵਿਭਾਗ ਪਹਿਲਾਂ ਤੋਂ ਹੀ ਆਪਣੀ ਤਿਆਰੀ ਵਿੱਚ ਹੈ। ਉਨ੍ਹਾਂ ਕਿਹਾ ਕਿ ਸਾਫ਼ ਖੜੇ ਪਾਣੀ ਵਿਚ ਡੇਂਗੁ ਮਲੇਰੀਆ ਦਾ ਲਾਰਵਾ ਪੈਦਾ ਨਾ ਹੋਵੇ ਇਸ ਲਈ ਪਿੰਡਾਂ ਅਤੇ ਸ਼ਹਿਰਾਂ ਵਿਚ ਲਗਾਤਾਰ ਸਪਰੇਅ ਅਤੇ ਫੋਗਗਿੰਗ ਕਰਵਾਈ ਜਾ ਰਹੀ ਹੈ। ਪਿੰਡਾਂ ਦੇ ਛੱਪੜਾਂ ਵਿਖੇ ਗੰਬਊਜੀਆ ਮੱਛੀਆਂ ਪਾਈਆਂ ਜਾ ਰਹੀਆਂ ਹਨ। ਹੜ੍ਹਾਂ ਦੇ ਪਾਣੀ ਦੇ ਦੁਸ਼ਪ੍ਰਭਾਵਾਂ ਤੋਂ ਬਚਾਅ ਕਰਨ ਹਿਤ ਘਰ-ਘਰ ਜਾ ਕੇ ਸਿਹਤ ਕਾਮੇ ਕਲੋਰੀਨ ਅਤੇ ਓ.ਆਰ.ਐੱਸ ਅਤੇ ਜ਼ਿੰਕ ਦੀਆਂ ਗੋਲੀਆਂ ਵੰਡ ਰਹੇ ਹਨ। ਆਰ.ਡੀ.ਟੀ. ਕਿੱਟਾਂ ਦਵਾਰਾ ਮਲੇਰੀਏ ਦੀ ਜਾਂਚ ਵੀ ਮੈਡੀਕਲ ਕੈਂਪ ਦੌਰਾਨ ਕੀਤੀ ਜਾ ਰਹੀ ਹੈ। ਜਾਗਰੂਕਤਾ ਮੁਹਿੰਮ ਤਹਿਤ ਪਿੰਡਾਂ ਅਤੇ ਸ਼ਹਿਰੀ ਖੇਤਰ ਵਿਚ ਧਾਰਮਿਕ ਸਥਾਨਾਂ ਤੋਂ ਅਨਾਊਂਸਮੈਂਟਸ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਨੋਡਲ ਅਫਸਰ ਡਾ. ਰੋਮੀ ਰਾਜਾ ਅਤੇ ਕੋ-ਨੋਡਲ ਅਫ਼ਸਰ ਜ਼ਿਲ੍ਹਾ ਐਪੀਡਮੋਲੋਜਿਸਟ ਡਾ. ਪ੍ਰਭਜੋਤ ਕਲਸੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਤਿੰਨ ਦਿਨਾਂ ਵਿਚ ਹੜ੍ਹਾਂ ਨਾਲ ਪ੍ਰਭਾਵਿਤ ਪਿੰਡਾਂ ਵਿਚ ਫੋਗਿੰਗ ਕਰਵਾਉਣ ਦਾ ਟੀਚਾ ਵੀ ਮਿਥਿਆ ਗਿਆ ਹੈ ਜਿਸਦੀ ਪੂਰਤੀ ਲਈ ਅੱਠ ਫੋਗਗਿੰਗ ਟੀਮਾਂ ਬਣਾਈਆਂ ਗਈਆਂ ਹਨ। ਹਰ ਟੀਮ ਰੋਜ਼ਾਨਾਂ ਚਾਰ ਤੋਂ ਪੰਜ ਪਿੰਡਾਂ ਵਿੱਚ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਹਿੱਤ ਫੋਗਿੰਗ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਹੜ੍ਹ ਪ੍ਰਭਾਵਤ ਲੋਕਾਂ ਦੀਆਂ ਸਿਹਤ ਸੇਵਾਵਾਂ ਲਈ ਵਚਨਬੱਧ ਹੈ।