ਗੁਰਦਾਸਪੁਰ, 18 ਅਗਸਤ : ਆਈ ਫਲੂ (ਅੱਖਾਂ ਦੀ ਇਨਫੈਕਸ਼ਨ) ਤੋਂ ਬਚਾਅ ਲਈ ਸਿਹਤ ਵਿਭਾਗ ਨੇ ਲੋਕਾਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਅੱਖਾਂ ਵਿੱਚ ਹੋਣ ਵਾਲੀ ਕਿਸੇ ਵੀ ਤਰਾਂ ਦੀ ਇਨਫੈਕਸ਼ਨ ਨਾਲ ਆਈ ਲਾਲੀ ਲਾਗ ਦੀ ਬਿਮਾਰੀ ਦੀ ਨਿਸ਼ਾਨੀ ਹੈ, ਇਸ ਨੂੰ ਆਈ ਫਲੂ ਵੀ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਖਾਂ ਦਾ ਲਾਲ ਹੋਣਾ, ਅੱਖਾਂ ਵਿੱਚ ਗਿੱਡ ਦਾ ਆਉਣਾ ਅਤੇ ਅੱਖ ਦਾ ਚਿਪਕਣਾ, ਅੱਖਾਂ ਵਿੱਚ ਦਰਦ ਹੋਣਾ ਇਸ ਬਿਮਾਰੀ ਦੇ ਮੁੱਖ ਲੱਛਣ ਹਨ। ਉਨ੍ਹਾਂ ਕਿਹਾ ਕਿ ਇਸ ਇਨਫੈਕਸ਼ਨ ਤੋਂ ਬਚਾਅ ਲਈ ਆਪਣੇ ਹੱਥਾਂ ਨੂੰ ਵਾਰ ਵਾਰ ਧੋਣਾ ਚਾਹੀਦਾ ਹੈ। ਅਜਿਹੀ ਸਮੱਸਿਆ ਆਉਣ ’ਤੇ ਧੁੱਪ ਵਿੱਚ ਜਾਣ ਸਮੇਂ ਐਨਕ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਦੂਸਰੇ ਵਿਅਕਤੀਆਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਇੱਕ ਦੂਜੇ ਦੇ ਤੋਲੀਏ ਆਦਿ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਅੱਖਾਂ ਨੂੰ ਮਲਣਾ ਨਹੀਂ ਚਾਹੀਦਾ ਅਤੇ ਜਿਆਦਾ ਸਮੱਸਿਆ ਆਉਣ ’ਤੇ ਨੇੜੇ ਦੇ ਸਿਹਤ ਕੇਂਦਰ ਵਿੱਚ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਈ ਫਲੂ ਦੀ ਦਵਾਈ ਕੇਵਲ ਅੱਖਾਂ ਦੇ ਮਾਹਿਰ ਡਾਕਟਰ ਤੋਂ ਹੀ ਲਈ ਜਾਵੇ ਅਤੇ ਮੈਡੀਕਲ ਸਟੋਰਾਂ ਤੋਂ ਆਪਣੇ ਆਪ ਲੈ ਕੇ ਕੋਈ ਵੀ ਦਾਰੂ ਅੱਖਾਂ ਵਿੱਚ ਬਿਲਕੁਲ ਨਾ ਪਾਇਆ ਜਾਵੇ।