- ਖਰੀਦ ਕੇਂਦਰਾਂ ਵਿੱਚ ਕਿਸਾਨਾਂ ਆੜਤੀਆਂ ਅਤੇ ਪੱਲੇਦਾਰਾਂ ਲਈ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ -ਜ਼ਿਲ੍ਹਾ ਮੰਡੀ ਅਫਸਰ
- ਕੰਬਾਇਨਾਂ ਸਵੇਰੇ 10:00 ਵਜੇ ਤੋਂ ਸ਼ਾਮ 7:00 ਵਜੇ ਤੱਕ ਕੱਟ ਸਕਣਗੀਆਂ ਝੋਨਾ
ਅੰਮ੍ਰਿਤਸਰ 30 ਸਤੰਬਰ 2024 : ਆ ਰਹੇ ਝੋਨੇ ਦੇ ਸੀਜ਼ਨ ਵਿੱਚ ਝੋਨੇ ਦੀ ਸਰਕਾਰੀ ਖਰੀਦ ਇੱਕ ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ ਅਤੇ ਸਰਕਾਰੀ ਖਰੀਦ ਲਈ ਜਰੂਰੀ ਹੈ ਕਿ ਕਿਸਾਨ 17 ਫੀਸਦੀ ਤੋਂ ਵੱਧ ਨਮੀ ਵਾਲਾ ਝੋਨਾ ਮੰਡੀ ਵਿੱਚ ਨਾ ਲੈ ਕੇ ਆਉਣ। ਡਿਪਟੀ ਕਮਿਸ਼ਨਰ ਸ੍ਰੀਮਤੀ ਸ਼ਾਕਸ਼ੀ ਸਾਹਨੀ ਨੇ ਇਹ ਪ੍ਰਗਟਾਵਾ ਕਰਦੇ ਦੱਸਿਆ ਕਿ ਸਾਡੇ ਵੱਲੋਂ ਝੋਨੇ ਦੀ ਖਰੀਦ ਲਈ ਸਾਰੀਆਂ ਏਜੰਸੀਆਂ ਦੇ ਪ੍ਰਬੰਧ ਕਰ ਲਏ ਗਏ ਹਨ ਅਤੇ ਕਿਸਾਨਾਂ ਦੀ ਫਸਲ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ ਪਰ ਮੰਡੀਆਂ ਵਿੱਚ ਝੋਨੇ ਦੇ ਅੰਬਾਰ ਨਾ ਲੱਗਣ ਇਸ ਲਈ ਜਰੂਰੀ ਹੈ ਕਿ ਕਿਸਾਨ ਸੁੱਕੀ ਫਸਲ ਮੰਡੀ ਵਿੱਚ ਲੈ ਕੇ ਆਵੇ। ਉਹਨਾਂ ਨੇ ਮੰਡੀ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਕਿ ਉਹ ਮੰਡੀਆਂ ਦੇ ਗੇਟ ਉੱਤੇ ਹੀ ਝੋਨੇ ਦੀ ਜਾਂਚ ਕਰਨ ਅਤੇ ਜੇਕਰ ਝੋਨਾ 17 ਫੀਸਦੀ ਤੋਂ ਵੱਧ ਨਮੀ ਵਾਲਾ ਆਉਂਦਾ ਹੈ ਤਾਂ ਉਸ ਨੂੰ ਮੰਡੀ ਵਿੱਚ ਦਾਖਲ ਨਾ ਹੋਣ ਦਿੱਤਾ ਜਾਵੇ। ਉਨਾਂ ਦੱਸਿਆ ਕਿ ਕੰਬਾਇਨ ਮਾਲਕਾਂ ਦੇ ਮਸ਼ਵਰੇ ਉੱਤੇ ਹੁਣ ਕੰਬਾਇਨਾਂ ਸਵੇਰੇ 10:00 ਵਜੇ ਤੋਂ ਸ਼ਾਮ 7:00 ਵਜੇ ਤੱਕ ਝੋਨੇ ਦੀ ਕਟਾਈ ਕਰ ਸਕਣਗੀਆਂ। ਡਿਪਟੀ ਕਮਿਸ਼ਨਰ ਨੇ ਅੱਜ ਸ਼ੈਲਰ ਮਾਲਕਾਂ ਨਾਲ ਵੀ ਵਿਸ਼ਥਾਰ ਨਾਲ ਮੀਟਿੰਗ ਕੀਤੀ ਅਤੇ ਉਨਾਂ ਦੇ ਮਸਲੇ ਰਾਜ ਸਰਕਾਰ ਕੋਲ ਉਠਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਜਿਲਾ ਮੰਡੀ ਅਫਸਰ ਸਰਦਾਰ ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਵਾਰ ਜਿਲੇ ਵਿੱਚ 50 ਖਰੀਦ ਕੇਂਦਰ ਬਣਾਏ ਗਏ ਹਨ ਜਿੱਥੇ ਸਰਕਾਰੀ ਖਰੀਦ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਝੋਨੇ ਦੇ ਸਰਕਾਰੀ ਰੇਟ 2320 ਰੁਪਏ ਪ੍ਰਤੀ ਕੁਇੰਟਲ ਏ ਸ਼੍ਰੇਣੀ ਦੇ ਝੋਨੇ ਲਈ ਤੈਅ ਕੀਤੇ ਗਏ ਹਨ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਗਿੱਲਾ ਝੋਨਾ ਮੰਡੀ ਵਿੱਚ ਨਾ ਲੈ ਕੇ ਆਉਣ। ਇਸ ਲਈ ਜਰੂਰੀ ਹੈ ਕਿ ਕੰਬਾਈਨਾਂ ਸਵੇਰੇ ਤੜਕੇ ਜਾਂ ਸ਼ਾਮ ਨੂੰ ਦੇਰ ਤੱਕ ਨਾ ਚਲਾਈਆਂ ਜਾਣ ਅਤੇ ਸੁੱਕਾ ਝੋਨਾ ਹੀ ਵੱਢਿਆ ਜਾਵੇ।