ਜੰਡਿਆਲਾ ਗੁਰੂ : ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਜੰਡਿਆਲਾ ਗੁਰੂ ਵਿਖੇ ਬਾਲ ਦਿਵਸ ਦੇ ਸਬੰਧ ਵਿੱਚ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਪੰਜਾਬ ਹਰਭਜਨ ਸਿੰਘ ਈ ਟੀ ਓ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਸਿੱਖਿਆ ਦੇ ਖੇਤਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਸ ਦੇ ਸ਼ਾਨਦਾਰ ਨਤੀਜੇ ਤੁਹਾਡੇ ਸਾਹਮਣੇ ਹੋਣਗੇ। ਉਨਾਂ੍ਹ ਕਿਹਾ ਕਿ ਅਜਿਹੇ ਸਮਾਗਮ ਬੱਚਿਆਂ ਦੇ ਮਾਨਸਿਕ ਵਿਕਾਸ ਲਈ ਬੇਹੱਦ ਜਰੂਰੀ ਹਨ ਅਤੇ ਸਿੱਖਿਆ ਵਿਭਾਗ ਵਧਾਈ ਦਾ ਪਾਤਰ ਹੈ ਜਿਸ ਨੇ ਇਹ ਉਪਰਾਲਾ ਕੀਤਾ। ਉਨਾਂ੍ਹ ਬੱਚਿਆਂ ਨੂੰ ਹੱਲਾਸ਼ੇਰੀ ਦਿੰਦੇ ਕਿਹਾ ਕਿ ਤੁਸੀਂ ਮਿਹਨਤ ਕਰੋ, ਅਸੀਂ ਤੁਹਾਡਾ ਹਰ ਤਰਾਂ੍ਹ ਨਾਲ ਸਾਥ ਦਿਆਂਗੇ। ਦੱਸਣਯੋਗ ਹੈ ਕਿ ਸਿੱਖਿਆ ਵਿਭਾਗ, ਪੰਜਾਬ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹੇ ਦੇ ਸਾਰੇ ਪ੍ਰਰਾਇਮਰੀ, ਹਾਈ, ਸੈਕੰਡਰੀ ਸਕੂਲਾਂ ਵਿਚ ਬਾਲ ਦਿਵਸ ਮੌਕੇ ਸਮਾਗਮ ਕਰਵਾਏ ਗਏ। ਇੰਨਾ ਵਿਚ ਬੱਚਿਆਂ ਦੀਆਂ ਵੱਖ-ਵੱਖ ਗਤੀਵਿਧੀਆਂ ਵੀ ਕਰਵਾਈਆਂ ਗਈਆਂ, ਜਿਸ ਵਿਚ ਬੱਚਿਆਂ ਨੇ ਉਤਸੁਕਤਾ ਨਾਲ ਭਾਗ ਲਿਆ ਗਿਆ। ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਅਜਿਹੇ ਉਪਰਾਲੇ ਬੱਚਿਆਂ ਦਾ ਸਰਵਪੱਖੀ ਵਿਕਾਸ ਕਰਦੇ ਹਨ ਅਤੇ ਸਮੇਂ-ਸਮੇਂ 'ਤੇ ਇਹੋ ਜਿਹੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਬੱਚਿਆਂ ਵਿਚ ਸਾਹਿਤਕ ਰੁਚੀ ਪ੍ਰਫੁੱਲਿਤ ਹੋ ਸਕੇ। ਇਸ ਮੌਕੇ ਸੁਹਿੰਦਰ ਕੌਰ, ਸੁਨੈਨਾ ਰੰਧਾਵਾ, ਅਪੀਲ ਸੂਰੀ, ਸਰਬਜੀਤ ਸਿੰਘ ਡਿੰਪੀ, ਡੀਐਸਪੀ ਕੁਲਦੀਪ ਸਿੰਘ, ਐੱਸਐੱਚਓ ਮੁਖਤਾਰ ਸਿੰਘ, ਨਾਰੇਸ ਪਾਠਕ ਆਦਿ ਹਾਜ਼ਰ ਸਨ।