- ਵਿਸ਼ਵ ਪੰਜਾਬੀ ਸਭਾ ਕਨੇਡਾ ਵੱਲੋਂ ਕੱਢੀ ਜਾ ਰਹੀ ਬੱਸ ਰੈਲੀ ਦਾ ਜੰਡਿਆਲਾ ਵਿਖੇ ਪਹੁੰਚਣ ਤੇ ਕੀਤਾ ਸਵਾਗਤ
ਅੰਮ੍ਰਿਤਸਰ, 27 ਸਤੰਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਦ੍ਰਿੜ ਸੰਕਲਪ ਹੈ ਅਤੇ ਪੰਜਾਬੀ ਭਾਸ਼ਾ ਦੇ ਪ੍ਰਸਾਰ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਭਾਸ਼ਾ ਨਾਲ ਜੋੜਿਆ ਜਾ ਸਕੇ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸ੍ਰ ਹਰਭਜਨ ਸਿੰਘ ਈ:ਟੀ:ਓ ਕੈਬਨਿਟ ਮੰਤਰੀ ਪੰਜਾਬ ਨੇ ਵਿਸ਼ਵ ਪੰਜਾਬੀ ਸਭਾ ਕਨੇਡਾ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਕੱਢੀ ਜਾ ਰਹੀ ਬੱਸ ਰੈਲੀ ਦਾ ਜੰਡਿਆਲਾ ਗੁਰੂ ਵਿਖੇ ਪੁੱਜਣ ਤੇ ਨਿੱਘਾ ਸਵਾਗਤ ਕਰਦੇ ਸਮੇਂ ਕੀਤਾ ਅਤੇ ਬੱਸ ਨੂੰ ਜੰਡਿਆਲਾ ਗੁਰੂ ਤੋਂ ਸ੍ਰੀ ਗੋਇੰਦਵਾਲ ਸਾਹਿਬ, ਸ੍ਰੀ ਖਡੂਰ ਸਾਹਿਬ ਤਰਨਤਾਰਨ ਵਿਖੇ ਝੰਡੀ ਦੇ ਕੇ ਰਵਾਨਾ ਕੀਤਾ। ਸ੍ਰ ਈ:ਟੀ:ਓ ਨੇ ਕਿਹਾ ਕਿ ਪੰਜਾਬ ਰਾਜ ਵਿੱਚ ਕੱਢੀ ਜਾ ਰਹੀ 5 ਰੋਜਾ ਭਾਸ਼ਾ ਜਾਗਰੂਕਤਾ ਰੈਲੀ ਆਪਣੇ ਆਪ ਵਿੱਚ ਇਕ ਇਤਿਹਾਸਕ ਕਾਰਜ ਹੈ। ਉਨ੍ਹਾਂ ਦੱਸਿਆ ਕਿ ਵਿਸ਼ਵ ਪੰਜਾਬੀ ਸਭਾ ਕਨੇਡਾ ਵੱਲੋਂ ਕੱਢੀ ਜਾ ਰਹੀ ਇਸ ਰੈਲੀ ਦਾ ਮਨੋਰਥ ਪੰਜਾਬ ਵਾਸੀਆਂ ਨੂੰ ਆਪਣੀ ਮਾਂ ਬੋਲੀ ਦਾ ਸਤਿਕਾਰ ਕਰਨ ਅਤੇ ਇਸ ਨੂੰ ਰੁਜਗਾਰ ਦੀ ਭਾਸਾ ਬਣਾ ਕੇ ਆਪਣੇ ਸੂਬੇ ਨੂੰ ਰੰਗਲਾ ਪੰਜਾਬ ਬਣਾਉਣਾ ਹੈ। ਸ੍ਰ ਈ:ਟੀ:ਓ ਨੇ ਦੱਸਿਆ ਕਿ ਪੰਜਾਬੀ ਭਾਸ਼ਾ ਦੇ ਪ੍ਰਸਾਰ ਲਈ ਸਾਰੇ ਪ੍ਰਾਈਵੇਟ, ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਵਿੱਚ ਪਹਿਲੀ ਤੋਂ ਦਸਵੀ ਜਮਾਤ ਤੱਕ ਪੰਜਾਬੀ ਵਿਸ਼ੇ ਦੀ ਪੜ੍ਹਾਈ ਲਾਜਮੀ ਹੈ ਅਤੇ ਪੰਜਾਬ ਰਾਜ ਦੇ ਅਦਾਰਿਆਂ ਵਿੱਚ ਪੰਜਾਬੀ ਭਾਸ਼ਾ ਵਿੱਚ ਦਫਤਰੀ ਕੰਮਕਾਜ ਵੀ ਪੰਜਾਬੀ ਵਿੱਚ ਕਰਨਾ ਲਾਜਮੀ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਮੁੱਖ ਮੰਤਰੀ ਪੰਜਾਬ ਵੱਲੋਂ ਪੰਜਾਬ ਵਿੱਚ ਪਹਿਲੀ ਵਾਰ ਪੰਜਾਬ ਦੇ ਸਰਕਾਰੀ, ਗੈਰ ਸਰਕਾਰੀ ਅਦਾਰਿਆਂ, ਪ੍ਰਾਈਵੇਟ ਦੁਕਾਨਾਂ ਤੇ ਹਰ ਤਰ੍ਹਾਂ ਦੇ ਵਪਾਰਕ ਕਾਰੋਬਾਰੀਆਂ ਅਦਾਰਿਆਂ ਦੇ ਬੋਰਡਾਂ ਦੇ ਨਾਮ ਪੰਜਾਬੀ ਭਾਸ਼ਾ ਵਿੱਚ ਲਿਖਣੇ ਲਾਜਮੀ ਕਰ ਦਿੱਤੇ ਗਏ ਹਨ, ਜਿਸ ਲਈ ਪੰਜਾਬ ਸਰਕਾਰ ਵੱਲੋਂ 31 ਮਾਰਚ 2023 ਨੂੰ ਵਪਾਰਕ ਅਦਾਰਿਆਂ ਨਾਲ ਸਬੰਧਤ ਐਕਟ ਵਿੱਚ ਬਕਾਇਦਾ ਸੋਧ ਕਰਕੇ ਸਜਾ ਵੀ ਨਿਰਧਾਰਤ ਕਰ ਦਿੱਤੀ ਗਈ ਹੈ। ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਈ:ਟੀ:ਓ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਵਿਸ਼ਵ ਪੰਜਾਬੀ ਸਭਾ ਕਨੇਡਾ ਜਿਸ ਦੇ ਚੇਅਰਮੈਨ ਦਲਬੀਰ ਸਿੰਘ ਕਥੂਰੀਆ ਹਨ ਜੋ ਜੰਡਿਆਲਾ ਗੁਰੂ ਦੇ ਜੰਮਪਲ ਹਨ ਅਤੇ ਜਿੰਨਾਂ ਨੇ ਪੰਜਾਬੀ ਮਾਂ ਬੋਲੀ ਨੂੰ ਉਤਸ਼ਾਹਤ ਕਰਨ ਲਈ ਦੇਸ਼ ਵਿਦੇਸ਼ ਵਿੱਚ ਜਾ ਕੇ ਲੋਕਾਂ ਨੂੰ ਉਤਸ਼ਾਹਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਸਮੁੱਚੀ ਟੀਮ ਪ੍ਰਧਾਨ ਦਲਬੀਰ ਕੋਰ ਰਾਏਕੋਟੀ ਵੱਲੋਂ ਵੀ ਪੰਜਾਬੀ ਭਾਸ਼ਾ ਦੇ ਪ੍ਰਸਾਰ ਲਈ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਭਾਸ਼ਾ ਵਿਭਾਗ ਪੰਜਾਬ ਰਾਹੀਂ ਪੰਜਾਬੀ ਭਾਸ਼ਾ ਪ੍ਰਤੀ ਨੌਜਵਾਨ ਪੀੜ੍ਹੀ ਵਿੱਚ ਸਾਹਿਤਕ ਰੁਚੀਆਂ ਨੂੰ ਉਤਪੰਨ ਕਰਨ ਲਈ ਰਾਜ ਪੱਧਰ ਅਤੇ ਜਿਲ੍ਹਾ ਪੱਧਰ ’ਤੇ ਬਾਲ ਗਿਆਨ ਅਤੇ ਪ੍ਰਸ਼ਨੋਤਰੀ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ। ਇਸ ਮੌਕੇ ਵਿਸ਼ਵ ਪੰਜਾਬੀ ਸਭਾ ਕਨੇਡਾ ਵੱਲੋਂ ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਈ:ਟੀ:ਓ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਗਹਿਰੀ ਮੰਡੀ ਸੂਬੇਦਾਰ ਛਨਾਖ ਸਿੰਘ, ਸਰਬਜੀਤ ਸਿੰਘ ਡਿੰਪੀ, ਸਤਿੰਦਰ ਸਿੰਘ, ਸੁਨੈਨਾ ਰੰਧਾਵਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਵੀ ਹਾਜਰ ਸਨ।